ਸੰਯੁਕਤ ਰਾਸ਼ਟਰ-ਸਾਬਕਾ ਬ੍ਰਿਟਿਸ਼ ਡਿਪਲੋਮੈਟ ਟੌਮ ਫਲੇਚਰ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਵਿਸ਼ਵ ਸੰਸਥਾ ਦਾ ਨਵਾਂ ਮਾਨਵਤਾਵਾਦੀ ਮੁਖੀ ਨਿਯੁਕਤ ਕੀਤਾ ਹੈ। ਜਾਣਕਾਰੀ ਮੁਤਾਬਕ ਮੌਜੂਦਾ ਸਮੇਂ ਵਿੱਚ ਆਕਸਫੋਰਡ ਦੇ ਹਰਟਫੋਰਡ ਕਾਲਜ ਦੇ ਪ੍ਰਿੰਸੀਪਲ ਅਤੇ ਆਕਸਫੋਰਡ ਯੂਨੀਵਰਸਿਟੀ ਵਿੱਚ ਕਾਨਫਰੰਸ ਆਫ ਕਾਲਜਿਜ਼ ਦੇ ਉਪ-ਪ੍ਰਧਾਨ ਫਲੇਚਰ ਆਪਣੇ ਬ੍ਰਿਟਿਸ਼ ਸਾਥੀ ਮਾਰਟਿਨ ਗ੍ਰਿਫਿਥਸ ਦੀ ਥਾਂ ਲੈਣਗੇ। ਗ੍ਰਿਫਿਥਸ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਜੂਨ ਦੇ ਅਖੀਰ ਵਿੱਚ ਮਾਨਵਤਾਵਾਦੀ ਮਾਮਲਿਆਂ ਦੇ ਅੰਡਰ ਸੈਕਟਰੀ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਨਿਯੁਕਤੀ ਦਾ ਐਲਾਨ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਕਿਹਾ ਕਿ ਕਾਰਜਕਾਰੀ ਸੰਯੁਕਤ ਰਾਸ਼ਟਰ ਮਾਨਵਤਾਵਾਦੀ ਮੁਖੀ ਜੋਇਸ ਮਸੂਯਾ ਫਲੇਚਰ ਦੇ ਅਹੁਦਾ ਸੰਭਾਲਣ ਤੱਕ ਇਸ ਅਹੁਦੇ ’ਤੇ ਬਣੇ ਰਹਿਣਗੇ। ਹੱਕ ਨੇ ਫਲੇਚਰ ਨੂੰ “ਇੱਕ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਸੰਚਾਰਕ ਵਜੋਂ ਦਰਸਾਇਆ, ਜਿਨ੍ਹਾਂ ਨੇ ਆਪਣੀਆਂ ਕਿਤਾਬਾਂ ਅਤੇ ਲਿਖਤਾਂ ਰਾਹੀਂ ਵਿਕਾਸ, ਕੂਟਨੀਤੀ, ਤਕਨਾਲੋਜੀ ਅਤੇ ਲੋਕਤੰਤਰ ਦੇ ਖੇਤਰਾਂ ਵਿੱਚ ਤਕਨੀਕੀ ਮੁਹਾਰਤ ਅਤੇ ਜਨਤਕ ਕੂਟਨੀਤੀ ਦਾ ਮਿਸ਼ਰਨ ਪੇਸ਼ ਕੀਤਾ ਹੈ।’ ਅਮਰੀਕੀ ਰਾਜਦੂਤ ਲਿੰਡਾ ਥਾਮਸ-ਗ੍ਰੀਨਫੀਲਡ ਨੇ ਕਿਹਾ ਕਿ ਅਮਰੀਕਾ “ਜ਼ਰੂਰੀ ਮਾਨਵਤਾਵਾਦੀ ਸੰਕਟਾਂ ਨਾਲ ਨਜਿੱਠਣ ਲਈ ਵਿਸ਼ਵਵਿਆਪੀ ਯਤਨਾਂ ਨੂੰ ਮਜ਼ਬੂਤ ਅਤੇ ਤੇਜ਼ ਕਰਨ ਲਈ”ਫਲੇਚਰ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹੈ।