ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਆਪਣੇ ਪਰਿਵਾਰ ਜਾਂ ਨਿੱਜ ਲਈ ਹਰ ਕੋਈ ਹੱਥ ਪੈਰ ਮਾਰਦਾ ਹੈ ਪਰ ਉਹ ਲੋਕ ਇਤਿਹਾਸ ‘ਚ ਆਪਣਾ ਨਾਮ ਦਰਜ ਕਰਵਾ ਜਾਂਦੇ ਹਨ ਜੋ ਹੋਰਨਾਂ ਲਈ ਜਾਨ ਵਾਰਨ ਦਾ ਮਾਦਾ ਰੱਖਦੇ ਹੋਣ। ਗਲਾਸਗੋ ਦੇ ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਗੋ ਦੇ ਨੌਜਵਾਨ ਸੇਵਾਦਾਰਾਂ ਵੱਲੋਂ ਇਸੇ ਸੋਚ ‘ਤੇ ਪਹਿਰਾ ਦਿੱਤਾ ਜਾ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੀ ਰਸੋਈ ‘ਚ ਤਾਜ਼ਾ ਤੇ ਗਰਮ ਖਾਣਾ ਤਿਆਰ ਕਰਕੇ ਫਰੰਟਲਾਈਨ ਕਾਮਿਆਂ ਨੂੰ ਉਹਨਾਂ ਦੇ ਕੰਮ ਸਥਾਨਾਂ ‘ਤੇ ਭੋਜਨ ਪਹੁੰਚਾਇਆ ਜਾ ਰਿਹਾ ਹੈ। ਅੱਜ ਵੀ ਸੇਵਾਦਾਰ ਨੌਜਵਾਨਾਂ ਵੱਲੋਂ ਦੱਖਣੀ ਗਲਾਸਗੋ ਦੇ 7 ਕੇਅਰ ਹੋਮਜ਼ ਵਿੱਚ ਭੋਜਨ ਪਹੁੰਚਾਇਆ ਗਿਆ। ਸੇਵਾਦਾਰ ਜਿੱਥੇ ਵੀ ਭੋਜਨ ਲੈ ਕੇ ਜਾਂਦੇ ਹਨ, ਉੱਥੋਂ ਦੇ ਕਾਮਿਆਂ ਦੀਆਂ ਮਣਾਂਮੂੰਹੀਂ ਅਸੀਸਾਂ ਦੁਆਵਾਂ ਲੈ ਕੇ ਮੁੜਦੇ ਹਨ।