ਸਿੱਕੀ ਝੱਜੀ ਪਿੰਡ ਵਾਲਾ (ਇਟਲੀ)
ਰੰਗ ਮੰਚ ਦੀ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਤੇ ਆਪਣੀ ਵਿਲੱਖਣ ਅਦਾਕਾਰੀ ਨਾਲ ਜਾਣੀ ਜਾਂਦੀ ਅਦਾਕਾਰਾ ਅਨੀਤਾ ਸਬਦੀਸ਼ ਨੇ ਆਪਣੇ ਅੰਦਰੂਨੀ ਕਲਾਕਾਰ ਨੂੰ ਤਰਾਸ਼ ਕੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਕਲਾ ਨਾਲ ਹੁਣ ਤੱਕ ਦਰਸ਼ਕ ਕੀਲੇ ਹਨ। ਭਾਜੀ ਗੁਰਸ਼ਰਨ ਸਿੰਘ ( ਭਾਈ ਮੰਨਾ ਸਿੰਘ) ਜੀ ਤੋਂ ਰੰਗ ਮੰਚ ਦੀਆਂ ਬਾਰੀਕੀਆਂ ਸਿੱਖ ਕੇ ਉਨ੍ਹਾਂ ਦੇ ਨਾਲ ਬਹੁਤ ਦੇਰ ਤੱਕ ਸਟੇਜਾਂ ਤੇ ਨਾਟਕਾਂ ਆਪਣੀ ਕਲਾ ਦੇ ਜੌਹਰ ਵਿਖਾਏ। ਭਗਵੰਤ ਮਾਨ ਦੇ ਹਾਸਿਆਂ ਨਾਲ ਭਰਪੂਰ “ਜੁਗਨੂੰ ਹਾਜਿਰ ਹੈ” ਵਿੱਚ ਬਿਨੂੰ ਢਿਲੋਂ, ਕਰਮਜੀਤ ਅਨਮੋਲ ਅਤੇ ਦੇਵ ਖਰੌੜ ਨਾਲ ਹਿੰਦੀ ਵਾਲੀ ਭੈਣਜੀ ਦਾ ਰੌਲ ਅਦਾ ਕਰਨ ਵਾਲੀ ਅਨੀਤਾ ਸਵਦੀਸ਼ ਅੱਜ ਹਰ ਵਰਗ ਦੇ ਸਰੋਤਿਆਂ ਦੀ ਹਰਮਨ ਪਿਆਰੀ ਅਦਾਕਾਰਾ ਹੈ। ਮਲਕੀਤ ਰੌਣੀ, ਨੀਸ਼ਾ ਬਾਨੋ, ਅਤੇ ਸਰਦਾਰ ਸੋਹੀ ਜਿਹੇ ਮਸ਼ਹੂਰ ਅਨੇਕਾਂ ਪ੍ਰਸਿੱਧ ਕਲਾਕਾਰਾਂ ਨਾਲ ਪੰਜਾਬੀ ਫਿਲਮਾਂ ਅਤੇ ਪੰਜਾਬੀ ਗੀਤਾਂ ਦੀਆਂ ਵੀਡੀਓ ਵਿੱਚ ਅਨੀਤਾ ਸਵਦੀਸ਼ ਨੂੰ ਉਨਾਂ ਦੇ ਚਾਹੁੰਣ ਵਾਲਿਆਂ ਵਲੋਂ ਬਹੁਤ ਪਿਆਰ ਮਿਲਿਆ। ਕਨੇਡਾ ਅਤੇ ਯੂਕੇ ਦੀਆਂ ਅੰਤਰਾਸ਼ਟਰੀ ਸਟੇਜਾਂ ਤੇ ਆਪਣੇ ਨਾਟਕ “ਮਨ ਮਿੱਟੀ ਦਾ ਬੋਲਿਆ”, ਚੱਲ ਅਮ੍ਰਿਤਸਰ ਲੰਡਨ ਚੱਲੀਏ, “ਚਿੜੀ ਦੀ ਅੰਬਰ ਵੱਲ ਉਡਾਨ” ਜਿਹੇ ਸਵਦੀਸ਼ ਜੀ ਦੇ ਲਿਖੇ ਨਾਟਕਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਣ ਵਾਲੀ ਅਨੀਤਾ ਸਵਦੀਸ਼ ਸਾਹਮਣੇ ਬੈਠੇ ਸਰੋਤਿਆਂ ਦੀਆਂ ਅੱਖਾਂ ਆਪਣੀ ਕਲਾ ਰਾਂਹੀ ਨਮ ਕਰ ਦਿੰਦੀ ਹੈ। ਕਰੋਨਾ ਵਾਇਰਸ ਦੇ ਚਲਦਿਆਂ ਘਰਾਂ ਚ ਬੈਠੇ ਲੋਕਾਂ ਨੂੰ ਅਯੋਕੇ ਸਮੇਂ ਦੀ ਅਸਲੀਅਤ ਦੱਸਣ ਲਈ ਵੱਖਰੇ ਢੰਗ ਨਾਲ ਅਨੀਤਾ ਸਵਦੀਸ਼ ਦੀ ਹੀ ਡਾਇਰੈਕਟ ਕੀਤੀ ਲਘੂ ਫਿਲਮ ਜਿਸ ਨੂੰ ਸੁਚੇਤਕ ਸਟੂਡੀਓ ਵਲੋਂ ਪੇਸ਼ ਕੀਤਾ ਗਿਆ ਹੈ ਜੋ ਕਿ ਸਾਢੇ ਸੱਤ ਕੁ ਮਿੰਟ ਦੀ ਹੈ। ਇਸ ਵਿੱਚ ਸਵਦੀਸ਼ ਜੀ ਦੇ ਲਿਖੇ ਕੌੜੇ ਸੱਚ ਨੂੰ ਜਿਸ ਦਾ ਟਾਈਟਲ “ਵਾਈਟ ਬਲੱਡ” ਹੈ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਵਿੱਚ ਜਿਥੇ ਖੁਦ ਵੀ ਅਨੀਤਾ ਸਵਦੀਸ਼ ਨੇ ਇੱਕ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਉਥੇ ਹੀ ਕੁਮਾਰ ਪਵਨਦੀਪ ਯੂ ਅੈਸ ਏ, ਸੁਖਮਨ ਸਿੰਘ ਕਨੇਡਾ , ਗੁਰਪ੍ਰੀਤ ਕੌਰ ਭੰਗੂ ਚਮਕੌਰ ਸਾਹਿਬ, ਮੰਨਤ ਸਿੰਘ ਮੁੰਬਈ , ਜਸਵੀਰ ਢਿੱਲੋਂ , ਅਨੁਰਾਗ, ਅੰਕਿਤ ਜਿਹੇ ਮੁਹਾਲੀ ਦੇ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ ਹਨ। ਰਿਸ਼ਤਿਆਂ ਚ ਪੈ ਰਹੀਆਂ ਦਰਾਰਾਂ ਦਾ ਸੱਚ ਵਿਖਾਉਂਦੀ ਇਹ ਲਘੂ ਫਿਲਮ ਜੋ ਹਰ ਇੱਕ ਨੂੰ ਸੋਚਣ ਤੇ ਸਮਝਣ ਲਈ ਮਜਬੂਰ ਕਰਦੀ ਹੈ ਇਸ ਲਈ ਸਾਰੀ ਟੀਮ ਦੀ ਸ਼ਲਾਘਾ ਕਰਨੀ ਬਣਦੀ ਹੈ। ਰੰਗ ਮੰਚ ਅਤੇ ਪੰਜਾਬੀ ਫਿਲਮੀ ਦੁਨੀਆਂ ਦੀ ਰੂਹ ਕਹੀ ਜਾਣ ਵਾਲੀ ਅਨੀਤਾ ਸਵਦੀਸ਼ ਨੂੰ ਰੱਬ ਹਮੇਸ਼ਾ ਚੜਦੀ ਕਲਾ ਚ ਰੱਖੇ ।