ਲੰਡਨ-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਬ੍ਰਸੇਲਜ਼ ਦੇ ਦੌਰੇ ’ਤੇ ਰਵਾਨਾ ਹੋਏ ਅਤੇ ਇਸ ਤੋਂ ਪਹਿਲਾਂ ਇਜ਼ਰਾਈਲ ਖ਼ਿਲਾਫ਼ ਈਰਾਨ ਦੇ ਮਿਜ਼ਾਈਲ ਹਮਲਿਆਂ ਦੀ ਨਿੰਦਾ ਕੀਤੀ। ਇਸ ਦੌਰੇ ਦੌਰਾਨ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਨਾਲ ਉਨ੍ਹਾਂ ਦੀ ਗੱਲਬਾਤ ਵਿੱਚ ਇਹ ਮੁੱਦਾ ਏਜੰਡੇ ਵਿੱਚ ਮੁੱਖ ਰਹੇਗਾ। ਸਟਾਰਮਰ ਨੇ ਇਜ਼ਰਾਈਲੀ ਸੁਰੱਖਿਆ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਬ੍ਰਿਟੇਨ ਦੀ“ਮਜ਼ਬੂਤ ਵਚਨਬੱਧਤਾ”ਨੂੰ ਪ੍ਰਗਟ ਕਰਨ ਲਈ ਇਜ਼ਰਾਈਲੀ ਨੇਤਾ ਬੈਂਜਾਮਿਨ ਨੇਤਨਯਾਹੂ ਨਾਲ ਗੱਲ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਬ੍ਰਿਟੇਨ, ਇਜ਼ਰਾਈਲ ਅਤੇ ਉਸਦੇ “ਸਵੈ-ਰੱਖਿਆ ਦੇ ਅਧਿਕਾਰ” ਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਖੇਤਰੀ ਟਕਰਾਅ ਵਧਣ ਦੇ ਗੰਭੀਰ ਖ਼ਤਰੇ ਅਤੇ “ਸਾਰੀਆਂ ਧਿਰਾਂ ਵੱਲੋਂ ਸੰਜਮ ਨਾਲ ਤਣਾਅ ਨੂੰ ਘਟਾਉਣ ਦੀ ਤੁਰੰਤ ਲੋੜ” ਬਾਰੇ ਵਿਚਾਰ ਵਟਾਂਦਰੇ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਜਰਮਨ ਚਾਂਸਲਰ ਓਲਾਫ ਸ਼ੋਲਜ਼ ਨਾਲ ਫ਼ੋਨ ’ਤੇ ਗੱਲ ਕੀਤੀ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਮੰਗਲਵਾਰ ਰਾਤ ਨੂੰ ਲੰਡਨ ਦੀ 10 ਡਾਊਨਿੰਗ ਸਟਰੀਟ ਤੋਂ ਇੱਕ ਟੈਲੀਵਿਜ਼ਨ ਸੰਬੋਧਨ ਵਿੱਚ ਕਿਹਾ, “ਮੈਂ ਨਿਰਦੋਸ਼ ਇਜ਼ਰਾਈਲੀਆਂ ਨੂੰ ਨੁਕਸਾਨ ਪਹੁੰਚਾਉਣ ਅਤੇ ਇਸ ਅਵਿਸ਼ਵਾਸ਼ਯੋਗ ਤੌਰ ’ਤੇ ਖ਼ਤਰਨਾਕ ਸਥਿਤੀ ਨੂੰ ਵਧਾਉਣ ਦੀ ਇਸ ਕੋਸ਼ਿਸ਼ ਦੀ ਪੂਰੀ ਤਰ੍ਹਾਂ ਨਿੰਦਾ ਕਰਦਾ ਹਾਂ।” ਉਨ੍ਹਾਂ ਨੇ ਕਿਹਾ, “ਅਸੀਂ ਇਜ਼ਰਾਈਲ ਦੇ ਨਾਲ ਖੜੇ ਹਾਂ ਅਤੇ ਅਸੀਂ ਇਸ ਹਮਲੇ ਦੀ ਸਥਿਤੀ ਵਿੱਚ ਸਵੈ-ਰੱਖਿਆ ਦੇ ਅਧਿਕਾਰ ਨੂੰ ਮਾਨਤਾ ਦਿੰਦੇ ਹਾਂ।” ਸਟਾਰਮਰ ਨੇ ਇਰਾਨ ਨੂੰ “ਇਹਨਾਂ ਹਮਲਿਆਂ ਨੂੰ ਰੋਕਣ” ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਨੇ ਲੰਬੇ ਸਮੇਂ ਤੱਕ ਪੱਛਮੀ ਏਸ਼ੀਆ ਨੂੰ ਖਤਰੇ ਵਿੱਚ ਰੱਖਿਆ ਹੈ।”
