ਚੰਡੀਗੜ੍ਹ-ਅਸ਼ੋਕ ਵਰਮਾ-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਹਰ ਗਲੀ ਮੁਹੱਲੇ ਇੱਕੋ ਹੀ ਸੁਆਲ ਹੈ ਜਿਮਨੀ ਚੋਣ ਕੌਣ ਜਿੱਤੂ। ਤਿੰਨਾਂ ਮੁੱਖ ਪਾਰਟੀਆਂ ਚੋਂ ਹਵਾ ਦਾ ਰੁੱਖ ਕੀਹਦੇ ਵੱਲ ਹੋਵੇਗਾ । ਕਾਂਗਰਸ ਮੁੜ ਬਾਜੀ ਮਾਰਦੀ ਹੈ ਜਾਂ ਫਿਰ ਝਾੜੂ ਫਿਰਦਾ ਹੈ ਜੋ ਸਾਲ 2022 ’ਚ ਪਛੜ ਗਿਆ ਸੀ। ਕਮਲ ਦੇ ਫੁੱਲ ਦੀ ਗੱਲ ਵੀ ਤੁਰਨ ਲੱਗੀ ਹੈ। ਹਲਕੇ ’ਚ ਤੱਕੜੀ ਦੇ ਤਕੜੀ ਹੋਣ ਦੀ ਸੰਭਾਵਨਾ ਖਤਮ ਹੋ ਗਈ ਹੈ। ਕਿਸੇ ਨੂੰ ਹਾਕਮ ਧਿਰ ਦਾ ਸਿਆਸੀ ਗੱਡਾ ਚਿੱਕੜ ’ਚ ਫਸਿਆ ਜਾਪਦਾ ਹੈ। ਕੋਈ ਕਹਿ ਰਿਹਾ ਹੈ ਕਿ ਪਿਛਲੇ ਜੇਤੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਧੜਕੂ ਲੱਗਾ ਹੋਇਆ ਹੈ। ਆਮ ਲੋਕਾਂ ਦੇ ਸਿਆਸੀ ਲਲਕਾਰਿਆਂ ਨੇ ਲੀਡਰਾਂ ਦੇ ਸਾਹ ਸੂਤੇ ਹਨ ਜਿੰਨ੍ਹਾਂ ਵੱਲੋਂ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਚਾਰ ਵਿਧਾਇਕਾਂ ਦੇ ਸੰਸਦ ਮੈਂਬਰ ਬਣਨ ਕਾਰਨ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ’ਚ 13 ਨਵੰਬਰ ਨੂੰ ਜ਼ਿਮਨੀ ਚੋਣਾਂ ਲਈ ਵੋਟਾਂ ਪੁਆਈਆਂ ਜਾ ਰਹੀਆਂ ਹਨ ਜਿੰਨ੍ਹਾਂ ’ਚ ਡੇਰਾ ਬਾਬਾ ਨਾਨਕ ਹਲਕਾ ਵੀ ਸ਼ਾਮਲ ਹੈ। ਇਸ ਮੌਕੇ ਪਈਆਂ ਵੋਟਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਬਾਬਾ ਨਾਨਕ ਤੋਂ ਜੇਤੂ ਰਹੇ ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੰਸਦ ਮੈਂਬਰ ਚੁਣੇ ਜਾਣ ਉਪਰੰਤ ਵਿਧਾਇਕ ਵਜੋਂ ਅਸਤੀਫਾ ਦੇਣ ਕਾਰਨ ਹਲਕੇ ’ਚ ਜਿਮਨੀ ਚੋਣ ਹੋਣ ਜਾ ਰਹੀ ਹੈ। ਸਾਲ 2022 ’ਚ ਸੁਖਜਿੰਦਰ ਸਿੰਘ ਰੰਧਾਵਾ ਨੇ ਪੂਰੇ ਫਸਵੇਂ ਮੁਕਾਬਲੇ ਦੌਰਾਨ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੂੰ ਸਿਰਫ 466 ਵੋਟਾਂ ਨਾਲ ਹਰਾਕੇ ਮਸਾਂ ਜਿੱਤ ਪ੍ਰਾਪਤ ਕੀਤੀ ਸੀ।
ਇਸ ਮੌਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਿਆਸੀ ਸੁਨਾਮੀ ਦੇ ਬਾਵਜੂਦ ਝਾੜੂ ਚੁੱਕਕੇ ਤੁਰਿਆ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਤੀਸਰੇ ਸਥਾਨ ਤੇ ਰਿਹਾ ਸੀ। ਜਿਮਨੀ ਚੋਣ ਦੌਰਾਨ ਇਸ ਹਲਕੇ ਤੋਂ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਗੁਰਦੀਪ ਸਿੰਘ ਰੰਧਾਵਾ ਤੇ ਦਾਅ ਖੇਡਿਆ ਹੈ। ਹੁਣ ਇਸ ਹਲਕੇ ’ਚ ਅਕਾਲੀ ਦਲ ਦੇ ਸਾਬਕਾ ਆਗੂ ਰਵੀਕਰਨ ਸਿੰਘ ਕਾਹਲੋਂ ਹੁਣ ਭਾਜਪਾ ਦੇ ਪੱਤਿਆਂ ਨਾਲ ਸਿਆਸੀ ਬਾਜੀ ਖੇਡ੍ਹਣ ਤੁਰੇ ਹਨ। ਰਵੀਕਰਨ ਸਿੰਘ ਦੇ ਪਿਤਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਮਰਹੂਮ ਨਿਰਮਲ ਸਿੰਘ ਕਾਹਲੋਂ ਦੀ ਗਿਣਤੀ ਚੋਟੀ ਦੇ ਅਕਾਲੀ ਆਗੂਆਂ ’ਚ ਹੁੰਦੀ ਸੀ ਜਿੰਨ੍ਹਾਂ ਦਾ ਇਲਾਕੇ ’ਚ ਵੱਡਾ ਰਸੂਖ ਰਿਹਾ ਹੈ। ਕਾਂਗਰਸ ਪਾਰਟੀ ਨੇ ਸੀਟ ਮੁੜ ਜਿੱਤਣ ਲਈ ਸੰਸਦ ਮੈਂਬਰ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ।
ਕਈ ਤਰਾਂ ਦੇ ਵਿਵਾਦਾਂ ’ਚ ਘਿਰਨ ਉਪਰੰਤ ਪੰਥ ਚੋਂ ਨਿਸ਼ਕਾਸ਼ਿਤ ਅਤੇ ਕੁੱਝ ਦਿਨ ਪਹਿਲਾਂ ਅਕਾਲੀ ਦਲ ’ਚ ਵਾਪਿਸੀ ਕਰਨ ਵਾਲੇ ਸੁੱਚਾ ਸਿੰਘ ਲੰਗਾਹ ਵੀ ਦੌੜ ’ਚ ਸ਼ਾਮਲ ਸਨ ਪਰ ਅਕਾਲੀਆਂ ਨੇ ਤਾਂ ਜਿਮਨੀ ਚੋਣਾਂ ਤੋਂ ਕਿਨਾਰਾ ਕਰ ਲਿਆ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਹਵਾ ਦੇ ਬਾਵਜੂਦ ਸੁੱਖੀ ਰੰਧਾਵਾ ਮਸਾਂ 1194 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਮੰਨਿਆ ਜਾ ਰਿਹਾ ਹੈ ਕਿ ਸੁੱਚਾ ਸਿੰਘ ਲੰਗਾਹ ਦਾ ਇਸ ਹਲਕੇ ’ਚ ਅਜੇ ਵੀ ਕਾਫੀ ਪ੍ਰਭਾਵ ਜਿਸ ਕਰਕੇ ਹੁਣ ਲੰਗਾਹ ਪ੍ਰੀਵਾਰ ਦੀ ਭੂਮਿਕਾ ਕੀ ਰਹੇਗੀ ਇਹ ਵੀ ਚੋਣ ਨਤੀਜੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਦਰਅਸਲ ਧਾਰੀਵਾਲ ਨਾਮ ਨਾਲ ਜਾਣਿਆ ਜਾਂਦਾ ਮੌਜੂਦਾ ਡੇਰਾ ਬਾਬਾ ਨਾਨਕ ਹਲਕਾ ਸਾਲ 2008 ’ਚ ਹੋਈ ਹੱਦਬੰਦੀ ਦੌਰਾਨ ਹੋਂਦ ’ਚ ਆਇਆ ਸੀ।
ਹਲਕੇ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਿਛਲੀਆਂ 6 ਵਿਧਾਨ ਸਭਾ ਚੋਣਾਂ ਦੌਰਾਨ ਇਸ ਹਲਕੇ ’ਚ 2 ਵਾਰ ਅਕਾਲੀ ਦਲ, ਤਿੰਨ ਵਾਰ ਕਾਂਗਰਸ ਅਤੇ ਇੱਕ ਵਾਰ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ। ਸਾਲ 1997 ’ਚ ਧਾਰੀਵਾਲ ਨਾਮ ਨਾਲ ਜਾਣੇ ਜਾਂਦੇ ਇਸ ਹਲਕੇ ’ਤੇ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਨੇ ਅਕਾਲੀ ਦਲ (ਮ) ਦੇ ਸੁੱਚਾ ਸਿੰਘ ਛੋਟੇਪੁਰ ਨੂੰ ਮਾਤ ਦਿੱਤੀ ਸੀ। ਸਾਲ 2002 ’ਚ ਇਸ ਹਲਕੇ ਤੋਂ ਸੁੱਚਾ ਸਿੰਘ ਛੋਟੇਪੁਰ ਨੇ ਆਜ਼ਾਦ ਉਮੀਦਵਾਰ ਵੱਜੋਂ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਨੂੰ ਹਰਾਇਆ ਸੀ। ਸਾਲ 2007 ’ਚ ਅਕਾਲੀ ਦਲ ਨੇ ਮੁੜ ਇਸ ਹਲਕੇ ’ਤੇ ਕਬਜ਼ਾ ਕਰ ਲਿਆ। ਤਦ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਨੇ ਆਜ਼ਾਦ ਉਮਦੀਵਾਰ ਸੁੱਚਾ ਸਿੰਘ ਛੋਟੇਪੁਰ ਨੂੰ ਹਰਾਕੇ ਜਿੱਤ ਦਾ ਝੰਡਾ ਗੱਡਿਆ ਸੀ।
ਸਾਲ 2012 ਅਤੇ ਸਾਲ 2017 ਦੀਆਂ ਚੋਣਾਂ ਮੌਕੇ ਦੋਵੇਂ ਵਾਰ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਨੂੰ ਕ੍ਰਮਵਾਰ 2940 ਅਤੇ 1194 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਸਾਲ 2017 ’ਚ ਆਪ ਉਮੀਦਵਾਰ ਗੁਰਪਰਤਾਪ ਸਿੰਘ ਖੁਸ਼ਹਾਲਪੁਰ ਤੀਜੇ ਸਥਾਨ ਤੇ ਰਹੇ ਸਨ। ਸਾਲ 2022 ’ਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਜਿੱਤ ਦੀ ਹੈਟ੍ਰਿਕ ਲਾਈ ਅਤੇ ਅਕਾਲੀ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਹਾਰ ਗਏ ਸਨ। ਆਮ ਆਦਮੀ ਪਾਰਟੀ ਦੇ ਮੌਜੂਦਾ ਉਮੀਦਵਾਰ ਗੁਰਦੀਪ ਸਿੰਘ ਉਦੋਂ ਤੀਸਰੇ ਸਥਾਨ ਤੇ ਰਿਹਾ ਸੀ । ਅਜਿਹੇ ਹਾਲਾਤਾਂ ਦਰਮਿਆਨ ਜਿਮਨੀ ਚੋਣ ਸੁੱਖੀ ਰੰਧਾਵਾ ਲਈ ਮੁੱਛ ਦਾ ਸਵਾਲ ਹੈ ਤਾਂ ਹਾਕਮ ਧਿਰ ਆਮ ਆਦਮੀ ਪਾਰਟੀ ਲਈ ਵੱਡੀ ਚੁਣੌਤੀ ਅਤੇ ਭਾਜਪਾ ਲਈ ਪਰਖ ਦੀ ਘੜੀ ਜੋ ਦੱਸੇਗੀ ਕਿ ਕੀਹਦੀ ਝੋਲੀ ’ਚ ਕਿੰਨੇ ਸਿਆਸੀ ਦਾਣੇ ਹਨ।