ਲੰਡਨ-ਬਰਤਾਨੀਆ ਦਾ ਆਖਰੀ ਕੋਲਾ-ਚਾਲਿਤ ਪਾਵਰ ਪਲਾਂਟ ਅੱਜ ਬੰਦ ਹੋ ਜਾਵੇਗਾ। ਜਾਣਕਾਰੀ ਮੁਤਾਬਕ ਯੂ.ਕੇ ਸਰਕਾਰ ਨੇ 2030 ਤੱਕ ਦੇਸ਼ ਦੀ ਸਾਰੀ ਊਰਜਾ ਨੂੰ ਨਵਿਆਉਣਯੋਗ ਸਰੋਤਾਂ ਤੋਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਦੇ ਬੰਦ ਹੋਣ ਨੂੰ ਮੀਲ ਪੱਥਰ ਵਜੋਂ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਇਸ ਪਾਵਰ ਪਲਾਂਟ ਨਾਲ ਉਦਯੋਗਿਕ ਕ੍ਰਾਂਤੀ ਨੂੰ ਜਨਮ ਦੇਣ ਵਾਲੀ ਦੇਸ਼ ਦੀ ਕੋਲਾ ਊਰਜਾ ਦੀ 142 ਸਾਲ ਪੁਰਾਣੀ ਪ੍ਰਣਾਲੀ ਦਾ ਅੰਤ ਹੋ ਜਾਵੇਗਾ। ਇਸ ਸਬੰਧੀ ਊਰਜਾ ਮੰਤਰੀ ਮਾਈਕਲ ਸ਼ੈਂਕਸ ਨੇ ਕਿਹਾ ਕਿ“ਪਲਾਂਟ ਦਾ ਬੰਦ ਹੋਣਾ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ ਅਤੇ ਕੋਲਾ ਕਰਮਚਾਰੀ 140 ਸਾਲਾਂ ਤੋਂ ਵੱਧ ਸਮੇਂ ਤੋਂ ਸਾਡੇ ਦੇਸ਼ ਨੂੰ ਬਿਜਲੀ ਪ੍ਰਦਾਨ ਕਰਨ ਦੇ ਆਪਣੇ ਕੰਮ ’ਤੇ ਮਾਣ ਮਹਿਸੂਸ ਕਰ ਸਕਦੇ ਹਨ। ਇੱਕ ਦੇਸ਼ ਦੇ ਤੌਰ ’ਤੇ ਅਸੀਂ ਪੀੜ੍ਹੀਆਂ ਦੇ ਰਿਣੀ ਹਾਂ।’’ ਉਸ ਨੇ ਕਿਹਾ, “ਕੋਲੇ ਦਾ ਯੁੱਗ ਭਾਵੇਂ ਖ਼ਤਮ ਹੋ ਰਿਹਾ ਹੈ, ਪਰ ਸਾਡੇ ਦੇਸ਼ ਲਈ ਚੰਗੀ ਊਰਜਾ ਦੀਆਂ ਨੌਕਰੀਆਂ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ।”
