ਜਿਸ ਨੇ ਜੱਗ ਦਿਖਾਇਆ , ਉਸ ਜਿੰਦਗੀ ਦਾ ਸ਼ੁਕਰਗੁਜ਼ਾਰ ਹਾਂ–ਬੂਟਾ ਸਿੰਘ
ਸ਼ਰੀਰਕ ਪੱਖੋਂ ਕਮਜ਼ੋਰ ਪਰ ਦਿਲ ਦਾ ਮਜਬੂਤ ਹੈ ਬੂਟਾ ਸਿੰਘ ਭਦੌਡ਼
ਬਰਨਾਲੇ ਜ਼ਿਲ੍ਹੇ ਦਾ ਰਿਆਸਤੀ ਅਤੇ ਪੁਰਾਣਾ ਸ਼ਹਿਰ ਹੈ ਭਦੌਡ਼, ਫੂਲਕਾ ਪਰਿਵਾਰ ਦੇ ਖਾਨਦਾਨ ਦਾ ਨਾਮ ਵੀ ਭਦੌਡ਼ ਨਾਲ ਹੀ ਜੁੜਦਾ ਹੈ। ਪੁਰਾਤਨ ਸਮਿਆਂ ਵਿੱਚ ਭਦੌਡ਼ ਚਾਟੀ (ਮਿੱਟੀ ਦਾ ਭਾਂਡਾ) ਬਣਾਉਣ ਵਿੱਚ ਮਸ਼ਹੂਰ ਸੀ,
ਜਿਸ ਵਾਰੇ ਇੱਕ ਲੋਕ ਬੋਲੀ ਵੀ ਮਸ਼ਹੂਰ ਹੈ
ਸਹਿਣੇ ਦੇ ਵਿੱਚ ਬਣਦੀ ਝਾਂਜਰ,
ਸ਼ਹਿਰ ਭਦੌਡ਼ ਚ ਚਾਟੀ,
ਹਿੰਮਤਪੁਰੇ ਵਿੱਚ ਬਣਦੀਆਂ ਕਹੀਆਂ,
ਮੁਕਸਰ ਬਣੇ ਗੰਡਾਸੀ ਨੀ ,
ਬਹਿਜਾ ਬੋਤੇ ਤੇ ਮੰਨ ਲੈ ਭੌਰ ਦੀ ਆਖੀ।


ਹੁਣ ਦਾ ਭਦੌਡ਼ ਬੱਸਾਂ , ਟਰੱਕਾਂ ਦੀਆਂ ਬਾਡੀਆਂ ਲਾਉਣ ਵਾਸਤੇ ਸਾਰੇ ਦੇਸ ਵਿੱਚ ਪਹਿਲੇ ਸਥਾਨ ਤੇ ਹੈ। ਇਸੇ ਹੀ ਸ਼ਹਿਰ ਵਿੱਚ ਸਰਦਾਰ ਸਰਬਣ ਸਿੰਘ ਦਾ ਪਰਿਵਾਰ ਵੀ ਵਸਦਾ ਹੈ ਜਿਨ੍ਹਾ ਦਾ ਕੰਮ ਹੈ ਫਰਨੀਚਰ ਦਾ, ਇਹਨਾਂ ਦੇ ਤਿੰਨ ਲੜਕੇ ਹਨ ਗੁਰਦੀਪ ਸਿੰਘ ਪੱਪਾ, ਅਮਰੀਕ ਸਿੰਘ ਅਤੇ ਬੂਟਾ ਸਿੰਘ, ਤਿੰਨਾਂ ਵਿੱਚੋ ਇੱਕ ਦੀ ਗੱਲ ਕਰਾਂਗੇ, ਉਹ ਸ਼ਖਸ ਹੈ ਮਾਤਾ ਕਰਤਾਰ ਕੌਰ ਦਾ ਲਾਡਲਾ ਬੂਟਾ ਸਿੰਘ ਚਾਰ ਫੁੱਟ ਦਾ ਇਹ ਮੁੰਡਾ ਸਰੀਰਕ ਪੱਖ ਤੋਂ 80% ਨਕਾਰਾ ਹੋਣ ਦੇ ਬਾਵਜੂਦ ਹਰ ਕਲਾ ਵਿੱਚ ਨਿਪੁੰਨ ਕਲਾਕਾਰ ਹੈ, 80% ਮੈਂ ਤਾਂ ਲਿਖਿਆ ਕਿ ਬੂਟੇ ਦਾ ਸਰੀਰ ਠੀਕ ਨਹੀਂ ਅੰਦਰੂਨੀ ਤੌਰ ਤੇ ਵੀ ਦਵਾਈਆਂ ਦੇ ਸਹਾਰੇ ਹੈ ਪਰ ਫੇਰ ਵੀ ਕਮਾਲ ਦੀ ਇੱਛਾ ਸ਼ਕਤੀ ਦਾ ਮਾਲਕ ਹੈ, ਜਨਮ ਤੋਂ ਹੀ ਮੌਤ ਨਾਲ ਦਸਤਪੰਜਾ ਲੈਂਦਾ ਰਿਹਾ ਬੂਟਾ ਹਰ ਵਾਰ ਮੌਤ ਨੂੰ ਹਰਾ ਦਿੰਦਾ ਹੈ ਅਤੇ ਇਹ ਨੂਰਾ ਕੁਸ਼ਤੀ ਅੱਜ ਵੀ ਜਾਰੀ ਹੈ। ਬਰਨਾਲਾ – ਬਾਜਾ ਰੋਡ ਤੇ ਫਰੈਂਡਜ਼ ਫ਼ਰਨੀਚਰ ਹਾਊਸ ਦਾ ਮਾਲਕ ਬੂਟਾ ਤਰਖਾਣੇ ਕੰਮ ਦੀ ਹਰ ਕਲਾ ਵਿੱਚ ਪ੍ਰਵੀਨ ਹੈ। ਆਪਣੀ ਸਰੀਰਕ ਦਿੱਖ ਨੂੰ ਨਕਾਰਦਾ ਇਹ ਜਵਾਨ ਜਦੋਂ ਮਸ਼ੀਨ ਤੇ ਲੱਕਡ਼ ਦੀਆਂ ਵਾਚੀਆਂ ਪਵਾਉਂਦਾ ਹੈ ਤਾਂ ਦੇਖਣ ਵਾਲਾ ਇਸ ਅਦਾਕਾਰ ਦੀ ਅਦਾਕਾਰੀ ਤੇ ਦੰਗ ਹੋਏ ਬਿਨਾਂ ਨਹੀਂ ਰਹਿ ਸਕਦਾ। ਬੂਟਾ ਸਿੰਘ ਇੱਕ ਰੋਲ ਮਾਡਲ ਹੈ ਉਹਨਾਂ ਲਈ ਜੋ ਹੱਟੇ ਕੱਟੇ ਹੁੰਦੇ ਹੋਏ ਗਲਤ ਆਦਤਾਂ ਦਾ ਸ਼ਿਕਾਰ ਹੋ ਜਿੰਦਗੀਆਂ ਗਾਲ ਰਹੇ ਹਨ, ਬੂਟਾ ਸਿੰਘ ਰਾਹ ਦਸੇਰਾ ਹੈ ਉਹਨਾ ਲਈ ਜੋ ਤੰਦਰੁਸਤ ਹੁੰਦੇ ਹੋਏ ਵੀ ਕੰਮ ਨੂੰ ਹੱਥ ਲਾ ਕੇ ਨਹੀਂ ਰਾਜੀ। ਆਪਣੇ ਸਰੀਰ ਵਾਰੇ ਸਵਾਲ ਪੁੱਛਣ ਤੇ ਬੂਟਾ ਕੋਈ ਗਿਲ੍ਹਾ ਨਹੀਂ ਕਰਦਾ ਸਗੋਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਇਆ ਆਖਦਾ ਹੈ ਕਿ ਜੇ ਸੱਚਾ ਸਤਿਗੁਰ ਆਹ ਕਮਜ਼ੋਰਾ ਜਿਹਾ ਸਰੀਰ ਵੀ ਨਾ ਦਿੰਦਾ ਤਾਂ ਆਹ ਦੁਨਿਆਵੀ ਰੰਗ ਤਮਾਸ਼ੇ ਕਿੱਥੋਂ ਦੇਖਣੇ ਸਨ। ਗੁਰਦੀਪ ਕੈੜੇ, ਸੁੱਖੀ ਨੈਣੇਵਾਲੀਏ, ਬਿੰਦਰ ਹਾਂਗਕਾਂਗ, ਫੌਜੀ ਮਨਜੀਤ ਸਿੱਧੂ ਜੈਮਲਵਾਲੀਆ, ਤੂਰਦੀਪ ਲਾਲੀ , ਅਮ੍ਰਿਤਪਾਲ ਜੋਧਪੁਰੀ,ਸ਼ਿਆਮ ਸਿੱਧੂ, ਹਰਮਨਦੀਪ ਕਾਲੇਕਾ, ਸਰਬਜੀਤ ਕੰਬੋ, ਬਾਬਾ ਬੰਧਨਤੋੜ ਸਿੰਘ, ਲਿਆਕਤ ਅਲੀ ਵਰਗੇ ਯਾਰਾਂ ਤੇ ਜਿੰਦ ਵਾਰਦਾ ਬੂਟਾ ਇਹਨਾਂ ਦੀ ਗੱਲ ਕਰਨ ਤੇ ਗੁਲਾਬ ਦੇ ਫੁੱਲ ਵਾਂਗ ਖਿੜ ਜਾਂਦਾ ਹੈ। ਨਸ਼ੇ ਵਾਰੇ ਗੱਲ ਕਰਦਿਆਂ ਬੂਟਾ ਤਾੜੀ ਮਾਰ ਕੇ ਹੱਸਦਾ ਹੋਇਆ ਰੋਟੀ ਤੇ ਚਾਹ ਦੇ ਨਸ਼ੇ ਤੋਂ ਬਿਨਾਂ ਹਰ ਦੁਨਿਆਵੀ ਨਸ਼ੇ ਤੋਂ ਕੰਨਾਂ ਨੂੰ ਹੱਥ ਲਾ ਕੇ ਨਕਾਰਦਾ ਹੋਇਆ ਹੋਰਾਂ ਨੂੰ ਵੀ ਮੱਤਾਂ ਦਿੰਦਾ ਕੋਈ ਫ਼ਰਿਸ਼ਤਾ ਪ੍ਰਤੀਤ ਹੁੰਦਾ ਹੈ। ਕਾਮਨਾ ਕਰਦਾ ਹਾਂ ਕਿ ਸਾਡਾ ਯਾਰ ਬੂਟਾ ਕਦੇ ਵੀ ਕੁਮਲਾਵੇ ਨਾ!!!!!!!
ਮਿੰਟੂ ਖੁਰਮੀ ਹਿੰਮਤਪੁਰਾ
9888515785