ਮਨਦੀਪ ਕੌਰ ਭੰਮਰਾ
ਇਹ ਗੁਰੂਆਂ, ਪੀਰਾਂ ਤੇ ਫ਼ਕੀਰਾਂ ਦਾ ਦੇਸ਼ ਹੈ,
ਇਹ ਸ਼ਹੀਦਾਂ,ਯੋਧੇ ਤੇ ਫ਼ਨਕਾਰਾਂ ਦਾ ਦੇਸ਼ ਹੈ।
ਮਹਾਨ ਸੱਭਿਅਤਾ ਤੇ ਕਲਾਕਾਰਾਂ ਦਾ ਦੇਸ਼ ਹੈ,
ਪਰ ਇਹ ਨੀਰਸ ਸਰਕਾਰਾਂ ਦਾ ਵੀ ਦੇਸ਼ ਹੈ।
ਇਹ ਦੇਵਤਿਆਂ ਗਲ਼ੀਂ ਪਏ ਹਾਰਾਂ ਦਾ ਦੇਸ਼ ਹੈ,
ਰਾਮ ਤੇ ਕ੍ਰਿਸ਼ਨ ਵਰਗੇ ਅਵਤਾਰਾਂ ਦਾ ਦੇਸ਼ ਹੈ।
ਇਹ ਬ੍ਰਹਮਾ,ਵਿਸ਼ਨੂੰ ਮਹੇਸ਼ ਹਜ਼ਾਰਾਂ ਦਾ ਦੇਸ਼ ਹੈ,
ਗਣੇਸ਼, ਹਨੂੰਮਾਨ ਕਰਦੇ ਪੈਰੋਕਾਰਾਂ ਦਾ ਦੇਸ਼ ਹੈ।
ਸ਼ੇਖ ਫਰੀਦ,ਨਾਨਕ ਦੇ ਸਤਿਕਾਰਾਂ ਦਾ ਦੇਸ਼ ਹੈ,
ਗੁਰੂਆਂ ਦੇ ਕੀਤੇ ਮਹਾਨ ਉਪਕਾਰਾਂ ਦਾ ਦੇਸ਼ ਹੈ।
ਸ਼ਹੀਦਾਂ, ਸਿੰਘਾਂ ਤੇ ਯੋਧੇ ਬਲਕਾਰਾਂ ਦਾ ਦੇਸ਼ ਹੈ,
ਮਨੁੱਖਤਾ ਲਈ ਕੀਤੇ ਗਏ ਕਰਾਰਾਂ ਦਾ ਦੇਸ਼ ਹੈ।
ਗੁਰੂ ਗੋਬਿੰਦ ਦੇ ਚੋਜਾਂ ਤੇ ਬਲਿਹਾਰਾਂ ਦਾ ਦੇਸ਼ ਹੈ,
ਗੁਰੂ ਮਹਿਲ, ਮਾਤਾਵਾਂ ਦੇ ਸੰਸਕਾਰਾਂ ਦਾ ਦੇਸ਼ ਹੈ।
ਦਸ਼ਮੇਸ਼ ਪਿਤਾ ਹੁਰਾਂ ਦੇ ਉਪਹਾਰਾਂ ਦਾ ਦੇਸ਼ ਹੈ,
ਕਲਗੀ ਵਾਲ਼ੇ ਦੇ ਵਾਰੇ ਲਾਲਾਂ ਚਾਰਾਂ ਦਾ ਦੇਸ਼ ਹੈ।
ਭਗਤ ਸਿੰਘ ਜਿਹੇ ਸੂਰਮੇ ਤੇ ਯਾਰਾਂ ਦਾ ਦੇਸ਼ ਹੈ,
ਆਜ਼ਾਦੀ ਖਾਤਰ ਮਿਟੇ ਪਰਿਵਾਰਾਂ ਦਾ ਦੇਸ਼ ਹੈ।
ਕਲਮ ਖਾਤਿਰ ਜੁੱਟੇ ਸਾਹਿੱਤਕਾਰਾਂ ਦਾ ਦੇਸ਼ ਹੈ,
ਉੱਚੀ ਸੋਚ, ਅਖਬਾਰਾਂ, ਪੱਤਰਕਾਰਾਂ ਦਾ ਦੇਸ਼ ਹੈ।
ਅਰਜ਼ ਕਰਾਂ ਕਿ ਲੋਕ-ਅਧਿਕਾਰਾਂ ਦਾ ਦੇਸ਼ ਹੈ,
ਬਹੁਤੇ ਪੜ੍ਹੇ ਨ੍ਹੀਂ ਇਹ ਕੁੱਝ ਗਵਾਰਾਂ ਦਾ ਦੇਸ਼ ਹੈ।
ਗਰੀਬ ਪਰਿਵਾਰਾਂ ਨੂੰ ਇਹ ਮਾਰਾਂ ਦਾ ਦੇਸ਼ ਹੈ,
ਲੋੜੀਂਦਾ ਅਰਥਚਾਰੇ ਵਿੱਚ ਸੁਧਾਰਾਂ ਦਾ ਦੇਸ਼ ਹੈ।

‘ਅਰਜ਼’ ਕਰਾਂਗੀ :
ਇਹ ਵਿਕ ਚੁੱਕੀਆਂ ਕੁੱਝ ਜ਼ਮੀਰਾਂ ਦਾ ਦੇਸ਼ ਹੈ,
ਇਹ ਲੁਟੀਆਂ ਹੋਈਆਂ ਤਕਦੀਰਾਂ ਦਾ ਦੇਸ਼ ਹੈ।
ਹੈ ਸਾਡੀਆਂ ਆਸਾਂ ਦੀ ਲਹੂ-ਲੁਹਾਨ ਧਰਤੀ,
ਇਹ ਬਣੀਆਂ ਹੋਈਆਂ ਤਦਬੀਰਾਂ ਦਾ ਦੇਸ਼ ਹੈ।
-ਮਨਦੀਪ ਕੌਰ ਭੰਮਰਾ