ਬਠਿੰਡਾ (ਬਹਾਦਰ ਸਿੰਘ ਸੋਨੀ /ਪੰਜ ਦਰਿਆ ਯੂਕੇ)ਪੇਂਡੂ ਸਾਹਿਤ ਸਭਾ (ਰਜਿ.) ਬਾਲਿਆਂਵਾਲੀ ਵੱਲੋਂ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਅਤੇ ਬ੍ਰਿਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਅਤੇ ਕੰਪਿਊਟਰ ਸੈਂਟਰ ਬਾਲਿਆਂਵਾਲੀ ਵਿਖੇ ਕੈਨੇਡਾ ਸਰਕਾਰ ਪਾਸੋਂ ਸਰਵ-ਸ੍ਰੇਸ਼ਟ ਪੁਰਸਕਾਰ ਵਿਜੇਤਾ ਸਰਦਾਰ ਸੁਰਜੀਤ ਸਿੰਘ ਮਾਧੋਪੁਰੀ ਕੈਨੇਡਾ ਅਤੇ ਸਰਦਾਰ ਗੁਰਚਰਨ ਸਿੰਘ ਟੱਲੇਵਾਲੀਆ ਕੈਨੇਡਾ ਦੇ ਸਹਿਯੋਗ ਨਾਲ ਇਲਾਕੇ ਦੇ 16 ਪਿੰਡਾਂ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਪੰਜਵੀਂ ਅੱਠਵੀਂ ਦਸਵੀਂ ਅਤੇ ਬਾਰ੍ਹਵੀਂ ਦੇ 93 ਵਿਦਿਆਰਥੀਆਂ ਜਿਨ੍ਹਾਂ ਨੇ ਸਾਲ 2023-2024 ਦੇ ਸੈਸ਼ਨ ਦੌਰਾਨ ਪੰਜਾਬੀ ਵਿਸ਼ੇ ਵਿੱਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਉਨ੍ਹਾਂ ਨੂੰ ਨਕਦ ਇਨਾਮ ਅਤੇ ਸਨਮਾਨ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਵਿਸ਼ੇ ਦੇ 27 ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ । ਪ੍ਰੋਗਰਾਮ ਦੀ ਪ੍ਰਧਾਨਗੀ ਸਰਦਾਰ ਸੁਖਮੰਦਰ ਸਿੰਘ ਚੱਠਾ ਚੇਅਰਮੈਨ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਸਟੇਟ ਅਵਾਰਡੀ ਅਮਰਜੀਤ ਸਿੰਘ ਪੇਂਟਰ ਬਠਿੰਡਾ ਪ੍ਰੋਫੈਸਰ ਜਸਵਿੰਦਰ ਸ਼ਰਮਾ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਦੇ ਚੇਅਰਮੈਨ ਅਮਰਜੀਤ ਸਿੰਘ ਜੀਤ ਸਭਾ ਦੇ ਪ੍ਰਧਾਨ ਸੁਖਦਰਸ਼ਨ ਗਰਗ ਅਤੇ ਮੁੱਖ ਸਲਾਹਕਾਰ ਜੀਤ ਸਿੰਘ ਚਹਿਲ ਵੱਲੋਂ ਕੀਤੀ ਗਈ ।
ਸੁਖਮੰਦਰ ਸਿੰਘ ਚੱਠਾ ਨੇ ਕਿਹਾ ਕਿ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਮਾਂ ਬੋਲੀ ਪੰਜਾਬੀ ਦੀਆਂ ਜੜ੍ਹਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਸਭਾ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਆਉਣ ਵਾਲੇ ਸੈਸ਼ਨ ਵਿੱਚ ਨਕਦ ਇਨਾਮ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਦਿੱਤੇ ਜਾਇਆ ਕਰਨਗੇ। ਪ੍ਰੋ: ਜਸਵਿੰਦਰ ਸ਼ਰਮਾ ਨੇ ਕਿਹਾ ਬੱਚਿਆਂ ਅਤੇ ਅਧਿਆਪਕਾਂ ਨੂੰ ਹਮੇਸ਼ਾ ਸਿਖਿਆਰਥੀ ਬਣ ਕੇ ਰਹਿਣਾ ਚਾਹੀਦਾ ਹੈ ਅਮਰਜੀਤ ਸਿੰਘ ਜੀਤ ਨੇ ਇਸ ਵੱਡੇ ਉਪਰਾਲੇ ਲਈ ਸਭਾ ਨੂੰ ਵਧਾਈ ਦਿੱਤੀ । ਸਟੇਟ ਅਵਾਰਡੀ ਅਮਰਜੀਤ ਸਿੰਘ ਪੇਂਟਰ ਬਠਿੰਡਾ ਨੇ ਗੁਰਮੁਖੀ ਲਿਪੀ ਨੂੰ ਉਤਸਾਹਿਤ ਕਰਨ ਲਈ ਪ੍ਰੇਰਿਤ ਕੀਤਾ । ਇਸ ਸਮਾਗਮ ਵਿੱਚ ਵਿਅੰਗਕਾਰ ਅਤੇ ਨਾਟਕਕਾਰ ਰਮੇਸ਼ ਕੁਮਾਰ ਗਰਗ, ਪ੍ਰਚਾਰ ਸਕੱਤਰ ਗੁਰਤੇਜ ਸਿੰਘ, ਮਾਸਟਰ ਦਰਸ਼ਨ ਸਿੰਘ, ਗੁਰਮੇਲ ਸਿੰਘ ਮੇਲਾ, ਗੁਰਮੀਤ ਕੁਮਾਰ, ਹਰਜਿੰਦਰ ਕੌਰ, ਗੁਰਪ੍ਰੀਤ ਕੌਰ, ਗੁਰਮੀਤ ਸਿੰਘ ਅਤੇ ਪੰਚਾਇਤ ਮੈਂਬਰ ਹਰਿੰਦਰ ਸਿੰਘ ਪਿੰਕਾ, ਹਰਜੀਤ ਸਿੰਘ, ਬੇਅੰਤ ਸਿੰਘ, ਰਣਜੀਤ ਸਿੰਘ ਨਿੱਕਾ, ਜਗਤਾਰ ਸਿੰਘ ਤਾਰੀ ਹਾਜ਼ਰ ਸਨ ।ਇਸ ਮੌਕੇ ਅਮਰਜੀਤ ਕੌਰ ਮੈਮੋਰੀਅਲ ਚੈਰੀਟੇਬਲ ਟਰੱਸਟ ਬਠਿੰਡਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।ਸਟੇਜ਼ ਦਾ ਸੰਚਾਲਨ ਮਾਸਟਰ ਜਗਨ ਨਾਥ ਨੇ ਕੀਤਾ ਅਤੇ ਪੰਜਾਬੀ ਭਾਸ਼ਾ ਦੀਆਂ ਤਕਨੀਕੀ ਬਰੀਕੀਆਂ ਬਾਰੇ ਵੀ ਬੱਚਿਆਂ ਨੂੰ ਦੱਸਿਆ। ਸਭਾ ਦੇ ਪ੍ਰਧਾਨ ਸੁਖਦਰਸ਼ਨ ਗਰਗ ਵੱਲੋਂ ਆਏ ਹੋਏ ਮਹਿਮਾਨਾਂ, ਬੱਚਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਸਭਾ ਦੀਆਂ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ।