ਕੋਈ ਨਹੀਂ ਕਿਸੇ ਦਾ
ਏਥੇ ਮਿੱਤਰੋ
ਸਭ ਮਤਲਬ ਦੇ ਯਾਰ ਨੇ
ਝੂਠੀ ਐ ਹਮਦਰਦੀ ਸਭ
ਦੀ
ਵਿਰਲੇ ਸੱਚੇ ਪਿਆਰ ਨੇ!
ਲੋੜ ਪੈਣ ਤੇ ਪਿਆਰ ਜਤਾ ਕੇ
ਪੈਰੀਂ ਆ ਕੇ ਪੈ ਜਾਂਦੇ
ਗਿਰਗਟ ਵਾਙੂੰ ਰੰਗ ਬਦਲ ਕੇ
ਗਧੇ ਨੂੰ ਬਾਪੂ ਕਹਿ ਜਾਂਦੇ
ਮਤਲਬ ਪੂਰਾ ਹੋ ਜਾਵੇ ਫਿਰ ਮੁੜ ਨਾਂ ਲੈਂਦੇ ਸਾਰ ਨੇ
ਬਿਨ ਮਤਲਬ ਤੋਂ ਕੋਈ ਕਿਸੇ ਨੂੰ
ਕਹਿ ਕੇ ਜੀ ਬੁਲਾਉਂਦਾ ਨਹੀਂ
ਗੌਂ ਬਿਨਾਂ ਵੱਢੀ ਉਂਗਲ ਤੇ
ਮੱਲ੍ਹਮ ਕੋਈ ਲਾਉਂਦਾ ਨਹੀਂ
ਯਾਰ ਬੇਲੀ ਸਭ ਮਤਲਬ ਦੇ
ਮਤਲਬ ਦੇ ਰਿਸ਼ਤੇਦਾਰ ਨੇ ।
ਨਾਂ ਕੋਈ ਨੂੰਹ ਨਾਂ ਪੁੱਤ ਕਿਸੇ ਦਾ
ਨਾਂ ਹੀ ਧੀ ਜਵਾਈ ਏ
ਬਿੰਨ ਮਤਲਬ ਤੋਂ ਔਕੜ ਵੇਲੇ
ਪੁੱਛਦੇ ਭੈਣ ਨਾਂ ਭਾਈ ਏ
ਦੁੱਖ ਵੇਲੇ ਸਭ ਅਪਣੇ ਹੀ
ਕਰ ਛੱਡਦੇ ਦਰਕਿਨਾਰ ਨੇ ।
ਪੈਸੇ ਵਾਲੇ ਨੂੰ ਕਰਨ ਸਲਾਮਾਂ
ਮਾੜੇ ਦੇ ਗਲ੍ਹ ਪੈ ਜਾਂਦੇ
ਰੋਹਬ ਝਾੜ ਕੇ ਮਾੜੇ ਤੇ
ਐਵੇਂ ਅਣਹੋਈ ਗੱਲ ਕਹਿ ਜਾਂਦੇ
ਪੈਸੇ ਦੇ ਸਭ ਰਿਸ਼ਤੇ ਫੌਜੀਆ
ਪੈਸੇ ਦੇ ਸਭ ਯਾਰ ਨੇ
ਝੂਠੀ ਐ ਹਮਦਰਦੀ ਸਭ ਦੀ
ਵਿਰਲੇ ਸੱਚੇ ਪਿਆਰ ਨੇ।

ਅਮਰਜੀਤ ਸਿੰਘ ਫੌਜੀ
ਪਿੰਡ ਦੀਨਾ ਸਾਹਿਬ
ਜਿਲ੍ਹਾ ਮੋਗਾ ਪੰਜਾਬ