1.8 C
United Kingdom
Monday, April 7, 2025

More

    ਜਗਰੂਪ ਬਰਾੜ:ਨੱਚਾਂ ਮੈਂ ਦਿਉਣ ਮੇਰੀ ਧਮਕ ਕਨੇਡਾ ਪੈਂਦੀ

    ਅਸ਼ੋਕ ਵਰਮਾ
    ਬਠਿੰਡਾ-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ  ’ਚ ਨਿਊ ਡੈਮੋਕ੍ਰੇਟਸ ਪਾਰਟੀ  ਦੇ ਉਮੀਦਵਾਰ ਜਗਰੂਪ ਬਰਾੜ ਦੀ ਜਿੱਤ ਨਾਲ ਉਨ੍ਹਾਂ ਦੇ ਬਠਿੰਡਾ ਜਿਲ੍ਹੇ ’ਚ ਪੈਂਦੇ ਜੱਦੀ ਪਿੰਡ ‘ਦਿਉਣ’ ’ਚ ਵਿਆਹ ਵਰਗਾ ਮਹੌਲ ਬਣਿਆ ਹੋਇਆ ਹੈ। ਬਰਾੜ ਪ੍ਰੀਵਾਰ ਤਾਂ ਖੁਸ਼ੀ ’ਚ ਐਨਾ ਖੀਵਾ ਹੋਇਆ ਹੈ ਕਿ ਉਨ੍ਹਾਂ ਦੇ ਪੱਬ ਧਰਤੀ ਤੇ ਨਹੀਂ ਲੱਗ ਰਹੇ ਹਨ। ਪ੍ਰੀਵਾਰ ਨੇ ਆਪਣੇ ਪ੍ਰੀਵਾਰਕ ਮੈਂਬਰ ਦੇ ਜਿੱਤਣ ਦੀ ਖੁਸ਼ੀ ’ਚ ਲੱਡੂ ਵੰਡੇ , ਗਿੱਧਾ ਪਾਇਆ ਅਤੇ ਰੱਜ ਕੇ ਖੁਸ਼ੀਆਂ ਮਨਾਈਆਂ। ਜਗਰੂਪ ਬਰਾੜ ਦੀ ਇਹ ਸੱਤਵੀਂ ਜਿੱਤ ਹੈ ਜਿਸ ’ਚ ਉਹਨਾਂ ਸਰੀ-ਫ਼ਲੀਟਵੁੱਡ ਹਲਕੇ ਤੋਂ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾਇਆ ਹੈ ।ਸ੍ਰੀ ਬਰਾੜ ਹੁਣ ਤੱਕ ਸਿਰਫ ਇੱਕ ਵਾਰ ਬਹੁਤ ਹੀ ਘੱਟ ਵੋਟਾਂ ਨਾਲ ਚੋਣ ਹਾਰੇ ਹਨ।  ਜਿੱਤ ਦੀ ਖਬਰ ਮਿਲਦਿਆਂ ਜਗਰੂਪ ਬਰਾੜ ਦੇ ਦਿਓਣ ’ਚ ਵੱਸਦੇ ਪ੍ਰੀਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
                  ਜਗਰੂਪ ਬਰਾੜ ਦੇ ਪਿਤਾ ਦਾ ਨਾਮ ਕਾਕਾ ਸਿੰਘ ਬਰਾੜ ਅਤੇ ਮਾਤਾ ਦਾ ਨਾਮ ਜੰਗੀਰ ਕੌਰ  ਹੈ ਜੋ ਇਸ ਦੁਨੀਆਂ ਵਿੱਚ ਨਹੀਂ ਹਨ। ਸਵ.ਕਾਕਾ ਸਿੰਘ ਬਰਾੜ ਪਿੰਡ ਦੇ ਮੀਰੇ-ਆਬ ਅਤੇ ਪੰਚ ਰਹੇ ਹਨ ਜਿਹਨਾਂ ਦਾ ਪਿੰਡ ’ਚ ਕਾਫੀ ਅਸਰ ਰਸੂਖ ਸੀ। ਜਾਣਕਾਰੀ ਅਨੁਸਾਰ ਜਗਰੂਪ ਬਰਾੜ ਹੋਰੀਂ ਚਾਰ ਭਰਾ ਹਨ ਜਿੰਨ੍ਹਾਂ ਚੋਂ ਜਸਵੰਤ ਸਿੰਘ ਬਰਾੜ ਵੀ ਕੈਨੇਡਾ ਵਿੱਚ ਵੱਸਦੇ ਹਨ। ਪਿੰਡ ’ਚ ਇਸ ਵੇਲੇ ਉਹਨਾਂ ਦੇ ਭਰਾ ਬਲਵੰਤ ਸਿੰਘ ਬਰਾੜ ਅਤੇ ਸਵ. ਠਾਣਾ ਸਿੰਘ ਬਰਾੜ ਦਾ ਪ੍ਰੀਵਾਰ  ਰਹਿੰਦਾ ਹੈ। ਖੇਤੀ ਦੇ ਧੰਦੇ ’ਚ ਚੰਗੇ ਪ੍ਰੀਵਾਰ ਵਜੋਂ ਜਾਣੇ ਜਾਂਦੇ ਬਰਾੜ ਪ੍ਰੀਵਾਰਾਂ ’ਚ ਜਿੱਤ ਕਾਰਨ  ਕਾਫੀ ਖੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ । ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਜਗਰੂਪ ਬਰਾੜ ਨੇ ਸਿਰਫ ਪਿੰਡ ਦਿਉਣ ਦਾ ਹੀ ਨਹੀਂ ਬਲਕਿ ਪੰਜਾਬ ਅਤੇ ਪੰਜਾਬੀਅਤ ਦਾ ਪੂਰੀ ਦੁਨੀਆਂ ’ਚ ਮਾਣ ਵਧਾਇਆ ਹੈ।
              ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜਗਰੂਪ ਬਰਾੜ ਪੰਜਾਬੀਅਤ ਦਾ ਬੁਲੰਦ ਕੀਤਾ ਝੰਡਾ ਅੱਗਿਓਂ ਵੀ ਉੱਚਾ ਰੱਖਣਗੇ। ਦਰਅਸਲ ਪੰਜਾਬ ’ਚ ਰਹਿੰਦਿਆਂ ਜਗਰੂਪ ਬਰਾੜ ਬਾਸਕਟਬਾਲ ਦਾ ਨਾਮੀ ਖਿਡਾਰੀ ਰਿਹਾ ਹੈ ਜਿਸ ਦੀ ਕਪਤਾਨੀ ਦੌਰਾਨ ਉਨ੍ਹਾਂ ਪੰਜਾਬ ਅਤੇ  ਦਿਉਣ ਦਾ ਨਾਮ ਰੌਸ਼ਨ ਕੀਤਾ ਸੀ। ਦੱਸਣਯੋਗ ਹੈ ਕਿ ਜਗਰੂਪ ਸਿੰਘ ਬਰਾੜ 90 ਦੇ ਦਹਾਕੇ ’ਚ ਆਮ ਪੰਜਾਬੀਆਂ ਦੀ ਤਰਾਂ ਕੈਨੇਡਾ ਦੇ ਮੈਨਟੋਬਾ ਗਿਆ ਸੀ । ਜਗਰੂਪ ਬਰਾੜ ਦੇ ਵੱਡੇ ਭਰਾ ਜਸਵੰਤ ਸਿੰਘ ਬਰਾੜ ਨੇ ਉਹਨਾਂ ਨੂੰ ਕੈਨੇਡਾ ਦੀ ਸਰਗਰਮ ਸਿਆਸਤ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਅਤੇ ਇਸ ਲਈ ਨਿਊ ਡੈਮੋਕਰੇਟਿਕ ਪਾਰਟੀ ’ਚ ਦਾਖਲਾ ਦਿਵਾਇਆ । ਵੱਡੇ ਭਰਾ ਨੇ ਹਰ ਕਦਮ ਤੇ ਸਹਿਯੋਗ ਦਿੱਤਾ ਜਿਸ ਦੇ ਸਿੱਟੇ ਵਜੋਂ  ਜਗਰੂਪ ਬਰਾੜ ਨੇ ਸਾਲ 2004 ’ਚ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਵਿਧਾਨ ਸਭਾ ਲਈ ਹੋਈ ਜਿਮਨੀ ਚੋਣ ਦੌਰਾਨ ਸਰੀ ਤਨਰੋਮਾਹਲਾ ਹਲਕੇ ਤੋਂ ਪਹਿਲੀ ਜਿੱਤ ਪ੍ਰਾਪਤ ਕੀਤੀ ਸੀ।
                  ਉਸ ਮਗਰੋਂ ਸਾਲ 2005 ਅਤੇ ਸਾਲ 2009 ’ਚ ਵਿਧਾਨ ਸਭਾ ਦੀਆਂ ਆਮ ਚੋਣਾਂ ’ਚ ਉਨ੍ਹਾਂ ਸਰੀ-ਫ਼ਲੀਟਵੁੱਡ ਹਲਕੇ ਤੋਂ ਲਗਾਤਾਰ ਜਿੱਤਾਂ ਦਰਜ ਕੀਤੀਆਂ। ਮਈ 2013 ’ਚ ਹੋਈਆਂ ਚੋਣਾਂ ਦੌਰਾਨ ਬਰਾੜ ਸਰੀ-ਫ਼ਲੀਟਵੁੱਡ ਹਲਕੇ ਤੋਂ ਜਬਰਦਸਤ ਮੁਕਾਬਲੇ ਦੌਰਾਨ ਪੀਟਰ ਫਾਸਬੈਂਡਰ ਹੱਥੋਂ ਸਿਰਫ 265 ਵੋਟਾਂ ਨਾਲ ਹਾਰ ਗਏ ਸਨ। ਸਾਲ 2017 ਦੀਆਂ ਇੰਨ੍ਹਾਂ ਚੋਣਾਂ ’ਚ ਉਨ੍ਹਾਂ ਆਪਣੇ ਰਵਾਇਤੀ ਵਿਰੋਧੀ ਨੂੰ ਮਾਤ ਦੇਕੇ ਆਪਣੀ ਹਾਰ ਦਾ ਬਦਲਾ ਚੁਕਾਇਆ । ਨਿਊ ਡੈਮੋਕਰੈਟਿਕ ਪਾਰਟੀ ਦੇ ਜਗਰੂਪ ਬਰਾੜ ਗਰੀਬੀ ਦੀ ਰੇਖਾ ਤੋਂ ਹੇਠਾਂ  ਜੀਵਨ ਬਤੀਤ ਕਰ ਰਹੇ ਲੋਕਾਂ  ਲਈ ਫੌਰੀ ਤੌਰ ‘ਤੇ ਕਦਮ ਚੁੱਕਣ ਦੇ ਹਾਮੀ ਮੰਨੇ ਜਾਂਦੇ ਹਨ ਜੋ ਉਨ੍ਹਾਂ ਦੀ ਸਫਲਤਾ ਦਾ ਵੱਡਾ ਰਾਜ਼ ਹੈ। ਅਜਿਹੇ ਲੋਕ ਆਪਣੀ ਜ਼ਿੰਦਗੀ ਕਿਵੇਂ ਬਸਰ ਕਰਦੇ ਹਨ ਨੂੰ ਨੇੜਿਓਂ ਤੱਕਣ ਲਈ ਸਾਲ 2012 ’ਚ ਉਨ੍ਹਾਂ ਇੱਕ ਮਹੀਨਾ ਏਦਾਂ ਦੇ ਲੋਕਾਂ ਦੀ ਜੂਨ ਹੰਢਾ ਕੇ ਦੇਖੀ ਸੀ
                      ‘ਰਾਈਜ਼ ਦਾ ਰੇਟਸ’ ਸਮਾਜ ਸੇਵੀ ਸੰਸਥਾ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿਧਾਇਕਾਂ  ਅਤੇ  ਸਰਕਾਰ ਤੋਂ ਵੈਲਫੇਅਰ ‘ਤੇ ਗੁਜ਼ਾਰਾ ਕਰਨ ਵਾਲੇ ਲੋਕਾਂ  ਦਾ ਗੁਜ਼ਾਰਾ ਭੱਤਾ ਦੁੱਗਣਾ ਕਰਨ ਜਾਂ  ਫਿਰ ਉਹਨਾਂ  ਵਾਂਗ 610 ਡਾਲਰ ‘ਚ ਮਹੀਨਾ ਭਰ ਅਜਿਹੇ ਪ੍ਰੀਵਾਰਾਂ  ਵਾਂਗ ਜ਼ਿੰਦਗੀ ਬਸਰ ਕਰਕੇ ਦਿਖਾਉਣ ਦੀ ਮੰਗ ਕੀਤੀ ਸੀ। ਪਤਾ ਲੱਗਿਆ ਹ ੈਕਿ ਸ੍ਰੀ ਬਰਾੜ ਅਜਿਹੀ ਚੁਣੌਤੀ ਕਬੂਲਣ ਵਾਲੇ ਪਹਿਲੇ ਪੰਜਾਬੀ ਵਿਧਾਇਕ ਤਾਂ ਬਣ ਗਏ ਪਰ ਏਦਾਂ  ਕਰਨ ਨਾਲ ਉਨ੍ਹਾਂ ਦਾ ਵਜ਼ਨ ਕਾਫੀ ਘਟ ਗਿਆ ਸੀ।  ਉਹ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਵਾਈਸ ਚੇਅਰਮੈਨ ਵੀ ਰਹੇ ਅਤੇ ਛੋਟੇ ਕਾਰੋਬਾਰ ਮਾਮਲਿਆਂ  ਸਮੇਤ ਰੈਵੇਨਿਊ, ਲੋਕ ਸੁਰੱਖਿਆ ਅਤੇ ਜਨ ਸਿਹਤ ਬਾਰੇ ਵਿਰੋਧੀ ਧਿਰ ਦੀ ਆਲੋਚਨਾ ਵੀ ਕੀਤੀ।
                    ਜਗਰੂਪ ਬਰਾੜ ਨੇ ਫ਼ਿਲਾਸਫ਼ੀ ਅਤੇ ਪਬਲਿਕ ਐਡਮਨਿਸਟ੍ਰੇਸ਼ਨ ਵਿਚ ਮਾਸਟਰਜ਼ ਡਿਗਰੀ ਹਾਸਲ ਕੀਤੀ ਹੋਈ ਹੈ।  ਸਰੀ ਸੈਲਫ਼-ਇੰਪਲਾਇਮੈਂਟ ਐਂਡ ਇੰਟਰਪ੍ਰੈਨਿਉਰ ਡਿਵੈਲਪਮੈਂਟ ਸੁਸਾਇਟੀ ਦਾ ਕਾਰਜਕਾਰੀ ਡਾਇਰੈਕਟਰ ਹੋਣ ਦੇ ਨਾਤੇ ਉਹ ਨਵੇਂ ਉਦਮੀਆਂ  ਨੂੰ ਛੋਟੇ ਕਾਰੋਬਾਰ ਸਥਾਪਤ ਕਰਨ ਲਈ ਸਿਖਲਾਈ ਦਿੰਦੇ ਰਹਿੰਦੇ ਹਨ। ਉਹ ਆਪਣੀ ਪਤਨੀ ਰਾਜਵੰਤ ਕੌਰ ਅਤੇ ਬੱਚਿਆਂ  ਨੂਰ ਤੇ ਫ਼ਤਿਹ ਨਾਲ ਸਰੀ ਵਿਖੇ ਰਹਿ ਰਹੇ ਹਨ। ਮਹੱਤਵਪੂਰਨ ਪਹਿਲੂ ਇਹ ਵੀ  ਹੈ ਕਿ ਆਪਣੇ ਬੱਚਿਆਂ ਨੂੰ ਜਗਰੂਪ ਬਰਾੜ ਨੇ ਪੰਜਾਬ ਪੰਜਾਬੀਅਤ ਅਤੇ ਮਾਂ ਬੋਲੀ ਨਾਲ ਜੋੜਿਆ ਹੋਇਆ ਹੈ। ਉਮਰ ਦੇ ਇਸ ਮੁਕਾਮ ਤੇ ਵੀ ਉਹ ਆਮ ਲੋਕਾਂ ਲਈ ਕੁੱਝ ਨਾਂ ਕੁੱਝ ਕਰਨ ਦੀ ਯੋਜਨਾ ਬਣਾਉਂਦੇ ਰਹਿੰਦੇ ਹਨ। ਪਿੰਡ ਦੇ ਹਾਲ ਹੀ ਵਿੱਚ ਬਣੇ ਸਰਪੰਚ ਗੁਰਦੇਵ ਸਿੰਘ ਨੇ ਜਗਰੂਪ ਬਰਾੜ ਨੂੰ ਸ਼ੁਭਕਾਮਨਾਵਾਂ ਭੇਜੀਆਂ ਅਤੇ ਪਿੰਡ ਦੇ ਵਿਕਾਸ ’ਚ ਸਹਿਯੋਗ ਦੇਣ ਸਬੰਧੀ ਆਸ ਪ੍ਰਗਟ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!