ਅਸ਼ੋਕ ਵਰਮਾ
ਬਠਿੰਡਾ-ਪੰਜਾਬ ਵਿੱਚ ਬਣੇ ਝੋਨੇ ਦੀ ਖਰੀਦ ਅਤੇ ਚੁਕਾਈ ਦੇ ਸੰਕਟ ਨੇ ਕਿਸਾਨਾਂ ਦੀ ਪਿੱਠ ਲੁਆ ਦਿੱਤੀ ਹੈ। ਹਾਲਾਂਕਿ ਅਜੇ ਕਈ ਥਾਵਾਂ ਝੋਨੇ ਦੀ ਫਸਲ ਮੰਡੀਆਂ ਵਿੱਚ ਆਉਣੀ ਬਾਕੀ ਹੈ ਪਰ ਇਸ ਤੋਂ ਪਹਿਲਾਂ ਮੰਡੀਆਂ ’ਚ ਵਿਕਣ ਲਈ ਪੁੱਜੀ ਫਸਲ ਸੜਕਾਂ ਤੇ ਰੁਲ ਰਹੀ ਹੈ। ਬੇਸ਼ੱਕ ਝੋਨੇ ਦੀ ਲਿਫਟਿੰਗ ਦਾ ਸੰਕਟ ਪਿਛਲੇ ਕਈ ਸਾਲਾਂ ਤੋਂ ਬਣਦਾ ਆ ਰਿਹਾ ਹੈ ਪਰ ਐਤਕੀਂ ਵਰਗੀ ਗੰਭੀਰ ਸਥਿਤੀ ਕਦੇ ਵੀ ਨਹੀਂ ਬਣੀ ਹੈ। ਕਿਸਾਨ ਜੱਥੇਬੰਦੀਆਂ ਇਸ ਮਾਮਲੇ ਨੂੰ ਲੈਕੇ ਸੜਕਾਂ ਤੇ ਉਤਰੀਆਂ ਹੋਈਆਂ ਹੋਣ ਦੇ ਬਾਵਜੂਦ ਮਸਲਾ ਕਿਸੇ ਵੀ ਤਣ ਪੱਤਣ ਨਹੀਂ ਲੱਗ ਰਿਹਾ ਹੈ। ਇਕੱਲੇ ਬਠਿੰਡਾ ਜਿਲ੍ਹੇ ’ਚ 10 ਤੋਂ 11 ਲੱਖ ਗੱਟਿਆਂ ਨੂੰ ਪਿਛਲੇ ਕਈ ਦਿਨਾਂ ਤੋਂ ਚੁਕਾਈ ਦਾ ਇੰਤਜ਼ਾਰ ਬਣਿਆ ਹੋਇਆ ਹੈ। ਇਸ ਹਿਸਾਬ ਨਾਲ ਸਮੁੱਚੇ ਪੰਜਾਬ ਦਾ ਹਿਸਾਬ ਲਾਈਏ ਤਾਂ ਕਿਸਾਨਾਂ ਦੀ ਖੂਨ ਪਸੀਨੇ ਦੀ ਲੱਗਭਗ ਸਮੁੱਚੀ ਕਮਾਈ ਨੀਲੀ ਛੱਤ ਹੇਠ ਪਈ ਹੋਈ ਹੈ।
ਜਿਸ ਤਰਾਂ ਦੀ ਸਥਿਤੀ ਬਣੀ ਹੈ ਉਸ ਨੂੰ ਦੇਖਦਿਆਂ ਆਪਣੀ ਫਸਲ ਵੇਚਣ ਲਈ ਕਿਸਾਨਾਂ ਨੂੰ ਆੜ੍ਹਤੀਆਂ ਅਤੇ ਅਧਿਕਾਰੀਆਂ ਦੇ ਹਾੜ੍ਹੇ ਕੱਢਣੇ ਪੈ ਰਹੇ ਹਨ। ਪਟਿਆਲਾ ਜਿਲ੍ਹੇ ’ਚ ਜਦੋਂ ਮੰਡੀਆਂ ਦੇ ਹਾਲਾਤਾਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ,ਐਸਐਸਪੀ ਅਤੇ ਹੋਰ ਅਧਿਕਾਰੀਆਂ ਨਾਲ ਮੰਡੀ ਵਿੱਚ ਪੁੱਜੀ ਤਾਂ ਝੋਨੇ ਤੇ ਨਿਮੋਝੂਣਾ ਬੈਠਾ ਕਿਸਾਨ ਆਪਣੀ ਜੁੱਤੀ ਲਾਹਕੇ ਨੰਗੇ ਪੈਰੀ ਡੀਸੀ ਅੱਗੇ ਹੱਥ ਜੋੜਕੇ ਖੜ੍ਹਾ ਹੋ ਗਿਆ ਅਤੇ ਇਸ ਸੰਕਟ ਚੋਂ ਬਾਹਰ ਕੱਢਣ ਦੀ ਅਰਜ ਕੀਤੀ। ਪਤਾ ਲੱਗਿਆ ਹੈ ਕਿ ਇਹ ਕਿਸਾਨ ਅਫਸਰਾਂ ਅੱਗੇ ਰੋਇਆ ਨਹੀਂ ਪਰ ਉਸ ਦੇ ਹਾਵ ਭਾਵ ਨੂੰ ਦੇਖਦਿਆਂ ਲਗਦਾ ਸੀ ਕਿ ਕਸਰ ਕੋਈ ਨਹੀਂ ਬਚੀ। ਇਹ ਇਕੱਲੀ ਪਟਿਆਲਾ ਜਿਲ੍ਹੇ ਦੀ ਕਹਾਣੀ ਨਹੀਂ ਜਿਆਦਾਤਰ ਖਰੀਦ ਕੇਂਦਰਾਂ ’ਚ ਕਿਸਾਨ ਪੁੱਤਾਂ ਵਾਂਗ ਪਾਲੀ ਫਸਲ ਵੇਚਣ ਲਈ ਤਰਲੇ ਮਾਰਦੇ ਦੇਖੇ ਜਾ ਸਕਦੇ ਹਨ। ਅੱਜ ਵੀ ਕਈ ਕਿਸਾਨਾਂ ਨੇ ਇਹੋ ਤਰਲਾ ਮਾਰਿਆ ਕਿ ਕਿਸੇ ਤਰਾਂ ਐਤਕੀਂ ਫਸਲ ਵਿਕ ਜਾਵੇ ਅਗਲੀ ਵਾਰੀ ਫਿਰ ਸੋਚਾਂਗੇ।
ਇੰਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਮਜਬੂਰੀਆਂ ਕਾਰਨ ਕੀਮਤ ਚੋਂ ਕਾਟ ਕਟਵਾਉਣ ਵਾਲਿਆਂ ਦਾ ਝੋਨਾ ਹੱਥੋ ਹੱਥੀ ਵਿਕ ਰਿਹਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਖਰੀਦ ਨੇਪਰੇ ਚੜ੍ਹਾਉਣ ਲਈ ਸਾਰੀ ਤਾਕਤ ਝੋਂਕ ਦਿੱਤੀ ਹੈ ਫਿਰ ਵੀ ਸਥਿਤੀ ਸੰਭਲ ਨਹੀਂ ਰਹੀ ਹੈ। ਖ਼ਰੀਦ ਕੇਂਦਰਾਂ ਵਿੱਚ ਲੱਗੇ ਝੋਨੇ ਦੀ ਫਸਲ ਦੇ ਅੰਬਾਰਾਂ ਨੇ ਪੰਜਾਬ ਸਰਕਾਰ ਦੇ ਵਕਾਰ ਨੂੰ ਖੋਰਾ ਲਾਇਆ ਹੈ ਜਿਸ ਦਾ ਅਸਰ ਪੰਜਾਬ ’ਚ ਹੋਣ ਜਾ ਰਹੀਆਂ 4 ਜਿਮਨੀ ਚੋਣਾਂ ’ਚ ਦੇਖਣ ਨੂੰ ਮਿਲ ਸਕਦਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵਿਧਾਇਕਾਂ ,ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮੰਡੀਆਂ ਵਿੱਚ ਜਾਕੇ ਕਿਸਾਨਾਂ ਨੂੰ ਸਮਝਾਉਣ। ਸਰਕਾਰ ਸਿਆਸੀ ਫਸਲ ਸਾਂਭਣ ਦੇ ਰੌਂਅ ਵਿੱਚ ਨਜ਼ਰ ਆ ਰਹੀ ਹੈ ਪਰ ਸਫਲ ਹੁੰਦੀ ਦਿਸਦੀ ਨਹੀਂ।
ਕਿਸਾਨ ਆਖਦੇ ਹਨ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਸਮੂਹ ਆਗੂ ਪ੍ਰਚਾਰਿਆ ਕਰਦੇ ਸਨ ਕਿ ਹਕੂਮਤ ਲਿਆਓ ਕਿਸਾਨਾਂ ਦੇ ਦੁੱਖ ਕੱਟ ਦਿੱਤੇ ਜਾਣਗੇ ਜੋ ਕੱਟਣੇ ਤਾਂ ਦੂਰ ਉਲਟਾ ਵਧ ਗਏ ਹਨ। ਮੁੱਖ ਮੰਤਰੀ ਲਗਾਤਾਰ ਬਿਆਨ ਦਿੰਦੇ ਆ ਰਹੇ ਹਨ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਏਗਾ ਅਤੇ ਜਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਨੇ ਵੀ ਪ੍ਰੈਸ ਨੋਟ ਜਾਰੀ ਕਰਕੇ ਇਹੋ ਭਾਸ਼ਾ ਦੁਰਹਾ ਰਹੇ ਹਨ ਫਿਰ ਵੀ ਕਿਸਾਨਾਂ ਲਈ ਅਜੇ ਤੱਕ ਕੋਈ ਸੱਜਰੀ ਸਵੇਰ ਨਹੀ ਆਈ ਹੈ। ਮਹੱਤਵਪੂਰਨ ਤੱਥ ਹੈ ਕਿ ਕਿਸਾਨ ਧਿਰਾਂ ਸੰਘਰਸ਼ ਦੇ ਰਾਹ ਪਈਆਂ ਹੋਈਆਂ ਹਨ ਫਿਰ ਵੀ ਕਿਸਾਨਾਂ ਦੀ ਰੁਲ ਰੁਲਾਈ ਦਾ ਸਿਲਸਿਲਾ ਜਾਰੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਸੰਕਟ ਐਨਾ ਗੰਭੀਰ ਹੈ ਕਿ ਝੋਨੇ ਦੀ ਫਸਲ ਦਾ ਵੱਡਾ ਹਿੱਸਾ ਫਿਲਹਾਲ ਚੁਕਾਈ ਦਾ ਇੰਤਜ਼ਾਰ ਕਰ ਰਿਹਾ ਹੈ।
ਮੰਡੀਆਂ ਵਿੱਚ ਬੈਠੇ ਕਈ ਕਿਸਾਨਾਂ ਦਾ ਇੱਕੋ ਸ਼ਿਕਵਾ ਸੀ ਕਿ ਜਿਮਨੀ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਵਿੱਚ ਉਲਝੀ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ ਹੈ। ਝੋਨੇ ਦੀ ਤਿਲਕਣਬਾਜੀ ’ਚ ਉਲਝੇ ਅਫਸਰਾਂ ਦਾ ਮੰਡੀਆਂ ’ਚ ਪਈਆਂ ਫਸਲ ਦੀਆਂ ਵੱਡੀਆਂ ਵੱਡੀਆਂ ਢੇਰੀਆਂ ਨੇ ਧੂੰਆਂ ਕੱਢ ਦਿੱਤਾ ਹੈ। ਬਠਿੰਡਾ ਜਿਲ੍ਹੇ ਦੇ ਕਈ ਇੰਸਪੈਕਟਰਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਝੋਨੇ ਦੀ ਖਰੀਦ ਨਾਂ ਹੋਣ ਤੋਂ ਅੱਕੇ ਕਿਸਾਨ ਉਨ੍ਹਾਂ ਅੱਖਾਂ ਦਿਖਾਉਣ ਲੱਗੇ ਹਨ। ਇਸ ਕਰਕੇ ਉਨ੍ਹਾਂ ਨੂੰ ਡਰ ਡਰ ਕੇ ਡੰਗ ਟਪਾਉਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਸਥਿਤੀ ਦੀ ਗੰਭੀਰਤਾ ਤੋਂ ਜਾਣੂੰ ਕਰਵਾ ਦਿੱਤਾ ਹੈ ਪਰ ਉਹ ਤਾਂ ਪਹਿਲਾਂ ਹੀ ਹੱਥ ਖੜ੍ਹੇ ਕਰੀ ਬੈਠੇ ਹਨ । ਉਨ੍ਹਾਂ ਦੱਸਿਆ ਕਿ ਜੇਕਰ ਜਲਦੀ ਹੀ ਮਸਲੇ ਦਾ ਢੁੱਕਵਾਂ ਹੱਲ ਨਾਂ ਕੱਢਿਆ ਗਿਆ ਤਾਂ ਸਥਿਤੀ ਹੱਥੋਂ ਤਿਲ੍ਹਕ ਸਕਦੀ ਹੈ।
ਖੇਤੀ ਖਿਲਾਫ ਸਾਜਿਸ਼:ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਜਦੋਂ ਸਰਕਾਰ ਨੂੰ ਸ਼ੈਲਰ ’ਚ ਪਏ ਚੌਲਾਂ ਕਾਰਨ ਪੈਦਾ ਹੋਣ ਵਾਲੀ ਸਮੱਸਿਆ ਬਾਰੇ ਜਾਣਕਾਰੀ ਸੀ ਤਾਂ ਫਿਰ ਇਸ ਸੰਕਟ ਨਾਲ ਨਜਿੱਠਣ ਵਾਸਤੇ ਅਗੇਤੇ ਪ੍ਰਬੰਧ ਕਿੳਂ ਨਹੀਂ ਕੀਤੇ? ਉਨ੍ਹਾਂ ਕਿਹਾ ਕਿ ਅਸਲ ’ਚ ਇਹ ਤਾਣਾ ਬਾਣਾ ਖੇਤੀ ਖੇਤਰ ਨੂੰ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੇ ਮਕਸਦ ਨਾਲ ਬੁਣਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹੱਕੇ ਲਏ ਬਿਨਾਂ ਟਿਕਕੇ ਬੈਠਣ ਵਾਲੇ ਨਹੀਂ ਹਨ।