ਵਾਇਨਾਡ-ਪਹਿਲੀ ਵਾਰ ਕਿਸੇ ਚੋਣ ਮੈਦਾਨ ਵਿਚ ਨਿੱਤਰ ਦੇ ਮਕਸਦ ਨਾਲ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਜਾਣਕਾਰੀ ਮੁਤਾਬਕ ਉਨ੍ਹਾਂ ਵਾਇਨਾਡ ਚੋਣ ਦੀ ਰਿਟਰਨਿੰਗ ਅਫ਼ਸਰ ਅਤੇ ਜ਼ਿਲ੍ਹਾ ਕੁਲੈਕਟਰ ਮੇਘਾਸ੍ਰੀ ਕੋਲ ਨਾਮਜ਼ਦਗੀ ਕਾਗਜ਼ਾਂ ਦੇ ਤਿੰਨ ਸੈੱਟ ਦਾਖ਼ਲ ਕੀਤੇ ਹਨ। ਜਦੋਂ ਉਨ੍ਹਾਂ ਕਾਗਜ਼ਾਂ ਉਤੇ ਦਸਤਖ਼ਤ ਕੀਤੇ ਤਾਂ ਉਨ੍ਹਾਂ ਦੇ ਪਤੀ ਰੌਬਰਟ ਵਾਡਰਾ ਅਤੇ ਉਨ੍ਹਾਂ ਦਾ ਪੁੱਤਰ ਉਨ੍ਹਾਂ ਨਾਲ ਸਨ। ਉਨ੍ਹਾਂ ਦੀ ਮਾਤਾ ਤੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਿੱਛੇ ਬੈਠੇ ਸਨ। ਇਸ ਮੌਕੇ ਪ੍ਰਿਯੰਕਾ ਦੇ ਭਰਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੀ ਹਾਜ਼ਰ ਸਨ। ਗ਼ੌਰਤਲਬ ਹੈ ਕਿ ਵਾਇਨਾਡ ਹਲਕੇ ਦੀ ਜ਼ਿਮਨੀ ਚੋਣ ਇਸ ਹਲਕੇ ਨੂੰ ਰਾਹੁਲ ਗਾਂਧੀ ਵੱਲੋਂ ਹੀ ਖ਼ਾਲੀ ਕੀਤੇ ਜਾਣ ਕਾਰਨ ਹੋ ਰਹੀ ਹੈ, ਕਿਉਂਕਿ ਉਹ ਦੋ ਹਲਕਿਆਂ ਤੋਂ ਚੋਣ ਜਿੱਤੇ ਸਨ। ਇਸ ਜ਼ਿਮਨੀ ਚੋਣ ਲਈ ਵੋਟਾਂ 13 ਨਵੰਬਰ ਨੂੰ ਪੈਣਗੀਆਂ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਕਾਗਜ਼ ਦਾਖ਼ਲ ਕੀਤੇ ਜਾਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵਾਇਨਾਡ ਵਿਚ ਇਕ ਵਿਸ਼ਾਲ ਰੋਡਸ਼ੋਅ ਕੀਤਾ।