ਬਠਿੰਡਾ-ਅਸ਼ੋਕ ਵਰਮਾ-ਬਠਿੰਡਾ ਪੁਲਿਸ ਨੇ 29-30 ਨਵੰਬਰ ਨੂੰ ਮਿਲੀ ਔਰਤ ਦੀ ਲਾਸ਼ ਦੇ ਮਾਮਲੇ 24 ਘੰਟਿਆਂ ਦੇ ਅੰਦਰ ਅੰਦਰ ਹੱਲ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਸਦਰ ਪੁਲਿਸ ਅਨੁਸਾਰ ਇਸ ਔਰਤ ਦਾ ਕਤਲ ਨਜਾਇਜ ਸਬੰਧਾਂ ਕਾਰਨ ਹੋਇਆ ਹੈ। ਬਠਿੰਡਾ ਪਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਮਲੋਟ ਸੜਕ ਤੇ ਬਹਿਮਣ ਦਿਵਾਨਾ ਦੀ ਹੱਦ ਵਿੱਚ ਖੇਤਾਂ ’ਚ ਤਕਰੀਬਨ 35 ਸਾਲ ਉਮਰ ਦੀ ਇੱਕ ਔਰਤ ਦੀ ਲਾਸ਼ ਪਈ ਹੈ। ਪੁਲਿਸ ਨੇ ਔਰਤ ਦੀ ਪਹਿਚਾਣ ਰਮਨਦੀਪ ਕੌਰ ਉਰਫ ਸਰਬਜੀਤ ਕੌਰ ਪਤਨੀ ਜਗਮੇਲ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਕੋਟਭਾਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਕੀਤੀ ਸੀ। ਥਾਣਾ ਸਦਰ ਪੁਲਿਸ ਨੇ ਇਸ ਸਬੰਧ ’ਚ ਮ੍ਰਿਤਕਾ ਦੇ ਪਤੀ ਜਗਮੇਲ ਸਿੰਘ ਵਾਸੀ ਕੋਟਭਾਈ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਦਰਜ ਕਰਨ ਉਪਰੰਤ ਜਾਂਚ ਲਈ ਟੀਮਾਂ ਬਣਾਈਆਂ ਸਨ।
ਮ੍ਰਿਤਕਾ ਰਮਨਦੀਪ ਕੌਰ ਬਠਿੰਡਾ ਦੀ ਭੱਟੀ ਰੋਡ ਤੇ ਇੱਕ ਪ੍ਰਾਈਵੇਟ ਹਸਪਤਾਲ ’ਚ ਸਾਫ ਸਫਾਈ ਦਾ ਕੰਮ ਕਰਦੀ ਅਤੇ ਰੋਜਾਨਾਂ ਆਪਣੇ ਘਰ ਤੋਂ ਆਉਂਦੀ ਅਤੇ ਵਾਪਿਸ ਜਾਂਦੀ ਸੀ। ਬਿਆਨ ਅਨੁਸਾਰ 29 ਨਵੰਬਰ ਨੂੰ ਉਹ ਘਰ ਵਾਪਿਸ ਨਹੀਂ ਆਈ ਤਾਂ ਭਾਲ ਕਰਨ ਤੇ ਉਸ ਦੀ ਲਾਸ਼ ਪਿੰਡ ਬਹਿਮਣ ਦਿਵਾਨਾਂ ਤੋਂ ਥੋਹੜਾ ਅੱਗੇ ਮਿਲੀ ਸੀ। ਬਿਆਨ ’ਚ ਸ਼ੱਕ ਪ੍ਰਗਟ ਕੀਤਾ ਸੀ ਕਿ ਉਸ ਦਾ ਅਣਪਛਾਤੇ ਵਿਅਕਤੀ ਨੇ ਕਤਲ ਕਰ ਦਿੱਤਾ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ ਐਸ ਪੀ ਦਿਹਾਤੀ ਹਿਨਾ ਗੁਪਤਾ ਦੀ ਅਗਵਾਈ ਹੇਠ ਥਾਣਾ ਸਦਰ ਅਤੇ ਸੀਆਈਏ ਸਟਾਫ-2 ਨੇ ਸੀਸੀਟੀਵੀ ਕੈਮਰਿਆਂ ,ਅਧੁਨਿਕ ਤਕਨੀਕਾਂ ਅਤੇ ਖੁਫੀਆ ਸੂਤਰਾਂ ਦੇ ਅਧਾਰ ਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਪਾਲ ਸਿੰਘ ਵਾਸੀ ਗਿੱਲ ਕਲਾਂ ਜਿਲ੍ਹਾ ਬਠਿੰਡਾ ਨੂੰ ਕਤਲ ਕਰਨ ਦੇ ਦੋਸ਼ਾਂ ਤਹਿਤ 1 ਦਸਬੰਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਨੇ ਇਹ ਵਾਰਦਾਤ ਕਰਨ ਲਈ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦਾ ਅਗਲੀ ਪੁੱਛਗਿਛ ਲਈ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਮਨਪ੍ਰੀਤ ਚੰਡੀਗੜ੍ਹ ਵਿਖੇ ਸਵਿੱਗੀ ਕੰਪਨੀ ਵਿੱਚ ਫੂਡ ਡਲਿਵਰੀ ਦਾ ਕੰਮ ਕਰਦਾ ਹੈ। ਥਾਣਾ ਸਦਰ ਦੇ ਇਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਅਸਲ ਵਿੱਚ ਮਨਪ੍ਰੀਤ ਸਿੰਘ ਅਤੇ ਮ੍ਰਿਤਕਾ ਰਮਨਦੀਪ ਕੌਰ ਦੇ ਆਪਸ ’ਚ ਪ੍ਰੇਮ ਸਬੰਧ ਸਨ ਜੋ ਕਤਲ ਦਾ ਕਾਰਨ ਬਣੇ ਹਨ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਨੂੰ ਸ਼ੱਕ ਸੀ ਕਿ ਰਮਨਦੀਪ ਕਿਸੇ ਹੋਰ ਨਾਲ ਸਬੰਧ ਬਨਾਉਣ ਦੇ ਚੱਕਰ ’ਚ ਹੈ ਜਿਸ ਤੋਂ ਗੁੱਸੇ ’ਚ ਆ ਕੇ ਉਸ ਨੇ ਇਸ ਕਤਲ ਨੂੰ ਅੰਜਾਮ ਦੇ ਦਿੱਤਾ। ਉਨ੍ਹਾਂ ਕਿਹਾ ਕਿ ਇਸ ਪਿੱਛੇ ਕੋਈ ਸਾਜਿਸ਼ ਨਹੀਂ ਬਲਕਿ ਅਚਾਨਕ ਕੀਤੀ ਹੱਤਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਦਾ ਰਿਮਾਂਡ ਹਾਸਲ ਕਰ ਲਿਆ ਹੈ ਜਿਸ ਦੌਰਾਨ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਏਗੀ।