ਬਠਿੰਡਾ-ਅਸ਼ੋਕ ਵਰਮਾ-ਬੀਤੀ ਦੇਰ ਸ਼ਾਮ ਬਠਿੰਡਾ ਜਿਲ੍ਹੇ ਦੇ ਪਿੰਡ ਰਾਏਕੇ ਕਲਾਂ ’ਚ ਕਿਸਾਨਾਂ ਵੱਲੋਂ ਬੰਦੀ ਬਣਾਏ ਅਫਸਰਾਂ ਨੂੰ ਛੁਡਾਉਣ ਵਕਤ ਪੁਲਿਸ ਅਤੇ ਕਿਸਾਨਾਂ ਵਿਚਕਾਰ ਹੋਈਆਂ ਝੜਪਾਂ ਨੂੰ ਲੈਕੇ ਥਾਣਾ ਨੰਦਗੜ੍ਹ ਪੁਲਿਸ ਨੇ 4 ਮੋਹਰੀ ਕਿਸਾਨ ਆਗੂਆਂ ਅਤੇ 30-40 ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਨੰਦਗੜ੍ਹ ਪੁਲਿਸ ਨੇ ਇਸ ਮਾਮਲੇ ’ਚ ਪਨਗਰੇਨ ਦੇ ਖਰੀਦ ਇੰਸਪੈਕਟਰ ਰਾਜਬੀਰ ਸਿੰਘ ਦੀ ਸ਼ਕਾਇਤ ਦੇ ਅਧਾਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਆਗੂ ਜਗਸੀਰ ਸਿੰਘ ਝੁੰਬਾ, ਰਾਮ ਸਿੰਘ ਤੇ ਗੋਰਾ ਸਿੰਘ ਵਾਸੀਅਨ ਕੋਟਗੁਰੂ ਅਤੇ ਅਜੇਪਾਲ ਸਿੰਘ ਵਾਸੀ ਘੁੱਦਾ ਨੂੰ ਬੀਐਨਐਸ ਦੀ ਧਾਰਾ 220,132,127(2),191 (3) ,190 ਤਹਿਤ ਨਾਮਜਦ ਕੀਤਾ ਹੈ। ਸ਼ਿਕਾਇਤ ’ਚ ਦੱਸਿਆ ਹੈ ਕਿ ਉਹ 11 ਨਵੰਬਰ ਨੂੰ ਪਿੰਡ ਰਾਏਕੇ ਕਲਾਂ ਵਿਖੇ ਲਿਫਟਿੰਗ ਅਤੇ ਬਾਰਦਾਨੇ ਦਾ ਆੜ੍ਹਤੀਆਂ ਨਾਲ ਮਿਲਾਨ ਕਰ ਰਿਹਾ ਸੀ ਤਾਂ ਇਸ ਦੌਰਾਨ ਕਿਸਾਨ ਯੂਨੀਅਨ ਦੇ ਆਗੂਆਂ ਨੇ ਉਸ ਨੂੰ ਬੰਦੀ ਬਣਾ ਲਿਆ।
ਸ਼ਿਕਾਇਤ ’ਚ ਇਹ ਵੀ ਦੱਸਿਆ ਕਿ ਇਹ ਲੋਕ ਉਸ ਤੇ ਸਾਰੇ ਝੋਨੇ ਦੀ ਖਰੀਦ ਕਰਨ ਦਾ ਦਬਾਅ ਬਣਾ ਰਹੇ ਸਨ। ਕਿਸਾਨਾਂ ਨੇ ਇਸ ਮੌਕੇ ਉਸ ਤੋਂ ਇਲਾਵਾ ਪਨਸਪ ਦੇ ਇੰਸਪੈਕਟਰ ਨਵਦੀਪ ਸਿੰਘ ਅਤੇ ਨਾਇਬ ਤਹਿਸੀਲਦਾਰ ਬਠਿੰਡਾ ਵਿਪਨ ਸ਼ਰਮਾ ਨੂੰ ਵੀ ਬੰਦੀ ਬਣਾ ਲਿਆ। ਪੁਲਿਸ ਅਨੁਸਾਰ ਇਸ ਮਾਮਲੇ ’ਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਪਿੰਡ ਰਾਏਕੇ ਕਲਾਂ ਦੀ ਅਨਾਜ ਮੰਡੀ ’ਚ ਬੀਤੀ ਦੇਰ ਸ਼ਾਮ ਕਿਸਾਨਾਂ ਨੇ ਝੋਨੇ ਦੀ ਢੁੱਕਵੀਂ ਖਰੀਦ ਨਾਂ ਹੋਣ ਨੂੰ ਲੈਕੇ ਕਿਸਾਨ ਆਗੂਆਂ ਦੀ ਅਗਵਾਈ ਹੇਠ ਖਰੀਦ ਇੰਸਪੈਕਟਰਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ, ਜਗਦੇਵ ਜੋਗੇਵਾਲਾ, ਰਾਮ ਸਿੰਘ ਕੋਟਗੁਰੂ ਦੀ ਅਗਵਾਈ ਹੇਠ ਕਿਸਾਨਾਂ ਨੇ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਘਿਰਾਓ ਕਰ ਲਿਆ ਅਤੇ ਜਬਰਦਸਤ ਨਾਅਰੇਬਾਜੀ ਸ਼ੁਰੂ ਕਰ ਦਿੱਤੀ।
ਕਿਸਾਨਾਂ ਨੇ ਖਰੀਦ ਇੰਸਪੈਕਟਰਾਂ ਅਤੇ ਮੌਕੇ ਤੇ ਸਥਿਤੀ ਸ਼ਾਂਤ ਕਰਨ ਪੁੱਜੇ ਤਹਿਸੀਲਦਾਰ ਨੂੰ ਬੰਦੀ ਬਣਾ ਲਿਆ। ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਜਦੋਂ ਸਥਿਤੀ ਕਾਬੂ ਹੇਠ ਨਾਂ ਆਈ ਤਾਂ ਪੁਲਿਸ ਨੇ ਬਲ ਪ੍ਰਯੋਗ ਸ਼ੁਰੂ ਕਰ ਦਿੱਤਾ। ਕਿਸਾਨਾਂ ਦੇ ਤਿੱਖੇ ਵਿਰੋਧ ਕਾਰਨ ਅਫਸਰਾਂ ਨੂੰ ਕਿਸਾਨਾਂ ਦੇ ਕਬਜੇ ਚੋਂ ਰਿਹਾ ਕਰਵਾਉਣ ਵੇਲੇ ਸਥਿਤੀ ਐਨੀ ਹੰਗਾਮਾ ਭਰਪੂਰ ਬਣ ਗਈ ਸੀ ਕਿ ਪੁਲਿਸ ਨੂੰ ਲਾਠੀਚਾਰਜ ਤੱਕ ਕਰਨਾ ਪਿਆ । ਪੁਲਿਸ ਦÇੀ ਇਸ ਕਾਰਵਾਈ ਦੌਰਾਨ ਕਈ ਕਿਸਾਨ ਆਗੂਆਂ ਦੇ ਸੱਟਾਂ ਵੀ ਲੱਗੀਆਂ ਹਨ। ਅੱਜ ਵੀ ਕਿਸਾਨਾਂ ਨੇ ਦੱਸਿਆ ਕਿ ਇੱਕ ਆੜ੍ਹਤੀਏ, ਜੋ ਸ਼ੈਲਰ ਮਾਲਕ ਵੀ ਹੈ, ਵੱਲੋਂ ਕਿਸਾਨਾਂ ਦੇ ਸੁੱਕੇ ਝੋਨੇ ਨੂੰ ਖਰੀਦਣ ਦੀ ਥਾਂ ਗਿੱਲਾ ਕਹਿ ਕਿ ਘੱਟ ਭਾਅ ਤੇ ਖਰੀਦ ਕਰਕੇ ਲੁੱਟ ਕੀਤੀ ਜਾ ਰਹੀ ਸੀ, ਜਿਸ ਕਾਰਨ ਜਥੇਬੰਦੀ ਨੂੰ ਇੰਸਪੈਕਟਰ ਦਾ ਘਿਰਾਓ ਕਰਨਾ ਪਿਆ ।
ਕਿਸਾਨ ਵਿਰੋਧੀ ਚਿਹਰਾ : ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੁਲਿਸ ਕਾਰਵਾਈ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਨਾਜ ਮੰਡੀਆਂ ’ਚ ਕਿਸਾਨਾਂ ਦੀ ਹੁੰਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਤੇ ਜੇਕਰ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਜੱਥੇਬੰਦੀ ਦਖਲ ਦੇਵੇਗੀ।
ਮਸਲੇ ਦਾ ਹੱਲ ਕਰੇ ਸਰਕਾਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਸਬੀਰ ਸਿੰਘ ਬੁਰਜ ਸੇਮਾ ਨੇ ਪੁਲਿਸ ਕੇਸ ਦਰਜ ਕਰਨ ਨੂੰ ਕਿਸਾਨੀ ਤਾਕਤ ਅੱਗੇ ਬਣੀ ਸਰਕਾਰ ਦੀ ਘਬਰਾਹਟ ਕਰਾਰ ਦਿੰਦਿਆਂ ਨਸੀਹਤ ਦਿੱਤੀ ਹੈ ਕਿ ਹਕੂਮਤ ਟਕਰਾਅ ਦੀ ਥਾਂ ਕਿਸਾਨਾਂ ਦੇ ਮਸਲੇ ਦਾ ਹੱਲ ਕੱਢੇ। ਉਨ੍ਹਾਂ ਕਿਹਾ ਕਿ ਸਰਕਾਰੀ ਨੀਤੀਆਂ ਅਤੇ ਵਿਵਹਾਰ ਕਿਸਾਨ ਵਿਰੋਧੀ ਹੋ ਗਿਆ ਹੈ ।
ਪੁਲਿਸ ਮੁਲਾਜਮ ਵੀ ਜਖਮੀ ਹੋਏ
ਪੁਲਿਸ ਪ੍ਰਸ਼ਾਸ਼ਨ ਮੁਤਾਬਕ ਅਫਸਰਾਂ ਨੂੰ ਛੁਡਾਉਣ ਵੇਲੇ ਕਿਸਾਨਾਂ ਨੇ ਪੁਲਿਸ ਪਾਰਟੀ ਦੇ ਹਮਲਾ ਕੀਤਾ ਹੈ। ਇਸ ਹਮਲੇ ਦੌਰਾਨ ਸਹਾਇਕ ਥਾਣੇਦਾਰ ਪਰਮਜੀਤ ਕੁਮਾਰ ਦੇ ਤੇਜ ਧਾਰ ਹਥਿਆਰ ਨਾਲ ਸੱਟਾਂ ਮਾਰੀਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਸਥਿਤੀ ਤੇ ਕਾਬੂ ਪਾੳਉਣ ਲਈ ਹਲਕੇ ਜਿਹੇ ਬਲ ਦਾ ਵਰਤੋਂ ਕੀਤੀ ਹੈ ਜਦੋਂਕਿ ਪੁਲਿਸ ਮੁਲਾਜਮਾਂ ਅਤੇ ਪੁਲਿਸ ਦੀਆਂ ਗੱਡੀਆਂ ਤੇ ਕੁਹਾੜੀ ਵਰਗੇ ਤੇਜ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਪੁਲਿਸ ਦੀ ਇੱਕ ਗੱਡੀ ਵੀ ਨੁਕਸਾਨੀ ਗਈ ਹੈ।