ਅੰਮ੍ਰਿਤਸਰ-10 ਅਕਤੂੁਬਰ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਨੂੰ ਬੰਦ ਹੋ ਜਾਣਗੇ ਅਤੇ ਇਹ ਸਲਾਨਾ ਯਾਤਰਾ ਸਮਾਪਤ ਹੋ ਜਾਵੇਗੀ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਭਲਕੇ 9 ਅਕਤੂਬਰ ਨੂੰ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾ ਮੁਕਤ) ਇਸ ਪਾਵਨ ਅਸਥਾਨ ’ਤੇ ਨਤਮਸਤਕ ਹੋਣ ਲਈ ਪੁੱਜ ਰਹੇ ਹਨ। ਇਹ ਯਾਤਰਾ 25 ਮਈ ਨੂੰ ਆਰੰਭ ਹੋਈ ਸੀ ਅਤੇ ਲਗਭਗ ਸਾਢੇ ਚਾਰ ਮਹੀਨੇ ਚੱਲਣ ਤੋਂ ਬਾਅਦ 10 ਅਕਤੂਬਰ ਨੂੰ ਸਮਾਪਤ ਹੋ ਰਹੀ ਹੈ। ਇਸ ਦੌਰਾਨ ਦੋ ਲੱਖ ਤੋਂ ਵੱਧ ਯਾਤਰੂ ਇੱਥੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਸਮਾਪਤੀ ਸਮਾਗਮ ਦੇ ਸਬੰਧ ਵਿੱਚ ਅੱਜ ਅਖੰਡ ਪਾਠ ਆਰੰਭ ਕੀਤੇ ਗਏ ਹਨ ਜਿਸ ਤੇ ਭੋਗ 10 ਅਕਤੂਬਰ ਨੂੰ ਪੈਣਗੇ। ਦੁਪਹਿਰ ਦੀ ਅਰਦਾਸ ਮਗਰੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸ਼ੀਤ ਕਾਲ ਵਾਸਤੇ ਸੁਖਾਸਨ ਅਸਥਾਨ ’ਤੇ ਲਿਜਾਇਆ ਜਾਵੇਗਾ।
