ਲੰਡਨ-ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਅਮਰੀਕੀ ਫੈਡਰਲ ਨੇ ਲਗਾਤਾਰ ਦੂਜੀ ਵਾਰ ਦਰਾਂ ’ਚ ਕਟੌਤੀ ਕੀਤੀ ਹੈ। ਇਸ ਦੇ ਤਹਿਤ ਨਵੰਬਰ ਦੀ ਪਾਲਿਸੀ ’ਚ ਦਰਾਂ ’ਚ 25 ਬੇਸਿਸ ਪੁਆਇੰਟਸ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਤੰਬਰ ਦੀ ਨੀਤੀ ’ਚ ਕੇਂਦਰੀ ਬੈਂਕ ਨੇ ਲੰਬੇ ਸਮੇਂ ਬਾਅਦ ਦਰਾਂ ’ਚ ਕਟੌਤੀ ਕੀਤੀ ਸੀ, ਜਿਸ ’ਚ ਵਿਆਜ ਦਰਾਂ ’ਚ 50 ਆਧਾਰ ਅੰਕਾਂ ਦੀ ਕਟੌਤੀ ਕੀਤੀ ਗਈ ਸੀ। ਦਰਾਂ ’ਚ ਕਟੌਤੀ ਬਾਰੇ ਇਹ ਫ਼ੈਸਲਾ ਫੈਡਰਲ ਓਪਨ ਮਾਰਕੀਟ ਕਮੇਟੀ ਦੀ 6 ਤੋਂ 7 ਨਵੰਬਰ ਤੱਕ ਹੋਈ ਦੋ ਦਿਨਾਂ ਮੀਟਿੰਗ ਦੌਰਾਨ ਲਿਆ ਗਿਆ ਹੈ। ਫੈਡਰਲ ਓਪਨ ਮਾਰਕੀਟ ਕਮੇਟੀ ਦੀ ਮੀਟਿੰਗ ਵਿੱਚ ਵਿਆਜ ਦਰਾਂ ਨੂੰ ਇੱਕ ਚੌਥਾਈ ਤੱਕ ਘਟਾਉਣ ਤੋਂ ਬਾਅਦ, ਇਹ ਦਰਾਂ 4.50 ਫ਼ੀਸਦੀ ਤੋਂ – 4.75 ਤੱਕ ਆ ਗਈਆਂ ਹਨ। ਵਿਆਜ ਦਰਾਂ ’ਚ ਕਮੀ ਦਾ ਅਮਰੀਕਾ ’ਚ ਹੋਮ ਲੋਨ, ਕ੍ਰੈਡਿਟ ਕਾਰਡ ਅਤੇ ਆਟੋ ਲੋਨ ਦੀਆਂ ਦਰਾਂ ’ਤੇ ਵੀ ਅਸਰ ਪਵੇਗਾ। ਇਸ ਤੋਂ ਪਹਿਲਾਂ 17 ਤੋਂ 18 ਸਤੰਬਰ ਨੂੰ ਹੋਈ ਫੈਡਰਲ ਪਾਲਿਸੀ ਮੀਟਿੰਗ ’ਚ ਵੀ ਵਿਆਜ ਦਰਾਂ ’ਚ .50 ਫ਼ੀਸਦੀ ਦੀ ਕਟੌਤੀ ਕੀਤੀ ਗਈ ਸੀ। ਅਮਰੀਕਾ ਦੇ ਸੈਂਟਰਲ ਬੈਂਕ ਨੇ ਵਿਆਜ ਦਰਾਂ ਘਟਾਉਣ ਦਾ ਕਾਰਨ ਦੱਸਿਆ ਹੈ। ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਕਿਹਾ ਕਿ ਨੀਤੀਗਤ ਦਰਾਂ ’ਚ ਕਟੌਤੀ ਦਾ ਮਤਲਬ ਹੈ ਕਿ ਨੀਤੀ ਨਿਰਮਾਤਾਵਾਂ ਨੇ ਘਟਦੀ ਬੇਰੁਜ਼ਗਾਰੀ ਦਰ ਅਤੇ ਮਹਿੰਗਾਈ ਤੋਂ ਰਾਹਤ ਦਾ ਭਰੋਸਾ ਜਤਾਇਆ ਹੈ। ਨਾਲ ਹੀ ਫੈਡਰਲ ਨੇ ਕਿਹਾ ਕਿ ਅਮਰੀਕਾ ਵਿਚ ਆਰਥਿਕ ਗਤੀਵਿਧੀ ਲਗਾਤਾਰ ਚੰਗੀ ਰਫ਼ਤਾਰ ਨਾਲ ਵਧ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੰਗਲੈਂਡ ਦੀ ਰਾਸ਼ਟਰੀ ਬੈਂਕ ’ਬੈਂਕ ਆਫ਼ ਇੰਗਲੈਂਡ’ ਨੇ ਵੀ ਸਾਲ ਕਰੀਬ 2 ਸਾਲ ਬਾਅਦ ਆਪਣੀਆਂ ਵਿਆਜ ਦਰਾਂ ’ਚ ਕਟੌਤੀ ਕੀਤੀ ਸੀ। ਬੈਂਕ ਵੱਲੋਂ ਵਿਆਜ ਦਰਾਂ ’ਚ .25 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ, ਜਿਸ ਨਾਲ ਇਹ ਦਰ ਹੁਣ 5 ਫ਼ੀਸਦੀ ਤੋਂ ਘਟ ਕੇ 4.75 ਫ਼ੀਸਦੀ ’ਤੇ ਆ ਗਈ ਹੈ। ਬੈਂਕ ਗਵਰਨਰ ਐਂਡ੍ਰਿਊ ਬੇਲੀ ਨੇ ਇਸ ਕਟੌਤੀ ਦਾ ਕਾਰਨ ਲਗਾਤਾਰ ਵਧਦੀ ਹੋਈ ਮਹਿੰਗਾਈ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਅਰਥਵਿਵਸਥਾ ਨੂੰ ਸਥਿਰ ਰੱਖਣ ਲਈ ਸਾਡੀ ਕੋਸ਼ਿਸ਼ ਹੈ ਕਿ ਮਹਿੰਗਾਈ ਦਰ ਕਾਬੂ ’ਚ ਰਹੇ ਤੇ ਅਰਥਵਿਵਸਥਾ ਨੂੰ ਅਸਥਿਰ ਹੋਣ ਤੋਂ ਬਚਾਉਣ ਲਈ ਭਵਿੱਖ ’ਚ ਵੀ ਵਿਆਜ ਦਰਾਂ ’ਚ ਕਟੌਤੀ ਜਾਰੀ ਰਹੇਗੀ।