ਨਵੀਂ ਦਿੱਲੀ-ਦਿੱਲੀ ਸਰਕਾਰ ਨੇ ਬੀਤੇ ਦਿਨੀਂ ਫੈਸਲਾ ਲੈਂਦਿਆਂ ਵਿਧਾਇਕਾਂ ਦੇ ਫੰਡਾਂ ਵਿੱਚ ਵੱਡਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਦਿੱਲੀ ਕੈਬਨਿਟ ਦੀ ਮੀਟਿੰਗ ਵਿੱਚ ਵਿਧਾਇਕ ਫੰਡ 10 ਕਰੋੜ ਰੁਪਏ ਤੋਂ ਵਧਾ ਕੇ 15 ਕਰੋੜ ਰੁਪਏ ਕਰਨ ਦਾ ਫੈਸਲਾ ਲਿਆ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਦੀ ਅਗਵਾਈ ’ਚ ਵੀਰਵਾਰ ਨੂੰ ਕੈਬਨਿਟ ਦੀ ਬੈਠਕ ਬੁਲਾਈ ਗਈ, ਜਿਸ ’ਚ ਇਹ ਸਾਰੇ ਫੈਸਲੇ ਲਏ ਗਏ। ਆਮ ਆਦਮੀ ਪਾਰਟੀ ਦੀ ਇਸ ਰਕਮ ਨੂੰ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਦੱਸਿਆ ਗਿਆ ਹੈ। ਮੁੱਖ ਮੰਤਰੀ ਆਤਿਸ਼ੀ ਨੇ ਦਿੱਲੀ ਸਕੱਤਰੇਤ ’ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਵਿਧਾਇਕ ਫੰਡ ਨੂੰ ਵਧਾ ਕੇ ਪ੍ਰਤੀ ਵਿਧਾਇਕ ਪ੍ਰਤੀ ਸਾਲ 15 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਦਿੱਲੀ ਕੈਬਨਿਟ ਨੇ ਅੱਜ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੌਜੂਦਾ ਸਮੇਂ ਵਿੱਚ ਪ੍ਰਤੀ ਵਿਧਾਇਕ 10 ਕਰੋੜ ਰੁਪਏ ਸਾਲਾਨਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਾ ਵਿਧਾਇਕ ਫੰਡ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਹੈ। ਸੀਐਮ ਆਤਿਸ਼ੀ ਨੇ ਕਿਹਾ, “ਅੱਜ ਤੱਕ, ਪੂਰੇ ਦੇਸ਼ ਵਿੱਚ ਕਿਸੇ ਵੀ ਰਾਜ ਵਿੱਚ ਕਿਸੇ ਵੀ ਸਰਕਾਰ ਨੇ ਇੰਨਾ ਵਿਧਾਇਕ ਫੰਡ ਨਹੀਂ ਦਿੱਤਾ ਹੈ। ਆਂਧਰਾ ਪ੍ਰਦੇਸ਼, ਕਰਨਾਟਕ ਹਰ ਸਾਲ ਇੱਕ ਹਲਕੇ ਲਈ 2 ਕਰੋੜ ਰੁਪਏ ਦਿੰਦੇ ਹਨ। ਉੜੀਸਾ, ਤਾਮਿਲਨਾਡੂ, ਮੱਧ ਪ੍ਰਦੇਸ਼ 3 ਕਰੋੜ ਰੁਪਏ ਦਿੰਦੇ ਹਨ ਅਤੇ ਮਹਾਰਾਸ਼ਟਰ, ਕੇਰਲ, ਝਾਰਖੰਡ, ਉਤਰਾਖੰਡ, ਤੇਲੰਗਾਨਾ, ਰਾਜਸਥਾਨ ਵਰਗੇ ਕਈ ਰਾਜ 5 ਕਰੋੜ ਰੁਪਏ ਪ੍ਰਤੀ ਸਾਲ ਵਿਧਾਇਕ ਫੰਡ ਵਜੋਂ ਦਿੰਦੇ ਹਨ ਅਤੇ ਦਿੱਲੀ 15 ਕਰੋੜ ਰੁਪਏ ਪ੍ਰਤੀ ਸਾਲ ਵਿਧਾਇਕ ਫੰਡ ਵਜੋਂ ਦੇਵੇਗੀ।