ਵਾਲਸਾਲ (ਰਾਜ ਸੂਦ/ ਪੰਜ ਦਰਿਆ ਯੂਕੇ) ਸਰਦਾਰ ਮੋਤਾ ਸਿੰਘ ਸਰਾਏ ਦੇ ਗ੍ਰਹਿ ਵਾਲਸਾਲ ਵਿਖੇ ਇੱਕ ਸਮਾਗਮ ਹੋਇਆ। ਇਹ ਉਚੇਚ ਸਲੀਮ ਖਾਨ ਗਿੰਮੀ ਹੋਰਾਂ ਦੀ ਖੋਜ ਪੁਸਤਕ ਪੰਜਾਬੀ ਜ਼ੁਬਾਨ ਦਾ ਇਰਤਕਾ ਦੇ ਗੁਰਮੁਖੀ ਅਨੁਵਾਦ ਨੂੰ ਰੂਬਰੂ ਕਰਨ ਲਈ ਹੋਇਆ। ਜ਼ਿਕਰ ਯੋਗ ਹੈ ਕਿ ਸ੍ਰੀ ਮੰਗਤ ਰਾਏ ਭਾਰਦਵਾਜ ਸਾਹਿਬ ਦੀ ਅਗਵਾਈ ਵਿੱਚ ਇਸ ਅਨੁਵਾਦ ਨੂੰ ਰਾਜਕੁਮਾਰ ਸੂਦ ਤੇ ਬੀਬੀ ਸ਼ਗੁਫਤਾ ਗਿੰਮੀ ਲੋਧੀ ਨੇ ਨੇਪਰੇ ਚਾੜਿਆ ਅਤੇ ਯੂਰਪੀ ਪੰਜਾਬੀ ਸੱਥ ਵਾਲਸਾਲ ਨੇ ਪ੍ਰਕਾਸ਼ਿਤ ਕੀਤਾ।
ਇਸ ਮੌਕੇ ‘ਤੇ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੀਆਂ ਹਸਤੀਆਂ ਵਿੱਚ ਸਰਦਾਰ ਗੁਰਦੇਵ ਸਿੰਘ ਚੌਹਾਨ, ਸਰਦਾਰ ਅਵਤਾਰ ਸਿੰਘ ਮਿਸ਼ਨਰੀ, ਸਰਦਾਰ ਮੋਤਾ ਸਿੰਘ ਸਰਾਏ, ਰਾਏ ਮਹਿੰਦਰ ਸਿੰਘ, ਡਾਕਟਰ ਹਰੀਸ਼ ਮਲਹੋਤਰਾ, ਡਾਕਟਰ ਮੰਗਤ ਰਾਏ ਭਾਰਦਵਾਜ, ਸਰਦਾਰ ਬਲਦੇਵ ਸਿੰਘ ਦਿਓਲ, ਸਰਦਾਰ ਹਰਜਿੰਦਰ ਸਿੰਘ ਸੰਧੂ, ਸਰਦਾਰ ਅਜੈਬ ਸਿੰਘ ਗਰਚਾ, ਬੀਬੀ ਰਛਪਾਲ ਕੌਰ ਬੀਬੀ, ਚਰਨਜੀਤ ਕੌਰ ਕੌਰ, ਬੀਬੀ ਹਰਦੀਪ ਕੌਰ, ਸਰਦਾਰ ਜਸਮੇਰ ਸਿੰਘ ਹੋਠੀ, ਸਰਦਾਰ ਅਮੋਲਕ ਸਿੰਘ ਢਿੱਲੋ ਤੇ ਉਹਨਾਂ ਦੀ ਧਰਮ ਪਤਨੀ, ਸ਼੍ਰੀ ਧਰਮਪਾਲ ਮਹੇ, ਸਰਦਾਰ ਭੁਪਿੰਦਰ ਸਿੰਘ ਸੱਗੂ, ਸਰਦਾਰ ਨਛੱਤਰ ਸਿੰਘ ਭੋਗਲ, ਕਵੀ ਦਿਲਬਰ ਜੀ, ਹੀਰਾ ਮਸਤਾਨਾ, ਰਜਿੰਦਰਜੀਤ, ਸਰਦਾਰ ਅਮਰੀਕ ਸਿੰਘ ਧੌਲ, ਅਤੇ ਸਰਦਾਰ ਤਰਲੋਚਨ ਸਿੰਘ ਚੰਨ ਜੰਡਿਆਲਵੀ ਜ਼ਿਕਰਯੋਗ ਹਨ। ਦਿਲਬਰ ਜੀ, ਸੱਗੂ ਸਾਹਿਬ, ਰਾਏ ਮਹਿੰਦਰ ਸਿੰਘ, ਸਰਦਾਰ ਕੁਲਵੰਤ ਸਿੰਘ ਢੇਸੀ, ਧਰਮਪਾਲ ਮਹੇ ਅਤੇ ਚੰਨ ਜੰਡਿਆਲਵੀ ਦੀਆਂ ਕਵਿਤਾਵਾਂ ਤੇ ਰਜਿੰਦਰਜੀਤ ਸਿੰਘ ਦੀ ਪੇਸ਼ਕਾਰੀ ਨੇ ਚੰਗਾ ਰੰਗ ਬੰਨਿਆ।
ਜਿੱਥੇ ਦਿਲਬਰ ਸਾਹਿਬ ਤੇ ਧਰਮਪਾਲ ਜੀ ਦੀਆਂ ਕਵਿਤਾਵਾਂ ਨੇ ਪੰਜਾਬ ਦੇ ਪ੍ਰਤੀ ਉਹਨਾਂ ਦੀ ਸੰਵੇਦਨਸ਼ੀਲਤਾ ਨੂੰ ਪੇਸ਼ ਕੀਤਾ ਉੱਥੇ ਮਿਸ਼ਨਰੀ ਸਾਹਿਬ ਦਾ ਸ਼ਬਦ ਨੂੰ ਲੈ ਕੇ ਵਿਆਖਿਆਨ ਅਤੇ ਢੇਸੀ ਸਾਹਿਬ ਦੀ ਅੱਖਰ ਨੂੰ ਲੈ ਕੇ ਕਵਿਤਾ ਬੇਮਿਸਾਲ ਹੋ ਨਿਬੜੀ।
ਬੈਂਸ ਸਾਹਿਬ ਦੀ ਉਰਦੂ ਸ਼ਾਇਰੀ, ਹਰਜਿੰਦਰ ਸੰਧੂ ਦੀ ਨਵੀਂ ਕਵਿਤਾ ਤੇ ਸਭ ਤੋਂ ਉੱਪਰ ਚੰਨ ਜੰਡਿਆਲਵੀ ਸਾਹਿਬ ਦੀ ਮਜ਼ਾਹ ਭਰਪੂਰ ਪੇਸ਼ਕਾਰੀ ਨੇ ਇੱਕ ਵਾਰ ਤਾਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਚੰਨ ਸਾਹਿਬ ਨੇ 18 ਸਾਲ ਦੀ ਉਮਰ ਵਿੱਚ “ਮਧਾਣੀਆਂ” ਵਰਗਾ ਇੱਕ ਬੇਮਿਸਾਲ ਗੀਤ ਲਿਖਿਆ ਜਿਸ ਨੂੰ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੇ ਗਾ ਕੇ ਅਮਰ ਕਰ ਦਿੱਤਾ ਹੈ। ਅੱਜ ਇਸ ਗੀਤ ਦੇ ਦੇ ਬੋਲ ਅਕਸਰ ਹੀ ਇਸ ਦੇ ਲੋਕ ਗੀਤ ਹੋਣ ਦਾ ਭੁਲੇਖਾ ਪਾਉਂਦੇ ਹਨ।
ਬੂਟਾ ਪ੍ਰਦੇਸੀ ਵੱਲੋਂ ਮੁਹੰਮਦ ਰਫੀ ਦਾ ਗਾਇਆ ਹੋਇਆ ਗੀਤ ਤੇਰੇ ਪਿਆਰ ਮੇਂ ਐਹ ਕਵਿਤਾ ਕਹੀ ਮੈਂ ਕਹੀਂ ਕਵੀ ਨਾ ਬਣ ਜਾਊਂ, ਪੇਸ਼ ਕਰਕੇ ਰਫੀ ਸਾਹਿਬ ਦੀ ਯਾਦ ਤਾਜ਼ਾ ਕਰਵਾ ਦਿੱਤੀ।
ਇਸ ਮੇਲੇ ਵਿੱਚ ਗਿੰਮੀ – ਲੋਧੀ ਪਰਿਵਾਰ ਦੀਆਂ ਤਿੰਨ ਪੁਸ਼ਤਾਂ ਨੇ ਹਾਜ਼ਰੀ ਲਵਾਈ। ਸਮਾਗਮ ਦੇ ਅੰਤ ਵਿੱਚ ਬੀਬੀ ਸ਼ਗੁਫਤਾ ਨੇ ਅਤੇ ਉਨਾਂ ਦੇ ਸਪੁੱਤਰ ਹਮਜ਼ਾ ਲੋਧੀ ਨੇ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ। ਯੂਰਪੀ ਪੰਜਾਬੀ ਸੱਥ ਦੇ ਪੰਜਾਬੀ ਬੋਲੀ ਦੇ ਪ੍ਰਚਾਰ ਪ੍ਰਸਾਰ ਅਤੇ ਹੋਰ ਉਪਰਾਲਿਆਂ ਵਾਂਗ ਇਹ ਸਮਾਗਮ ਵੀ ਯਾਦਗਾਰੀ ਹੋਰ ਨਿਬੜਿਆ।