ਸੰਯੁਕਤ ਰਾਸ਼ਟਰ-ਯੂਐੱਨ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਜੋ ਕਿ ਪੱਛਮੀ ਏਸ਼ੀਆ ਵਿਚ ਵਧਦੇ ਸੰਘਰਸ਼ ਦਰਮਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਹੰਗਾਮੀ ਬੈਠਕ ਕੀਤੀ ਦੀ ਪ੍ਰਧਾਨਗੀ ਕੀਤੀ। ਜਾਣਕਾਰੀ ਮੁਤਾਬਕ ਬੈਠਕ ਦੌਰਾਨ ਇਜ਼ਰਾਈਲ ਤੇ ਇਰਾਨ ਦੇ ਰਾਜਦੂਤਾਂ ਨੇ ਆਪੋ ਆਪਣਾ ਪੱਖ ਰੱਖਿਆ। ਯੂਐੱਨ ਵਿਚ ਇਰਾਨ ਦੇ ਰਾਜਦੂਤ ਆਮਿਰ ਸਈਦ ਇਰਾਵਾਨੀ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਨੇ ਮੰਗਲਵਾਰ ਨੂੰ ਇਜ਼ਰਾਈਲ ’ਤੇ ਕਰੀਬ 200 ਮਿਜ਼ਾਈਲਾਂ ਦਾਗ਼ੀਆਂ ਸਨ ਤਾਂ ਕਿ ਇਜ਼ਰਾਈਲ ਦੀ ਹਿੰਸਾ ਨੂੰ ਰੋਕਿਆ ਜਾ ਸਕੇ, ਜਦੋਂਕਿ ਉਨ੍ਹਾਂ ਦੇ ਇਜ਼ਰਾਇਲੀ ਹਮਰੁਤਬਾ ਡੈਨੀ ਡੈਨਨ ਨੇ ਇਸ ਹਮਲੇ ਨੂੰ ‘ਬੇਮਿਸਾਲ ਹਮਲਾਵਰ ਕਾਰਵਾਈ’ ਕਰਾਰ ਦਿੱਤਾ। ਇਜ਼ਰਾਇਲੀ ਰਾਜਦੂਤ ਡੈਨੀ ਡੈਨਨ ਨੇ ਕਿਹਾ, ‘ਤਣਾਅ ਘੱਟ ਕਰਨ ਲਈ ਖੋਖਲੇ ਸੱਦਿਆਂ ਦਾ ਸਮਾਂ ਖ਼ਤਮ ਹੋ ਗਿਆ ਹੈ। ਇਰਾਨ ਦਾ ਅਸਲੀ ਚਿਹਰਾ ਅਤਿਵਾਦ, ਮੌਤ ਤੇ ਅਰਾਜਕਤਾ ਹੈ। ਇਰਾਨ ਵਿਸ਼ਵ ਲਈ ਬਹੁਤ ਹੀ ਯਥਾਰਥਕ ਤੇ ਮੌਜੂਦਾ ਖ਼ਤਰਾ ਹੈ ਤੇ ਜੇ ਇਸ ਨੂੰ ਰੋਕਿਆ ਨਾ ਗਿਆ ਤਾਂ ਮਿਜ਼ਾਈਲ ਦੀ ਅਗਲੀ ਖੇਪ ਸਿਰਫ਼ ਇਜ਼ਰਾਈਲ ਵੱਲ ਸੇਧਤ ਨਹੀਂ ਹੋਵੇਗੀ।’ ਡੈਨਨ ਨੇ ਕਿਹਾ ਕਿ ਇਜ਼ਰਾਈਲ ਉਦੋਂ ਤੱਕ ਨਹੀਂ ਰੁਕੇਗਾ ਜਦੋਂ ਤੱਕ ਹਮਾਸ ਤੇ ਹੋਰ ਦਹਿਸ਼ਤਗਰਦਾਂ ਵੱਲੋਂ ਬੰਦੀ ਬਣਾਏ ਸਾਰੇ ਲੋਕ ਇਜ਼ਰਾਈਲ ਮੁੜ ਨਹੀਂ ਆਉਂਦੇ। ਇਰਾਨ ਦੇ ਰਾਜਦੂਤ ਆਮਿਰ ਸਈਦ ਇਰਾਵਾਨੀ ਨੇ ਕਿਹਾ ਕਿ ਖਿੱਤੇ ਵਿਚ ਇਜ਼ਰਾਇਲੀ ਹਿੰਸਾ ਵਧਣ ਮਗਰੋਂ ਤਹਿਰਾਨ ਨੂੰ ‘ਤਵਾਜ਼ਨ ਬਣਾਈ ਰੱਖਣ ਲਈ’ ਇਜ਼ਰਾਈਲ ’ਤੇ ਮਿਜ਼ਾਈਲਾਂ ਦੀ ਬੁਛਾੜ ਕਰਨੀ ਪਈ। ਇਰਾਨੀ ਰਾਜਦੂਤ ਨੇ ਕਿਹਾ ਕਿ ਮਿਜ਼ਾਈਲ ਹਮਲਾ ‘ਪਿਛਲੇ ਦੋ ਮਹੀਨਿਆਂ ਵਿਚ ਇਜ਼ਰਾਈਲ ਦੀਆਂ ਦਹਿਸ਼ਤੀ ਹਮਲਾਵਰ ਕਾਰਵਾਈਆਂ ਲਈ ਜ਼ਰੂਰੀ ਅਤੇ ਉਚਿਤ ਪ੍ਰਤਿਕਿਰਿਆ ਸੀ।’