ਅਸ਼ੋਕ ਵਰਮਾ
ਬਠਿੰਡਾ-ਜਿਮਨੀ ਚੋਣ ਦੇ ਐਲਾਨ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਗਿੱਦੜਬਾਹਾ ’ਚ ਆਪਣੇ ‘ਸਿਆਸੀ ਸ਼ਰੀਕ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ ਖ਼ਿਲਾਫ਼ ਆਪਣੇ ਸੁਰ ਤਿੱਖੇ ਕਰ ਲਏ ਹਨ। ਗਿੱਦੜਬਾਹਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਨੇ ਰਾਜਾ ਵੜਿੰਗ ਨੂੰ ‘ਗਿੱਦੜ’ ਅਤੇ ਮੁੱਖ ਮੰਤਰੀ ਪੰਜਾਬ ਨਾਲ ਰਲਿਆ ਹੋਇਆ ਤੱਕ ਆਖ ਦਿੱਤਾ। ਮਨਪ੍ਰੀਤ ਬਾਦਲ ਦੇ ਤੇਵਰਾਂ ਤੋਂ ਜਾਪਦਾ ਹੈ ਕਿ ਉਹ ਇਸ ਚੋਣ ਦੌਰਾਨ ਰਾਜਾ ਵੜਿੰਗ ਨੂੰ ਸਿੱਧੇ ਨਿਸ਼ਾਨੇ ਤੇ ਰੱਖਕੇ ਸਿਆਸੀ ਸ਼ਰੀਕੇ ਦੀ ਲੜਾਈ ਲੜਨ ਦੀ ਤਿਆਰੀ ’ਚ ਹਨ। ਇਸ ਮੌਕੇ ਸਾਬਕਾ ਖ਼ਜ਼ਾਨਾ ਮੰਤਰੀ ਨੇ ਦੋਸ਼ ਲਾਇਆ ਕਿ ਰਾਜਾ ਵੜਿੰਗ ਅੱਜ ਤੱਕ ਸੀਐਮ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ ਬਲਕਿ ਇਹ ਕੰਮ ਬਾਜਵਾ ਆਦਿ ਆਗੂਆਂ ਨੇ ਸੰਭਾਲਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਸੀਐਮ ਘੁਰਕੀ ਵੱਟਦੇ ਹਨ ਤਾਂ ਰਾਜਾ ਵੜਿੰਗ ਦਾ ਖੂਨ ਸਫੈਦ ਹੋ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਆਸ ਲਾਈ ਬੈਠੇ ਹੋ ਕਿ ਰਾਜਾ ਵੜਿੰਗ ਤੁਹਾਨੂੰ ਡਿੰਪੀ ਤੇ ਸਨੀ ਹੋਰਾਂ ਤੋਂ ਬਚਾ ਲਊ ਤਾਂ ਇਹ ਤੁਹਾਡੀ ਭੁੱਲ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜੇਕਰ ਗਿੱਦੜਾਂ ਦਾ ਲੀਡਰ ਸ਼ੇਰ ਬਣ ਜਾਏ ਤਾਂ ਗਿੱਦੜ ਵੀ ਸ਼ੇਰ ਬਣ ਜਾਂਦੇ ਹਨ ਅਤੇ ਜੇ ਸ਼ੇਰਾਂ ਦਾ ਲੀਡਰ ਗਿੱਦੜ ਬਣ ਜਾਏ ਤਾਂ ਸ਼ੇਰ ਵੀ ਗਿੱਦੜ ਬਣ ਜਾਂਦੇ ਹਨ। ਉਨ੍ਹਾਂਕਿਹਾ ਕਿ ਰਾਜਾ ਵੜਿੰਗ ਗਿੱਦੜ ਹੈ ਜਿਸ ਦੀ ਤਸਦੀਕ ਗਿੱਦੜਬਾਹਾ ਹਲਕੇ ਦੇ ਲੋਕਾਂ ਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮਿਊਂਸਿਪਲ ਕਮੇਟੀ ਦੀਆਂ ਚੋਣਾਂ ਸਨ ਰਾਜਾ ਵੜਿੰਗ ਮੇਰੀ ਗੱਡੀ ’ਚ ਬੈਠ ਕੇ ਗਿਆ ਸੀ । ਰਾਜਾ ਵੜਿੰਗ ਨੂੰ ਡਰ ਸੀ ਕਿ ਜੇਕਰ ਮੇਰੀ ਗੱਡੀ ਅੱਗੇ ਨਿਕਲ ਗਈ ਤਾਂ ਪਿੱਛੋਂ ਲੋਕ ਉਸ ਨੂੰ ਕੁੱਟ ਨਾਂ ਦੇਣ।
ਉਨ੍ਹਾਂ ਕਿਹਾ ਕਿ ਮੈਂ ਦਿੱਲੀ ਜਾਣਾ ਸੀ ਤਾਂ ਰਾਜਾ ਵੜਿੰਗ ਨੇ ਮੈਨੂੰ ਰੋਕਣ ਲਈ ਦੋ ਘੰਟੇ ਮਿਨਤਾਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਜਿਓ ਹੀ ਮੈਂ ਦਿੱਲੀ ਜਾਣ ਲਈ ਨਿਕਲਿਆ ਤਾਂ ਰਾਜਾ ਵੜਿੰਗ ਵੀ ਤੁਰੰਤ ਭੱਜ ਗਿਆ। ਪਹਿਲਾ ਮੌਕਾ ਨਹੀਂ ਕਿ ਦੋਵਾਂ ’ਚ ਇਹ ਸਿਆਸੀ ਜੰਗ ਭੜਕੀ ਹੈ ਸਗੋਂ ਇਹ ਸਿਲਸਿਲਾ ਤਾਂ 2019 ਦੀਆਂ ਲੋਕ ਸਭਾ ਚੋਣਾਂ ਵੇਲੇ ਤੋਂ ਚੱਲ ਰਿਹਾ ਹੈ। ਉਦੋਂ ਮਨਪ੍ਰੀਤ ਬਾਦਲ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਤੇ ਵਿੱਤ ਮੰਤਰੀ ਸਨ ਅਤੇ ਰਾਜਾ ਵੜਿੰਗ ਨੇ ਸੰਸਦੀ ਹਲਕਾ ਬਠਿੰਡਾ ਤੋਂ ਮਨਪ੍ਰੀਤ ਬਾਦਲ ਦੀ ਸਕੀ ਭਰਜਾਈ ਹਰਸਿਮਰਤ ਕੌਰ ਬਾਦਲ ਖਿਲਾਫ ਚੋਣ ਲੜੀ ਤੇ ਹਾਰ ਗਏ ਸਨ। ਬਠਿੰਡਾ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚੋਂ ਚਾਰ ਰਾਜਾ ਵੜਿੰਗ ਦੇ ਹੱਕ ਵਿੱਚ ਅਤੇ ਪੰਜ ’ਚ ਹਰਸਿਮਰਤ ਦੇ ਪੱਖ ’ਚ ਭੁਗਤੇ ਸਨ।
ਇਸ ਮੌਕੇ ਹਰਸਿਮਰਤ ਦੀਆਂ ਬਠਿੰਡਾ ਸ਼ਹਿਰ ਵਿੱਚੋਂ 3,743 ਵੋਟਾਂ ਵਧੀਆਂ ਸਨ। ਹਰਸਿਮਰਤ ਦੀ ਇਸ ਲੀਡ ਨੇ ਹੀ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਕਿਉਂਕਿ ਸਾਲ 2017 ’ਚ ਸ਼ਹਿਰੀ ਹਲਕੇ ਤੋਂ 18 ਹਜ਼ਾਰ ਤੋਂ ਵੱਧ ਵੋਟਾਂ ਨਾਲ ਮਨਪ੍ਰੀਤ ਬਾਦਲ ਦੇ ਰੂਪ ’ਚ ਜਿੱਤਣ ਵਾਲੀ ਕਾਂਗਰਸ 2019 ’ਚ ਕਿਸ ਤਰਾਂ ਹਾਰ ਗਈ ਇਹ ਗੱਲ ਰਾਜਾ ਵੜਿੰਗ ਨੂੰ ਹਜਮ ਨਹੀਂ ਹੋਈ । ਉਦੋਂ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਬਠਿੰਡਾ ਤੋਂ ਰਾਜਾ ਵੜਿੰਗ ਦੀ ਵੋਟ ਘਟੀ ਤਾਂ ਇਹ ਉਸ ਦੀ ਸਿਆਸੀ ਮੌਤ ਹੋਵੇਗੀ। ਇਸ ਦੇ ਬਾਵਜੂਦ ਸ਼ਹਿਰੀ ਹਲਕੇ ’ਚ ਰਾਜਾ ਵੜਿੰਗ ਦੀ ਹਾਰ ਨੇ ਦੋਵਾਂ ਵਿਚਕਾਰ ਦੁਸ਼ਮਣਾ ਵਰਗੀ ਸਿਆਸੀ ਨਰਾਜ਼ਗੀ ਪੈਦਾ ਕਰ ਦਿੱਤੀ। ਰਾਜਾ ਵੜਿੰਗ ਦਾ ਮੰਨਣਾ ਸੀ ਕਿ ਸ਼ਹਿਰੀ ਹਲਕੇ ’ਚ ਉਸ ਦੀ ਹਾਰ ਦਾ ਕਾਰਨ ਹਰਸਿਮਰਤ ਅਤੇ ਮਨਪ੍ਰੀਤ ਬਾਦਲ ਵਿਚਕਾਰ ਦਿਉਰ ਭਰਜਾਈ ਦਾ ਰਿਸ਼ਤਾ ਸੀ ।
ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ’ਤੇ ਮੁਖ਼ਾਲਫ਼ਤ ਕਰਨ ਦੇ ਗੰਭੀਰ ਦੋਸ਼ ਲਾਏ ਸਨ। ਹੁਣ ਤਾਂ ਮਨਪ੍ਰੀਤ ਬਾਦਲ ਨੇ ਰਾਜਾ ਵੜਿੰਗ ਨੂੰ ਨਿਸ਼ਾਨਾ ਬਣਾਇਆ ਹੈ ਬਲਕਿ ਮੌਕਾ ਹੱਥ ਲੱਗਣ ਤੇ ਰਾਜਾ ਵੜਿੰਗ ਨੇ ਇਕੱਲੇ ਮਨਪ੍ਰੀਤ ਬਾਦਲ ਹੀ ਨਹੀਂ ਬਲਕਿ ਸਮੂਹ ਬਾਦਲਾਂ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ। ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ ਜਿਸ ਨੇ ਉਸ ਨੂੰ ਹੋਰ ਵੀ ਸਿਆਸੀ ਤਾਕਤ ਬਖਸ਼ ਦਿੱਤੀ । ਸਾਲ 2022 ’ਚ ਚੋਣ ਰੈਲੀ ਨੂੰ ਸੰਬੋਧਨ ਦੌਰਾਨ ਰਾਜਾ ਵੜਿੰਗ ਨੇ ਸਟੇਜ ਤੋਂ ਸਮੂਹ ਬਾਦਲਾਂ ਨੂੰ ਹਰਾਉਣ ਦਾ ਸੱਦਾ ਦੇ ਦਿੱਤਾ ਸੀ । ਕੁੱਝ ਸਮਾਂ ਪਹਿਲਾਂ ਵੀ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਖਿਲਾਫ ਸਿਆਸੀ ਹੱਲਾ ਬੋਲਿਆ ਸੀ ਅਤੇ ਸਾਬਕਾ ਵਿੱਤ ਮੰਤਰੀ ਨੇ ਰਾਜਾ ਵੜਿੰਗ ਨੂੰ ਗਿੱਦੜ ਤੱਕ ਕਰਾਰ ਦਿੱਤਾ ਹੈ।
ਲੋਕ ਕਰਨਗੇ ਗਿੱਦੜ ਤੇ ਸ਼ੇਰ ਦਾ ਫੈਸਲਾ
ਆਮ ਲੋਕ ਤੈਅ ਕਰਨਗੇ ਕਿ ਗਿੱਦੜਬਾਹਾ ਦਾ ਅਗਲਾ ਸ਼ੇਰ ਕੌਣ ਹੈ ਤੇ ਕਿਹੜਾ ਗਿੱਦੜ ਬਣਦਾ ਹੈ। ਅਕਾਲੀ ਦਲ ਦੇ ਸੁਖਬੀਰ ਬਾਦਲ ,ਬੀਜੇਪੀ ਦੇ ਮਨਪ੍ਰੀਤ ਬਾਦਲ ਅਤੇ ਕਾਂਗਰਸ ਤਰਫੋਂ ਰਾਜਾ ਵੜਿੰਗ ਦੀ ਪਤਨੀ ਵੱਲੋਂ ਚੋਣ ਲੜਨ ਦੀ ਚਰਚਾ ਕਾਰਨ ਗਿੱਦੜਬਾਹਾ ਵੀਆਈਪੀ ਹਲਕਾ ਬਣ ਗਿਆ ਹੈ। ਸਾਲ 2022 ’ਚ ਅਕਾਲੀ ਉਮੀਦਵਾਰ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਾਰੇ ਹਾਲੇ ਭੇਤ ਬਣਿਆ ਹੋਇਆ ਹੈ। ਲੋਕ ਸਭਾ ਦੀ ਚੋਣ ਜਿੱਤਣ ਪਿੱਛੋ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫੇ ਕਾਰਨ ਹੁਣ ਜਿਮਨੀ ਚੋਣ ਕਰਵਾਈ ਜਾਣੀ ਹੈ।