6.8 C
United Kingdom
Monday, April 21, 2025

More

    ਦਿਵਾਲੀ: ਇਸ ਵਾਰ ਤਾਂ ਸਚਮੁੱਚ ਰੋਣ ਲੱਗੇ ਜੱਟ ਦੇ ਬੋਹਲ

    ਬਠਿੰਡਾ-ਅਸ਼ੋਕ ਵਰਮਾ-ਸਚਮੁੱਚ ਐਤਕੀਂ ਵਾਰ ਤਾਂ ਜੱਟ ਦੇ ਬੋਹਲ ਰੋਣ ਲੱਗੇ ਹਨ। ਫਸਲ ਦੇ ਢੇਰਾਂ ’ਚੋਂ ਨਸੀਬ ਫਰੋਲਣ ਵਾਲਾ ਕਿਸਾਨ ਮੰਡੀਆਂ ’ਚ ਰੁਲ ਰਿਹਾ ਹੈ। ਇਹ ਕੇਹਾ ਇਨਸਾਫ ਹੈ ਕਿ ਸਰਕਾਰਾਂ ਅੰਨਦਾਤਾ ਕਹਿਕੇ ਵੀ ਵਡਿਆਉਂਦੀਆਂ ਹਨ ਅਤੇ ਕਿਸਾਨਾਂ ਦੇ ਮੁੜ੍ਹਕੇ ਅਤੇ ਬੋਹਲਾਂ ਦਾ  ਅਸਲ ਮੁੱਲ ਕਦੇ  ਵੇਲੇ ਦੀ ਕਿਸੇ ਸਰਕਾਰ ਨੇ ਨਹੀਂ ਪਾਇਆ ਹੈ। ਅੱਖਾਂ ਸਾਹਮਣੇ ਲੁੱਟ ਹੁੰਦੀ ਹੋਣ ਦੇ ਬਾਵਜੂਦ ਕਿਸਾਨ ਆਪਣੇ ਖੇਤਾਂ ਦਾ ਸੋਨਾ ਕੌਡੀਆਂ ਦੇ ਭਾਅ ਵੇਚਣ ਲਈ ਮਜਬੂਰ ਹੈ। ਕਿਸਾਨਾਂ ਦੇ ਹਿੱਸੇ ਫਸਲ ਪਲ ਦੋ ਪਲ ਦੀ ਖੁਸ਼ੀ ਵੀ ਨਹੀਂ ਲਿਆਉਂਦੀ ਜੋ ਕਿਸਾਨ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਮੰਡੀ ਤੱਕ ਲਿਆਂਉਂਦਾ ਹੈ। ਕਿਸਾਨ ਦਾ ਪਸੀਨਾ ਕਰਜ਼ਿਆਂ ਜਾਂ ਫਿਰ ਏਦਾਂ ਦੇ  ਵਪਾਰੀਆਂ ਲੇਖੇ ਲੱਗ ਰਿਹਾ ਹੈ ਜੋ ਮਿਥੀ ਕੀਮਤ ਤੋਂ ਕਾਟ ਕੱਟਣ ਦੇ ਬਾਵਜੂਦ ਖਰੀਦਣ ਦਾ ਅਹਿਸਾਨ ਵੀ ਕਰ ਰਹੇ ਹਨ।
                     ਸਰਕਾਰੀ ਖਰੀਦ ਕੇਂਦਰਾਂ ’ਚ ਝੋਨੇ ਦੀ ਤੁਲਾਈ ਅਤੇ ਚੁਕਾਈ ਨਾ ਹੋਣ ਕਰਕੇ ਐਤਕੀ ਵੱਡੀ ਗਿਣਤੀ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਹੀ ਰੋਸ ਭਰੀ ਦੀਵਾਲੀ ਮਨਾਈ ਜਾਏਗੀ ਜਦੋਂਕਿ ਪਿੱਛੇ ਪ੍ਰੀਵਾਰ ਆਪਣੇ ਘਰਾਂ ਦੇ ਬਨੇਰਿਆਂ ਤੇ ਝੋਰਿਆਂ  ਦੇ ਦੀਵੇ ਜਗਾਉਣਗੇ । ਕਿਸਾਨਾਂ ਨੇ ਝੋਨੇ ਦੀਆਂ ਢੇਰੀਆਂ ਨੂੰ ਆਪਣਾ ਰਹਿਣ ਬਸੇਰਾ ਬਣਾਇਆ ਹੋਇਆ ਹੈ।  ਆਪਣੀ ਜਿਣਸ ਨੂੰ ਵੇਚਣ ਲਈ ਕਿਸਾਨ ਜਿੱਥੇ ਅਨਾਜ ਮੰਡੀਆਂ ਪਿਛਲੇ  ਕਈ ਦਿਨਾਂ ਤੋਂ ਡੇਰੇ ਲਾਈ ਬੈਠੇ ਹਨ ੳੱੁਥੇ ਖਰੀਦ ਅਧਿਕਾਰੀਆਂ ਦੇ ਪਾਸਾ ਵੱਟਣ ਤੇ ਮੌਸਮ ਵਿਭਾਗ ਵੱਲੋਂ ਬਾਰਸ਼ ਦੀ ਕੀਤੀ ਪੇਸ਼ੀਨਗੋਈ ਨੇ ਕਿਸਾਨਾਂ ਦੇ ਫਿਕਰਾਂ ਨੂੰ ਹੋਰ ਵਧਾ ਦਿੱਤਾ ਹੈ।  ਪੰਜਾਬ ’ਚ ਝੋਨੇ ਦੀ ਬਿਜਾਂਦ ਕਰਨ ਵਾਲੇ  ਜਿਆਦਾਤਰ ਜਿਲਿ੍ਹਆਂ ਦੀ ਇਹੋ ਹੋਣੀ ਹੈ ਜਿੱਥੇ ਝੋਨੇ ਦੀ ਫਸਲ ਸੜਕਾਂ ਤੇ ਰੁਲਣ ਲੱਗੀ ਹੈ ਅਤੇ ਜੱਗਾ ਜੱਟ ਹਾਲੋਂ ਬੇਹਾਲ ਹੋਇਆ ਪਿਆ ਹੈ।
                     ਬਠਿੰਡਾ ਦੀ ਮੰਡੀ ’ਚ ਬੈਠੇ ਕਿਸਾਨ ਦਲੀਪ ਸਿੰਘ ਦਾ ਪ੍ਰਤੀਕਰਮ ਸੀ ਕਿ ਇਸ ਦਫਾ ਕਿਸਾਨ ਨੂੰ ਦੂਹਰੀ ਮਾਰ ਪੈ ਗਈ ਹੈ।  ਇੱਕ ਤਾਂ ਖਰੀਦ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਵੱਲੋਂ ਢੰਗ ਸਿਰ ਖਰੀਦ ਅਤੇ ਲਿਫਟਿੰਗ  ਨਹੀਂ ਕੀਤੀ ਜਾ ਰਹੀ  ਤੇ ਦੂਸਰਾ ਜਿਣਸ ਦੇ ਭਾਗ ਠੰਢੇ ਹਨ ਜਿਸ ਦੀ ਕੀਮਤ ਕਟਾਉਣੀ ਪੈ ਰਹੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰਾਂ ਅਤੇ ਸਰਕਾਰੀ ਖਰੀਦ ਏਜੰਸੀਆਂ ਦੇ ਉੱਚ ਅਧਿਕਾਰੀਆਂ ਨੇ ਖਰੀਦ ਇੰਸਪੈਕਟਰਾਂ ਨੂੰ ਦੀਵਾਲੀ ਦੇ ਮੱਦੇਨਜ਼ਰ ਝੋਨੇ ਦੀ ਵੱਧ ਤੋਂ ਵੱਧ ਬੋਲੀ ਲਾਉਣ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਹਨ ਪਰ ਇਨ੍ਹਾਂ ਆਦੇਸ਼ਾਂ ‘ਤੇ ਬਹੁਤਾ ਅਮਲ ਨਹੀਂ ਹੋ ਰਿਹਾ ਹੈ। ਕਿਸਾਨ ਝੋਨਾ ਵੇਚਣ ਲਈ ਹਾੜ੍ਹੇ ਕੱਢ ਰਹੇ ਹਨ  ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਜੋ ਸਭ ਚਿੰਤਾ ਦਾ ਸਬੱਬ ਹੈ।
                            ਬਹੁਤੇ ਥਾਈਂ ਮੰਡੀਆਂ ਵਿੱਚ ਜਿਣਸ ਦੀ ਰਾਖੀ ਪਰਿਵਾਰ ਦੇ ਬਜ਼ੁਰਗ ਮੁਖੀਆਂ ਵੱਲੋਂ ਕੀਤੀ ਜਾ ਰਹੀ ਹੈ। ਦੁੱਖਦਾਇਕ  ਗੱਲ ਹੈ ਹੁਣ ਜਦੋਂ ਵੀਰਵਾਰ ਨੂੰ ਦੀਵਾਲੀ ਹੈ ਤਾਂ ਕਿਸਾਨ ਤਿਉਹਾਰ ਮਨਾਉਣ ਲਈ ਨਾ ਘਰ ਜਾ ਸਕਦਾ ਹੈ ਅਤੇ ਨਾ ਹੀ ਜਿਣਸ ਦੀ ਢੇਰੀ ਨੂੰ ਸੁੰਨੀ ਛੱਡੀ ਜਾ ਸਕਦੀ ਹੈ। ਸਰਕਾਰੀ ਨੀਤੀਆਂ ’ਚ ਫਸੇ ਕਈ ਕਿਸਾਨਾਂ  ਦਾ ਦਰਦ ਸੀ ਕਿ ਹੁਣ ਤਾਂ ਜਾਪਣ ਲੱਗਿਆ ਹੈ ਕਿ ਮੰਡੀਆਂ ਵਿੱਚ ਹੀ ਝੋਨੇ ਦੀਆਂ ਢੇਰੀਆਂ ’ਤੇ ਬੈਠਿਆਂ ਹੀ ਸਰਕਾਰੀ ਨੀਤੀਆਂ ਨੂੰ ਕੋਸਦਿਆਂ ਦੀਵਾਲੀ ਮਨਾਉਣੀ ਪਵੇਗੀ।  ਇਸ ਮੌਕੇ ਕਈ ਬੁਜ਼ਰਗ ਕਿਸਾਨਾਂ ਦੇ ਚਿਹਰਿਆਂ ‘ਤੇ ਉਦਾਸੀ ਦੀਆਂ ਤਸਵੀਰਾਂ ਸਪਸ਼ਟ ਦਿਖਾਈ ਦਿੱਤੀਆਂ ਜਿੰਨ੍ਹਾਂ ਆਖਿਆ ਕਿ ਉਮਰ ਦੇ ਇਸ ਅਖਰੀਲੇ ਪੜਾਅ ਵਿੱਚ ਘਰੇ ਬੈਠ ਕੇ ਆਪਣੇ ਪੋਤੇ ਪੋਤੀਆਂ ਨਾਲ ਤਿਉਹਾਰ ਦੀਆਂ ਖੁਸ਼ੀਆਂ ਮਨਾਉਣ ਦੀ ਥਾਂ ਹਕੂਮਤਾਂ ਦੀ ਬੇਰੁਖੀ ਕਾਰਨ ਘਰੋਂ ਬੇਘਰ ਹੋਏ ਵਕਤ ਨੂੰ ਝੂਰਨਾ ਪੈ ਰਿਹਾ ਹੈ।
                                     ਲਾਹੇਵੰਦ ਦਿੱਤੇ ਜਾਣ:ਅਜੀਤਪਾਲ ਸਿੰਘ
    ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾਕਟਰ ਅਜੀਤਪਾਲ ਸਿੰਘ ਦਾ ਇਸ ਤਰਾਂ ਦੀ ਸਥਿਤੀ ਬਾਰੇ ਕਹਿਣਾ ਸੀ ਕਿ ਜਿਣਸ ਤਾਂ ਬੀਜਣ ਵੇਲੇ ਤੋਂ ਬੇਗਾਨੀ  ਹੋ ਜਾਂਦੀ ਹੈ ਅਤੇ ਪੂਰੇ ਸਾਲ ’ਚ ਇੱਕ ਦਿਨ ਵੀ ਖੁਸ਼ੀਆਂ ਭਰਿਆ ਨਹੀਂ ਆਉਂਦਾ ਬਲਕਿ ਤਿੱਥ ਤਿਉਹਾਰ ਇਸ ਤਰਾਂ ਹੀ ਲੰਘ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਫਸਲ ਆਪਣੇ ਘਰਾਂ ਵਿੱਚ ਲਿਆਉਣੀ ਨਸੀਬ ਨਹੀਂ ਹੁੰਦੀ ਅਤੇ ਝੋਨਾ ਹਰ ਸਾਲ ਮੰਡੀਆਂ ’ਚ ਇੰਜ ਹੀ ਰੁਲਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਕਿਸਾਨੀ ਦੀ ਮਜਬੂਰੀ ਦਾ ਫਾਇਦਾ ਨਾ ਉਠਾਉਣ ਤੇ ਉਨ੍ਹਾਂ ਨੂੰ ਫਸਲਾਂ ਦਾ ਘੱਟੋ ਘੱਟ ਉਹ ਭਾਅ ਦੇਣ ਜੋ ਐਨੇ ਕੁ ਲਾਹੇਵੰਦ ਹੋਣ ਕਿ ਕਿਸਾਨਾਂ ਨੂੰ ਕਿਸੇ ਅੱਗੇ ਹੱਥ ਅੱਡਣਾ ਅਤੇ ਕਰਜਿਆਂ ਕਾਰਨ ਖੁਦਕਸ਼ੀ ਦੇ ਰਾਹ ਨਾਂ ਪੈਣਾ ਪਵੇ।
              ਕੋਈ ਨਹੀਂ ਫੜ੍ਹਦਾ ਕਿਸਾਨ ਦੀ ਬਾਂਹ
              ਭਾਰਤੀ  ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਕਿਸਾਨ ਹੁਣ ਕਰਜ਼ਿਆਂ ਵਿੱਚ ਫਸੇ ਹੋਣ ਕਰਕੇ ਫਸਲ ਭੌਂਅ ਦੇ ਭਾਅ ਵੇਚ ਰਹੇ ਹਨ ਜਦੋਂ ਕਿ ਕਿਸਾਨਾਂ ਨੂੰ ਜਿਣਸਾਂ ਦੀ ਕੀਮਤ  ਸਵਾਮੀਨਾਥਨ ਕਮਿਸ਼ਨ ਮੁਤਾਬਕ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹੀਂ ਦਿਨ੍ਹੀਂ ਮੰਡੀਆਂ ਵਿੱਚ ਕਿਸਾਨਾਂ ਦਾ ਸੋਨਾ ਮਿੱਟੀ ਦੇ ਭਾਅ ਵਿਕਣ ਦੇ ਨਾਲ ਰੁਲ  ਰਿਹਾ ਹੈ ਪਰ ਉਨ੍ਹਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ਈ ਹੈ ਤੇ ਇਸ ਤਰਾਂ ਹੋਰ ਮਾਰ ਪਵੇਗੀ। ਕਿਸਾਨ ਆਗੂ ਨੇ ਕਿਹਾ ਕਿ ਜਦੋਂ ਕਿਸਾਨ ਮੰਡੀਓ ਜਦੋਂ ਖਾਲੀ ਹੱਥ ਘਰ ਜਾਂਦਾ ਹੈ ਤਾਂ ਨਿਆਣੇ ਵੀ ਸਮਝ ਜਾਂਦੇ ਹਨ ਕਿ ਵਹੀ ’ਤੇ ਲਕੀਰ ਤਾਂ ਕੀ ਵੱਜਣੀ ਸੀ ਸਗੋਂ ਹੋਰ ਗੂੜ੍ਹੀ ਹੋ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!