ਹਰਜਿੰਦਰ ਗੁਲਪੁਰ
ਤੀਰ ਇਕੱਲਾ ਲੱਗਦਾ ਨਹੀ ਨਿਸ਼ਾਨੇ ‘ਤੇ,
ਤੀਰਾਂ ਦੇ ਨਾਲ਼ ਤੁੱਕੇ ਚੱਲਦੇ ਰਹਿੰਦੇ ਨੇ।
ਦੁਰਗਤ ਭਾਵੇਂ ਹੁੰਦੀ ਆਈ ਨਸ਼ਿਆਂ ਦੀ,
ਭੰਗ ‘ਫੀਮ ਤੇ ਹੁੱਕੇ ਚੱਲਦੇ ਰਹਿੰਦੇ ਨੇ।
ਬੰਦੀ ਹੋ ਜਾਏ ਭਾਵੇਂ ਵੱਡੇ ਨੋਟਾਂ ਦੀ,
ਫਿਰ ਵੀ ਇੱਕੇ ਦੁੱਕੇ ਚੱਲਦੇ ਰਹਿੰਦੇ ਨੇ।
ਰੁੱਖ ਤਾਂ ਜੰਮ ਕੇ ਇੱਕੋ ਥਾਂ ‘ਤੇ ਖੜ੍ਹ ਜਾਂਦੇ,
ਹਵਾ ‘ਚ ਪੱਤੇ ਸੁੱਕੇ ਚੱਲਦੇ ਰਹਿੰਦੇ ਨੇ।
ਨਹੀਂ ਭਰੋਸਾ ਹੁੰਦਾ ਸਾਬਤ ਬੰਦੇ ਦਾ,
ਹਿੱਸਿਆਂ ਦੇ ਵਿੱਚ ਟੁੱਕੇ ਚੱਲਦੇ ਰਹਿੰਦੇ ਨੇ।
ਪਤਾ ਹੁੰਦਾ ਹੈ ਦੋਹਾਂ ਚੋਂ ਇੱਕ ਹਾਰੇਗਾ,
ਲੇਕਿਨ ਰਿੰਗ ਵਿੱਚ ਮੁੱਕੇ ਚੱਲਦੇ ਰਹਿੰਦੇ ਨੇ।
ਸਭ ਕੁੱਝ ਝੋਲੀ ਪਾ ਕੇ ਲੋਕੀਂ ਸੌਂ ਜਾਂਦੇ,
ਆਪਣੇ ਵਕਤ ਤੋਂ ਉੱਕੇ ਚੱਲਦੇ ਰਹਿੰਦੇ ਨੇ।
ਕੋਈ ਜ਼ੋਰ ਨਹੀਂ ਚੱਲਦਾ ਸੁਲਾਹ ਸਫਾਈਆਂ ਦਾ,
ਲੋਕਾਂ ਨੇ ਜੋ ਚੁੱਕੇ ਚੱਲਦੇ ਰਹਿੰਦੇ ਨੇ।
ਵਕਤ ਆਉਂਦਾ ਹੈ ਕਦੇ ਕਦੇ ਹਥਿਆਰਾਂ ਦਾ,
ਹਾਰਾਂ ਦੇ ਨਾਲ ਬੁੱਕੇ ਚੱਲਦੇ ਰਹਿੰਦੇ ਨੇ।
ਕੈਦ ਕਰ ਦਿਓ ਭਾਵੇ ਬਾਗੀ ਲੋਕਾਂ ਨੂੰ,
ਆਪਸ ਦੇ ਵਿੱਚ ਰੁੱਕੇ ਚੱਲਦੇ ਰਹਿੰਦੇ ਨੇ।