ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਹੋ ਰਹੇ ਦਾਅਵੇ ਖੋਖਲੇ : ਪ੍ਰੇਮ ਚਾਵਲਾ
ਕੋਟਕਪੂਰਾ (ਟਿੰਕੂ ਕੁਮਾਰ) :- ਪੰਜਾਬ ਵਿੱਚ ਪਿਛਲੇ ਢਾਈ ਸਾਲਾਂ ਤੋਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਹੁਕਮਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਰਾਜ ਭਾਗ ਦੌਰਾਨ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਹਰ ਰੋਜ਼ ਦਾਅਵੇ ਕੀਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਚਾਰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦੇਸ਼ ਦੇ ਹੋਰਨਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਕੀਤਾ ਜਾ ਰਿਹਾ ਹੈ। ਜਦਕਿ ਤਸਵੀਰ ਦਾ ਅਸਲ ਪਹਿਲੂ ਇਹ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਭਰੀਆਂ ਆਸਾਮੀਆਂ ਦੀ ਗਿਣਤੀ 26 ਅਤੇ ਖਾਲੀ ਪਈਆਂ ਅਸਾਮੀਆਂ ਦੀ ਗਿਣਤੀ 16 ਹੈ। ਅੰਕੜਿਆਂ ਅਨੁਸਾਰ ਖਾਲੀ ਅਸਾਮੀਆਂ ਦੀ ਇਹ ਗਿਣਤੀ ਇਕ ਤਿਹਾਈ ਤੋਂ ਵੱਧ ਬਣਦੀ ਹੈ। ਖਾਲੀ ਪਈਆਂ ਅਸਾਮੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮੇਆਣਾ, ਝੱਖੜਵਾਲਾ ਬਰਗਾੜੀ, ਰੋੜੀਕਪੂਰਾ, ਚੰਦਭਾਨ, ਮੱਤਾ,
ਬਾਜਾਖਾਨਾ (ਕੁੜੀਆ), ਕੋਟਸੁਖੀਆ, ਢੁੱਡੀ, ਅਰਾਈਆਂ ਵਾਲਾ ਕਲਾਂ, ਹਰੀਨੌ, ਗੋਲੇਵਾਲ, ਮਚਾਕੀ ਕਲਾ, ਗੋਬਿੰਦਗੜਦਬੜੀ ਖਾਨਾ, ਸਾਦਿਕ (ਕੁੜੀਆਂ) ਅਤੇ ਸ਼ੇਰ ਸਿੰਘ ਵਾਲਾ ਸ਼ਾਮਿਲ ਹਨ। ਇਹ ਵੀ ਜ਼ਿਕਰ ਯੋਗ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਜੈਤੋ ਤੋਂ ਅਮੋਲਕ ਸਿੰਘ, ਫਰੀਦਕੋਟ ਤੋਂ ਗੁਰਦਿੱਤ ਸਿੰਘ ਸੇਖੋਂ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਖੁਦ ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਤੋਂ ਚੁਣੇ ਗਏ ਵਿਧਾਇਕ ਹਨ, ਇਹਨਾਂ ਖਾਲੀ ਸਕੂਲਾਂ ਵਿੱਚ ਜੈਤੋ ਵਿਧਾਨ ਸਭਾ ਹਲਕੇ ਦੇ 8 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟਕਪੂਰਾ ਵਿਧਾਨ ਸਭਾ ਹਲਕੇ ਦੇ 3 ਸਕੂਲ ਅਤੇ ਫਰੀਦਕੋਟ ਵਿਧਾਨ ਸਭਾ ਹਲਕੇ ਦੇ 5 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਮਿਲ ਹਨ। ਇਸ ਸਬੰਧ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ ਨੇ ਕਿਹਾ ਹੈ ਕਿ ਪ੍ਰਿੰਸੀਪਲ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਖਾਲੀ ਹੋਣ ਕਾਰਨ ਸਕੂਲਾਂ ਦਾ ਕੰਮ ਕਾਜ਼ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਿੰਸੀਪਲ ਦੀ ਆਸਾਮੀ ਖਾਲੀ ਹੋਣ ਕਾਰਨ ਸਕੂਲਾਂ ਦੇ ਸਬੰਧਤ ਸਟਾਫ ਦੀਆਂ ਤਨਖਾਹਾਂ ਕਢਵਾਉਣ ਅਤੇ ਹੋਰ ਕੰਮ ਕਾਰ ਚਲਾਉਣ ਲਈ ਨੇੜਲੇ ਸਕੂਲਾਂ ਵਿੱਚ ਪੱਕੇ ਤੌਰ ‘ਤੇ ਕੰਮ ਕਰਦੇ ਪ੍ਰਿੰਸੀਪਲਾਂ ਤੇ ਆਪਣੇ ਸਕੂਲ ਦਾ ਕੰਮ ਕਾਰ ਚਲਾਉਣ ਦੇ ਨਾਲ ਨਾਲ ਦੂਹਰਾ ਬੋਝ ਪਾਕੇ ਡੰਗ ਸਾਰਿਆ ਜਾ ਰਿਹਾ ਹੈ। ਅਧਿਆਪਕ ਆਗੂ ਪ੍ਰੇਮ ਚਾਵਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਪ੍ਰਿੰਸੀਪਲਾਂ ਤੋਂ ਬਗੈਰ ਚੱਲ ਰਹੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਘਰਾਂ ਦੇ ਵਿਦਿਆਰਥੀਆਂ ਦੇ ਹਿੱਤ ਵਿੱਚ ਅਤੇ ਸਕੂਲ ਸਟਾਫ ਦੀਆਂ ਪ੍ਰਬੰਧਕੀ ਲੋੜਾਂ ਪੂਰੀਆਂ ਕਰਨ ਲਈ ਖਾਲੀ ਪਏ ਸਾਰੇ ਸਕੂਲਾਂ ਵਿੱਚ ਪ੍ਰਿੰਸੀਪਲਾਂ ਅਤੇ ਹੋਰ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਬਣਦੀਆਂ ਤਰੱਕੀਆਂ ਕਰਕੇ ਅਤੇ ਸਿੱਧੀ ਭਰਤੀ ਰਾਹੀਂ ਭਰੀਆਂ ਜਾਣ ਤਾਂ ਹੀ ਸਰਕਾਰੀ ਸਕੂਲ ਅਸਲ ਰੂਪ ਵਿੱਚ ਚੰਗੇ ਨਤੀਜੇ ਦਿਖਾ ਸਕਦੇ ਹਨ ਅਤੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦਾ ਆਮ ਆਦਮੀ ਪਾਰਟੀ ਦਾ ਸੁਪਨਾ ਸਾਕਾਰ ਹੋ ਸਕਦਾ ਹੈ।