ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਬਰਤਾਨਵੀ ਪੰਜਾਬੀ ਭਾਈਚਾਰੇ ਤੇ ਸਾਹਿਤ ਜਗਤ ਲਈ ਇਹ ਖ਼ਬਰ ਬੇਹੱਦ ਦੁਖਦਾਈ ਹੈ ਕਿ ਕਾਵੈਂਟਰੀ ਵਸਦੇ ਸਾਹਿਤਕਾਰ ਸਤਿਪਾਲ ਡੁਲਕੂ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਹ 79 ਵਰ੍ਹਿਆਂ ਦੇ ਸਨ। ਨਵਾਂਸ਼ਹਿਰ ਜ਼ਿਲ੍ਹਾ ਦੇ ਪਿੰਡ ਨੌਰਾ ਦੇ ਜੰਮਪਲ ਸਤਿਪਾਲ ਡੁਲਕੂ ਪੰਜਾਬ ਵਿੱਚ ਵੀ ਅਧਿਆਪਕ ਸਨ ਤੇ ਬਰਤਾਨੀਆ ‘ਚ ਆਉਣ ਉਪਰੰਤ ਸਿੱਖਿਆ ਪ੍ਰਾਪਤ ਕਰਕੇ ਇੱਥੇ ਵੀ ਉਹਨਾਂ 1991 ਤੋਂ 2006 ਤੱਕ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ। ਲਿਖਣ ਕਾਰਜ ਨਾਲ ਧੁਰ ਅੰਦਰੋਂ ਜੁੜੇ ਇਸ ਸਾਹਿਤਕਾਰ ਦੀ ਮੌਤ ਦੀ ਖ਼ਬਰ ਨਾਲ ਦੇਸ਼ ਵਿਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, ਨਛੱਤਰ ਸਿੰਘ ਭੋਗਲ, ਕੌਂਸਲਰ ਮੋਤਾ ਸਿੰਘ ਕਾਵੈਂਟਰੀ, ਮਹਿੰਦਰਪਾਲ ਸਿੰਘ ਧਾਲੀਵਾਲ, ਨਾਵਲਕਾਰ ਹਰਜੀਤ ਅਟਵਾਲ, ਯਸ਼ਵੀਰ ਸਾਥੀ, ਬਿੱਟੂ ਖੰਗੂੜਾ, ਜਸਵੀਰ ਸਪਰਾ, ਗੁਰਨਾਮ ਗਰੇਵਾਲ, ਪ੍ਰਕਾਸ਼ ਸੋਹਲ, ਗੁਰਚਰਨ ਸੱਗੂ, ਹਰਦੇਸ਼ ਬਸਰਾ, ਅਮਨਦੀਪ ਧਾਲੀਵਾਲ, ਸੰਤੋਖ ਭੁੱਲਰ, ਗੁਰਸ਼ਰਨ ਅਜੀਬ, ਅਮਰ ਜਯੋਤੀ, ਕਿੱਟੀ ਬੱਲ, ਭਿੰਦਰ ਜਲਾਲਾਬਾਦੀ, ਗੁਰਮੇਲ ਕੌਰ ਸੰਘਾ ਆਦਿ ਵੱਲੋਂ ਉਹਨਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।