
ਪਹਿਲਾਂ ਮਨ ਦੀ ਵਲਗਣ ਮਿਥੋ, ਦੁਨਿਆਵੀ ਖਲਜਗਣ ਦੇ ਜੰਗਲ ਵਿੱਚ ਆਬਸ਼ਾਰਾ ਬਹੁਤ ਨੇ, ਜੜੀਆਂ ਬੂਟੀਆਂ ਅਣਗਿਣਤ ਨੇ, ਫੁੱਲ, ਫਲ, ਪੱਤੀਆਂ ਦਿਲਖਿਚਵੀਆਂ ਨੇ, ਅਨੰਤ ਕਾਲ ਤੋਂ ਦੁਮੇਲ ਦੀ ਮ੍ਰਿਗਤਰਿਸ਼ਨਾ, ਅਕਾਸ਼ ਦੀ ਅਨੰਤਤਾ ਸਾਨੂੰ ਭਟਕਾਈ ਫਿਰਦੀ ਆ, ਕਬਜ਼ੇ ਦੀ ਹਿਰਸ, ਗਲੇ ਕੱਟਣ ਦੀ ਪਹੀ, ਹਰ ਬੁੱਕਲ ਵਿੱਚ ਬਿਗਾਨੀ ਵੱਟ ਵੱਢਣ ਲਈ ਲੁਕੀ ਹੋਈ ਕਹੀ, ਇਹ ਕੈਸੀ ਦੁਨੀਆ ਸਿਰਜੀ ਹੈ ਸਾਡੀ ਖੁਦਗਰਜੀ ਨੇ, ਦੌਲਤ, ਜਾਇਦਾਦ ਸਦੀਵੀ ਨਹੀਂ, ਹਰ ਹੋਣੀ ਸਮਾਂਬੱਧ ਹੈ, ਕਾਲ ਚੱਕਰ ਦੇ ਹੱਥ ਵਿੱਚ ਕਠਪੁਤਲੀ ਨਾ ਬਣ, ਪੁਤਲੇ ਦੀਆਂ ਡੋਰਾਂ ਖੁਦ ਆਪਣੀਆਂ ਉਂਗਲਾਂ ਨਾਲ ਹਿਲਾਉ, ਹੱਦ ਮਿੱਥ ਲਵੋ, ਮੰਜਿਲ ਦੀ ਨਿਸ਼ਾਨਦੇਹੀ ਕਰ ਲਵੋ, ਹਮਰਾਹੀਆਂ ਦਾ ਖਿਆਲ ਕਰੋ, ਸਨੇਹੀਆਂ ਦੇ ਸਾਹਾਂ ਵਿੱਚ ਸਾਹ ਲਵੋ, ਪਿਆਰ ਕਰੋ, ਪਿਆਰ ਵੰਡੋ, ਬੰਦੇ ਨਹੀਂ, ਚੀਜਾਂ ਵਰਤੋ, ਚਾਹੁਣ ਵਾਲਿਆ ਨੂੰ ਪੌੜੀਆਂ ਨਾ ਬਣਾਉ, ਕੋਠੇ ਤੇ ਚੜਣਾ ਜਰੂਰੀ ਨਹੀਂ, ਜਿੰਨਾ ਮਰਜੀ ਉੱਚਾ ਉੱਡੋ, ਪੈਰ ਜਮੀਨ ਤੇ ਰੱਖੋ, ਬਹੁਤਾ ਤੇਜ ਨਾ ਭੱਜੋ, ਸਾਹ ਉੱਖੜਣ ਤੋਂ ਪਹਿਲਾ ਸਾਹ ਲੈ ਲਵੋ, ਹਰ ਸਮੇਂ ਮਨ ਨੂੰ ਅੱਚਵੀ ਨਾ ਲਾਕੇ ਰੱਖੋ, ਘੜੀ ਪਲ ਅਰਾਮ ਨਾਲ ਬਹਿ ਜਾਇਆ ਕਰੋ, ਐਵੇ ਜੰਗਲਾਂ, ਬਗੀਚਿਆ ਦੀ ਖਾਕ ਨਾ ਛਾਣਦੇ ਫਿਰੋ, ਘਰ ਵਿੱਚ ਲੱਗੇ ਫੁੱਲਾਂ ਦੀ ਮਹਿਕ ਨੂੰ ਮਾਣੋ, ਖੁਸ਼ੀ ਬਹੁਤੇ ਵੱਡੇ ਦਰੱਖਤਾਂ ਦੀ ਭਾਲ ਵਿੱਚ ਨਹੀ ਬਲਕਿ ਘਰ ਦੇ ਵਿਹੜੇ ਵਿੱਚ ਲੱਗੇ ਨਿਮਾਣੇ ਜਿਹੇ ਰੁੱਖ ਦੀ ਠੰਡੜੀ ਮਿੱਠੜੀ ਛਾਂ ਹੇਠ ਬੈਠੇ ਸਕੂਨ ਵਿੱਚ ਹੈ।
ਬਿੱਟੂ ਖੰਗੂੜਾ +447877792555