ਮੋਗਾ-ਅਸ਼ੋਕ ਵਰਮਾ- ਸਬ ਡਵੀਜਨ ਬਾਘਾ ਪੁਰਾਣਾ ਵਿੱਚ ਟਰੈਫਿਕ ਸਮੱਸਿਆ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਨਾਉਣ ਦੇ ਮੱਦੇਨਜ਼ਰ ਅੱਜ ਪੁਲਿਸ ਅਧਿਕਾਰੀਆਂ ਨੇ ਆਧੁਨਿਕ ਸਹੂਲਤਾਂ ਨਾਲ ਲੈਸ ਗੱਡੀਆਂ ਨੂੰ ਹਰੀ ਝੰਡੀ ਦਿਖਾਈ ਤਾਂ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਦੀਆਂ ਨਸੀਹਤਾਂ ਦੇਣ ਵਾਲੀ ਪੁਲਿਸ ਦੀ ਸਕੂਟਰ ਚਲਾਉਣ ਵਾਲੀ ਮਹਿਲਾ ਮੁਲਾਜਮ ਨੇ ਖੁਦ ਹੀ ਹੈਲਮਟ ਨਹੀਂ ਪਾਇਆ ਹੋਇਆ ਸੀ। ਆਮ ਤੌਰ ਤੇ ਦੇਖਣ ’ਚ ਆਉਂਦਾ ਹੈ ਕਿ ਜਦੋਂ ਕਿਸੇ ਦੇ ਹੈਲਮਿਟ ਨਾਂ ਪਾਇਆ ਹੋਵੇ ਤਾਂ ਪੁਲਿਸ ਚਲਾਨ ਕਰ ਦਿੰਦੀ ਹੈ ਜਾਂ ਫਿਰ ਸਕੂਟ ਸਵਾਰਾਂ ਨੂੰ ਅਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਨਸੀਹਤਾਂ ਦਿੱਤੀਆਂ ਜਾਂਦੀਆਂ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਜਦੋਂ ਪੁਲਿਸ ਅਧਿਕਾਰੀ ਇਹ ਮੋਟਰ ਸਾਈਕਲ ਰਵਾਨਾ ਕਰ ਰਹੇ ਸਨ ਤਾਂ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਅੰਮਿਤਪਾਲ ਸਿੰਘ ਸੁਖਾਨੰਦ ਵੀ ਮੌਜੂਦ ਸਨ।
ਹਾਲਾਂਕਿ ਇਸ ਸਬੰਧ ’ਚ ਜਦੋਂ ਪੁਲਿਸ ਅਧਿਕਾਰੀ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਭਵਿੱਖ ’ਚ ਹੈਲਮਟ ਪਹਿਨਣਾ ਯਕੀਨੀ ਬਣਾਇਆ ਜਾਏਗਾ ਪਰ ਪਹਿਲੇ ਦਿਨ ਅਜਿਹਾ ਹੋਣ ਪੁਲਿਸ ਪ੍ਰਬੰਧਾਂ ਤੇ ਸਵਾਲ ਖੜ੍ਹੇ ਕਰਦਾ ਹੈ।ਇਸ ਸਬੰਧੀ ਵਿੱਚ ਮੋਗਾ ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ’ਚ ਦੱਸਿਆ ਗਿਆ ਹੈ ਕਿ ਸਬ ਡਵੀਜਨ ਬਾਘਾ ਪੁਰਾਣਾ ਦੇ ਇਲਾਕੇ ਵਿੱਚ ਟਰੈਫਿਕ ਅਤੇ ਜਨਤਕ ਸੁਰੱਖਿਆ ਇਲਾਕਾ ਨਿਵਾਸੀਆਂ ਲਈ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ। ਪ੍ਰੈ ਬਿਆਨ ’ਚ ਦਾਅਵਾ ਕੀਤਾ ਗਿਆ ਹੈ ਕਿ ਹਾਲ ਹੀ ਵਿੱਚ ਨਵੇਂ ਐਸਐਸਪੀ ਵਜੋਂ ਅਜੈ ਗਾਂਧੀ ਦੀ ਨਿਯੁਕਤੀ ਤੋਂ ਬਾਅਦ ਟਰੈਫਿਕ ਪ੍ਰਬੰਧਨ ਅਤੇ ਕਾਨੂੰਨ ਲਾਗੂ ਕਰਨ ਵਿੱਚ ਸ਼ਾਨਦਾਰ ਸੁਧਾਰ ਹੋਏ ਹਨ। ਪੁਲਿਸ ਅਨੁਸਾਰ ਅੱਜ ਹਲਕਾ ਵਿਧਾਇਕ ਬਾਘਾ ਪੁਰਾਣਾ ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਡੀਐਸਪੀ ਬਾਘਾਪੁਰਾਣਾ ਦਲਬੀਰ ਸਿੰਘ ਦੀ ਹਾਜ਼ਰੀ ਵਿੱਚ ਬਾਘਾਪੁਰਾਣਾ ਸ਼ਹਿਰ ਵਿਖੇ 4 ਪੀ.ਸੀ.ਆਰ ਮੋਟਰਸਾਇਕਲ, ਵਾਸਪਸ ਟੀਮ ਦੀ 1 ਵਿਕਟਰ ਐਕਟਿਵਾ ਅਤੇ 2 ਈਆਰਵੀ ਗੱਡੀਆਂ ਨੂੰ ਹਰੀ ਝੰਡੀ ਦਿੱਤੀ ਗਈ ਹੈ ।
ਹੁਣ ਇਹ ਵਹੀਕਲ ਸਬ ਡਵੀਜਨ ਬਾਘਾ ਪੁਰਾਣਾ ਵਿੱਚ 24 ਘੰਟੇ ਗਸ਼ਤ ਲਈ ਹਾਜ਼ਰ ਰਹਿਣਗੇ। ਇੰਨ੍ਹਾਂ ਵਹੀਕਲਾਂ ਦਾ ਮੁੱਖ ਮਕਸਦ ਜਨਤਾ ਨੂੰ ਸ਼ਾਂਤ ਅਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਅਤੇ ਟਰੈਫਿਕ ਸਮੱਸਿਆ ਤੋਂ ਨਿਜ਼ਾਤ ਦਿਵਾਉਣਾ ਹੈ। ਵਿਕਟਰ ਐਕਟਿਵਾ ’ਤੇ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਾਇਆ ਗਿਆ ਹੈ । ਮਹਿਲਾ ਪੁਲਿਸ ਕਰਮਚਾਰੀਆਂ ਕੋਲ ਐਮਰਜੈਂਸੀ ਲਈ ਸਪੈਸ਼ਲ ਸਪਰੇਅ ਵੀ ਮੁਹੱਈਆ ਕਰਵਾਈ ਗਈ ਹੈ। ਮੋਗਾ ਪੁਲਿਸ ਦੇ ਕੰਟਰੋਲ ਰੂਮ ਵੱਲੋਂ 24 ਘੰਟੇ ਲਗਾਤਾਰ ਇੰਨ੍ਹਾਂ ਗੱਡੀਆਂ ਦੀ ਨਿਗਰਾਨੀ ਕਰਨ ਕੀਤੀ ਜਾਏਗੀ। ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਡੀਐਸਪੀ ਬਾਘਾ ਪੁਰਾਣਾ ਦਲਬੀਰ ਸਿੰਘ ਦਾ ਕਹਿਣਾ ਸੀ ਕਿ ਤਹਾਡੀ ਸ਼ਕਾਇਤ ਨੋਟ ਕਰ ਲਈ ਹੈ ਅਤੇ ਐਕਟਿਵਾ ਸਵਾਰ ਮਹਿਲਾ ਮੁਲਾਜਮਾਂ ਨੂੰ ਹੈਲਮਟ ਪੁਆ ਦਿੱਤਾ ਜਾਏਗਾ।