ਚੰਡੀਗੜ ( ਰਾਜਿੰਦਰ ਭਦੌੜੀਆ )
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਪੇਂਡੂ ਡਿਸਪੈਂਸਰੀਆਂ ਵਿਚ ਕੰਮ ਕਰਦੇ ਫਾਰਮਾਸਿਸਟਾਂ ਨੂੰ ਉਹਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੰਦਿਆਂ ਅਪੀਲ ਕੀਤੀ ਹੈ ਕਿ ਉਸ ਇਸ ਸੰਕਟ ਦੀ ਘੜੀ ਵਿਚ ਹੜਤਾਲ ਉੱਤੇ ਨਾ ਜਾਣ।
ਸ਼੍ਰੀ ਬਾਜਵਾ ਨੇ ਅੱਜ ਫਾਰਮਿਸਟ ਯੂਨੀਅਨ ਦੇ ਵਫਦ ਨੂੰ ਟੈਲੀਫੋਨ ਕਰ ਕੇ ਭਰੋਸਾ ਦੁਆਇਆ ਕਿ ਸਰਕਾਰ ਵੱਲੋਂ ਉਹਨਾਂ ਨੂੰ ਰੈਗੂਲਰ ਕਰਨ ਦੀ ਮੰਗ ਉੱਤੇ ਹਮਦਰਦੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਕੁਝ ਕਾਨੂੰਨੀ ਤੇ ਅਦਾਲਤੀ ਫੈਸਲਿਆਂ ਦੀਆਂ ਅੜਿੱਚਣਾਂ ਨੂੰ ਦੂਰ ਕਰ ਕੇ ਇਸ ਮਾਮਲੇ ਦਾ ਹੱਲ ਕੱਢ ਲਿਆ ਜਾਵੇਗਾ। ਉਹਨਾਂ ਯੂਨੀਅਨ ਦੇ ਵਫਦ ਨੂੰ ਇਹ ਵੀ ਦੱਸਿਆ ਕਿ ਫਾਰਮਿਸਟਾਂ ਦਾ ਕੰਟਰੈਕਟ ਨਵਿਆਉਣ ਅਤੇ ਇਸ ਮਹੀਨੇ ਦੀ ਤਨਖ਼ਾਹ ਜਾਰੀ ਕਰਨ ਲਈ ਮਹਿਕਮੇ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਪੰਚਾਇਤ ਮੰਤਰੀ ਨੇ ਯੂਨੀਅਨ ਦੇ ਵਫ਼ਦ ਨੂੰ ਭਰੋਸਾ ਦੁਆਇਆ ਕਿ ਉਹ ਸਿਹਤ ਤੇ ਪੁਲੀਸ ਵਿਭਾਗ ਦੀ ਤਰਾਂ ਇਹਨਾਂ ਫਾਰਮਿਸਿਸਟਾਂ ਨੂੰ ਵੀ ੫੦ ਲੱਖ ਰੁਪਏ ਦੇ ਬੀਮੇ ਦੀ ਸਹੂਲਤ ਦੇਣ ਦਾ ਮਾਮਲਾ ਵੀ ਮੁੱਖ ਮੰਤਰੀ ਕੋਲ ਉਠਾਉਣਗੇ।
ਸ਼੍ਰੀ ਬਾਜਵਾ ਨੇ ਇੱਕ ਵਾਰੀ ਫਿਰ ਫਾਰਮਿਸਟਾਂ ਨੂੰ ਅਪੀਲ ਕੀਤੀ ਕਿ ਉਹ ਕੱਲ ਤੋਂ ਹੜਤਾਲ ਉੱਤੇ ਜਾਣ ਦਾ ਫੈਸਲਾ ਪੰਜਾਬ ਅਤੇ ਪੰਜਾਬੀਆਂ ਦੇ ਵੱਡੇ ਹਿੱਤ ਨੂੰ ਸਾਹਮਣੇ ਰੱਖਦੇ ਹੋਏ ਵਾਪਸ ਲੈ ਲੈਣ।