ਤਲਵੰਡੀ ਸਾਬੋ (ਰੇਸ਼ਮ ਸਿੰਘ ਦਾਦੂ )ਅਕਾਲ ਯੂਨੀਵਰਸਿਟੀ ਵਿਚ ‘ਸ਼ੁੱਧ ਅਤੇ ਅਪਲਾਈਡ ਗਣਿਤ ਦਾ ਵਿਕਾਸ’ ਵਿਸ਼ੇ ਉੱਤੇ ਤੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ (ICEPAM-2024) ਦਾ ਉਦਘਾਟਨ ਹੋਇਆ। ਇਹ ਕਾਨਫਰੰਸ ਅਕਾਲ ਯੂਨੀਵਰਸਿਟੀ ਦੇ ਗਣਿਤ ਵਿਭਾਗ ਵੱਲੋਂ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਕਾਨਫਰੰਸ ਦਾ ਉਦੇਸ਼ ਵਿਗਿਆਨੀਆਂ, ਖੋਜੀਆਂ ਅਤੇ ਸਿੱਖਿਆ ਖੇਤਰ ਦੀਆਂ ਵੱਡੀਆਂ ਹਸਤੀਆਂ ਨੂੰ ਗਣਿਤ ਦੀਆਂ ਵੱਖ-ਵੱਖ ਸ਼ਾਖਾਵਾਂ ਨਾਲ ਸਬੰਧਤ ਸਭ ਤੋਂ ਨਵੀਆਂ ਕਾਢਾਂ, ਰੁਝਾਨਾਂ ਅਤੇ ਐਪਲੀਕੇਸ਼ਨਾਂ ਨੂੰ ਪੇਸ਼ ਕਰਨ ਅਤੇ ਚਰਚਾ ਕਰਨ ਲਈ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ। ਇਸ ਕਾਨਫਰੰਸ ਵਿੱਚ ਲਗਭਗ 400 ਡੈਲੀਗੇਟ ਆਪਣੇ ਪੇਪਰ ਪੇਸ਼ ਕਰਨਗੇ ਅਤੇ ਦੁਨੀਆ ਦੇ 20 ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ ਉੱਘੇ ਪ੍ਰੋਫੈਸਰਾਂ ਦੁਆਰਾ 35 ਮਾਹਰ ਭਾਸ਼ਣ ਦਿੱਤੇ ਜਾਣੇ ਹਨ। ਪਹਿਲੇ ਦਿਨ ਦੇ ਸ਼ੁਰੂਆਤੀ ਸੈਸ਼ਨ ਵਿਚ ਵਾਈਸ ਚਾਂਸਲਰ ਪ੍ਰੋਫ਼ੈਸਰ ਗੁਰਮੇਲ ਸਿੰਘ ਨੇ ਉਦਘਾਟਨੀ ਭਾਸ਼ਣ ਦਿੱਤਾ। ਕਾਨਫਰੰਸ ਨੂੰ ਨੈਸ਼ਨਲ ਬੋਰਡ ਆਫ਼ ਹਾਇਰ ਸਟੱਡੀਜ਼ ਦੁਆਰਾ ਫੰਡ ਕੀਤਾ ਜਾ ਗਿਆ ਹੈ ਅਤੇ ਬਾਈਨਰੀ ਸਿਮੈਨਟਿਕਸ, ਮੈਪਲ ਸਾਫਟ ਅਤੇ ਇਨਫੋਸਟੂਡੀ ਦੁਆਰਾ ਸਪਾਂਸਰ ਕੀਤਾ ਜਾ ਰਿਹਾ ਹੈ। ਪਹਿਲੇ ਦਿਨ ਉਦਘਾਟਨੀ ਸੈਸ਼ਨ ਵਿਚ ਪ੍ਰੋ. ਮਧੂਰਾਕਾ, ਐਮਰੀਟਸ ਸਾਇੰਟਿਸਟ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਮੁੱਖ ਭਾਸ਼ਣ ਪੇਸ਼ ਕੀਤਾ। ਪ੍ਰੋਫੈਸਰ ਐੱਮ.ਏ.ਸੋਫੀ, ਸਾਬਕਾ ਵਾਈਸ ਚਾਂਸਲਰ, ਕਸ਼ਮੀਰ ਯੂਨੀਵਰਸਿਟੀ, ਸ਼੍ਰੀਨਗਰ ਤੋਂ ਵਿਸ਼ੇਸ਼ ਮਹਿਮਾਨ ਰਹੇ। ਸਭ ਤੋਂ ਪਹਿਲਾਂ ਅਕਾਲ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਤੋਂ ਡਾ. ਸੁਖਪ੍ਰੀਤ ਕੌਰ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਡੈਲੀਗੇਟਾਂ ਦਾ ਸਵਾਗਤ ਕੀਤਾ। ਕਾਨਫਰੰਸ ਦੇ ਕਨਵੀਨਰ ਗਣਿਤ ਵਿਭਾਗ ਦੇ ਮੁਖੀ ਡਾ. ਸੰਦੀਪ ਸਿੰਘ ਨੇ ਕਾਨਫਰੰਸ ਦੀ ਸੰਖੇਪ ਜਾਣ-ਪਛਾਣ ਕਰਵਾਈ। ਪਹਿਲੇ ਦਿਨ ਦੀ ਸਮਾਪਤੀ ਵੇਲੇ ਅੰਤਲੇ ਸੈਸ਼ਨ ਦੌਰਾਨ ਧੰਨਵਾਦ ਦੀ ਰਸਮ ਡੀਨ ਅਕਾਦਮਿਕ ਮਾਮਲੇ ਮੇਜਰ ਜਨਰਲ ਡਾ. ਜੀ.ਐਸ. ਲਾਂਬਾ ਨੇ ਅਦਾ ਕੀਤੀ। ਇਸ ਮੌਕੇ ਆਈਕਿਊਏਸੀ ਸੈੱਲ ਦੇ ਡਾਇਰੈਕਟਰ ਪ੍ਰੋ. ਸੁਖਜੀਤ ਸਿੰਘ, ਰਜਿਸਟਰਾਰ ਡਾ. ਸਵਰਨ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।