ਜਸਤੇਜ ਸਿੱਧੂ

ਨਵੰਬਰ 18, 2018 ਵਿੱਚ ਮੇਰੇ ਜਿਗਰੀ ਯਾਰ ਦਮਨ ਦਾ ਰਿਸ਼ੀਕੇਸ ਤੋਂ ਸੁਨੇਹਾ ਆਇਆ ਕਿ ਮੈਂ ਉਸਨੂੰ ਮਿਲ ਜਾਂ ਆ ਕੇ। ਬੀਮਾਰ ਬਹੁਤ ਸੀ ਮੇਰਾ ਦੋਸਤ ।
ਬੱਸ ਚਾਰ ਦਿਨਾਂ ਵਿੱਚ ਪਹੁੰਚਿਆ ਕੰਮ ਕਾਰ ਛੱਡ ਕੇ। ਖ਼ੁਦ ਗਰਜ ਨਹੀਂ ਸੀ ਹੋ ਸਕਦਾ ਮੈਂ ਇੰਨਾਂ , ਯਾਰੀ ਨਿਭਾਈ ਆਉਂਦੀ ਸੀ ਹਾਲੇ। ਰਿਸ਼ੀਕੇਸ ਆਸ਼ਰਮ ਵਿੱਚ ਪਹੁੰਚਿਆ, ਜਿੱਥੇ ਸੰਨਿਆਸ ਲੈ ਕੇ, ਹੁਣ ਬੀਮਾਰ ਪਿਆ ਸੀ ਮੇਰਾ ਦੋਸਤ।
ਬੱਸ ਚਾਰ ਦਿਨਾਂ ਦਾ ਪਰਾਹੁਣਾ ਸੀ ਮੇਰਾ ਦੋਸਤ। ਇੱਕ ਸੰਨਿਆਸੀ ਸਿਰ ਘੁੱਟ ਰਿਹਾ ਸੀ ਉਸਦਾ । ਮੈਨੂੰ ਦੇਖ ਕੇ ਦਿੱਲ ਭਰ ਆਇਆ ਸੀ ਉਸਦਾ । ਉਸਨੇ ਦੱਸਿਆ ਕਿ ਡਾਕਟਰ ਨੇ ਜਵਾਬ ਦੇ ਦਿੱਤਾ ਹੈ, ਕੈਂਸਰ ਦੀ ਨਾਮੁਰਾਦ ਬੀਮਾਰੀ ਹੈ ਉਸਨੂੰ ਤੇ ਹੁਣ ਬੱਸ ਦਿਨ ਥੋੜੇ ਹਨ ਉਸਦੇ।
ਸਿਰ ਚੱਕਰਾ ਗਿਆ ਮੇਰਾ, ਅੰਦਰੋਂ ਨੀਲੀ ਛੱਤਰੀ ਵਾਲੇ ਨੂੰ ਹਜ਼ਾਰਾਂ ਸੁਆਲ ਕਰ ਰਿਹਾ ਸੀ ਮੈਂ ।
ਓ ਮੇਰੇ ਰੱਬਾ, ਮੇਰਾ ਦੋਸਤ ਤਾਂ ਤੇਰਾ ਭਗਤ ਸੀ, ਸੰਨਿਆਸੀ ਸੀ। ਫਿਰ ਐਡਾ ਵੱਡਾ ਦੁੱਖ ਤੂੰ ਲਾ ਦਿੱਤਾ ਤੂੰ ਇਸਨੂੰ ।
ਬਹੁਤ ਗੱਲਾਂ ਸਾਂਝੀਆਂ ਕੀਤੀ ਮੇਰੇ ਯਾਰ ਨੇ ਆਖਰੀ ਵਾਰੀ ਦੀਆਂ। ਯਾਦ ਆਈ ਜਦੋਂ ਦਮਨ ਤੇ ਮੈਂ ਨਵੇਂ ਬੱਸ ਅੱਡੇ ਲੁਧਿਆਣੇ ਤੇ ਮਿਲੇ ਸੀ। ਦਮਨ ਲੜ ਰਿਹਾ ਸੀ ਇੱਕ ਕੰਡਕਟਰ ਨਾਲ, ਇੱਕ ਗਰੀਬ ਬੰਦੇ ਲਈ,ਜਿਸਨੂੰ ਬੱਸ ਤੋਂ ਲਾ ਦਿੱਤਾ ਗਿਆ ਸੀ,ਪੈਸੇ ਨਾ ਹੋਣ ਕਰਕੇ। ਅੰਤਾਂ ਦੀ ਹਮਦਰਦੀ ਸੀ, ਉਸ ਦੇ ਮਨ ਅੰਦਰ ਗ਼ਰੀਬਾਂ ਲਈ।
ਦਮਨ ਨੇ ਐਮ ਐਸ ਸੀ ਪੜਾਈ ਕੀਤੀ ਤੇ ਦਿੱਲੀ ਜਾ ਕੇ ਲੋਕ ਸੰਪਰਕ ਵਿੱਭਾਗ ਵਿੱਚ ਅਫਸਰ ਲੱਗਾ । ਉੱਥੇ ਹੀ ਵਿਆਹ ਕਰਵਾਇਆ ਬਨਾਰਸੀ ਕੁੜੀ ਨਾਲ । ਕੁਦਰਤ ਨੇ ਔਲਾਦ ਦਾ ਸੁੱਖ ਨਾਂ ਦਿੱਤਾ ਤੇ ਜੀਵਨ ਸਾਥਣ ਵੀ ਛੱਡ ਕੇ ਤੁਰ ਗਈ। ਬੱਸ ਬੈਰਾਗੀ ਹੋ ਗਿਆ ਸੀ ਮੇਰਾ ਯਾਰ।
ਮਨ ਦਾ ਸੁੱਖ ਲੱਭਦਾ ਲੱਭਦਾ, ਸੰਨਿਆਸੀ ਹੋ ਕੇ ਕੁਦਰਤੀ ਵਾਦੀਆਂ ਵਿੱਚ ਸਮਾਂ ਕੇ
ਰਿਸ਼ੀਕੇਸ ਆਸ਼ਰਮ ਵਿੱਚ ਪੱਕਾ ਰਹਿਣ ਲੱਗਾ ਸੀ। ਪੁੱਛਿਆ ਮੈਂ ਉਸਨੂੰ ਕਿ ਰੱਬ ਮਿਲਿਆ, ਮਨ ਦੀ ਸ਼ਾਂਤੀ ਮਿਲੀ ਸੰਨਿਆਸੀ ਬਣਕੇ। ਕਹਿਣ ਲੱਗਾ, ਨਹੀਂ ।
ਫਿਰ ਸਿਰ ਘੁੰਮ ਗਿਆ ਸੀ ਮੇਰਾ, ਘਰ ਬਰ ਛੱਡ ਕੇ ਮੇਰਾ ਦੋਸਤ ਸੰਨਿਆਸੀ ਬਣਿਆ, ਰੱਬ ਦੀ ਭਗਤੀ ਕੀਤੀ ਪਰ ਰੱਬਾ ਤੂੰ ਫਿਰ ਵੀ ਨਹੀਂ ਮਿਲਿਆ।
ਮੈਂ ਰੱਬੀ ਕੁਦਰਤ ਤੋਂ ਬੇਮੁੱਖ ਹੋ ਰਿਹਾ ਸੀ ਹੁਣ। ਫਿਰ ਬੰਦਾ ਕਿੱਥੇ ਕਰੇ ਰੱਬੀ ਤਲਾਸ਼ , ਜੇ ਸੰਨਿਆਸੀ ਨੂੰ ਭਗਤੀ ਕਰਕੇ ਵੀ ਮਨ ਦੀ ਸ਼ਾਂਤੀ ਨਾਂ ਮਿਲੇ ।
ਦਮਨ ਦੇ ਮਾਂ ਬਾਪ ਵੀ ਚੱਲ ਤੁਰੇ ਸਨ , ਉਮਰ ਹੰਢਾ ਕੇ।
ਮਾਂ ਦੇ ਘਰ ਪਿੰਡ ਜਾ ਕੇ ਸਵਾਸ ਪੂਰੇ ਕਰਨਾ ਚਾਹੁੰਦਾ ਸੀ।
ਮਾਂ ਦੇ ਘਰ, ਖੁੱਲੇ ਬਗ਼ੀਚੇ ਵਿੱਚ ਸਦਾ ਸਦਾ ਲਈ ਵੱਸਣ ਦੀ ਤਿਆਰੀ ਕਰ ਰਿਹਾ ਸੀ ਹੁਣ ਦਮਨ।
ਛੇਤੀ ਟਰੱਕ ਵਿੱਚ ਪਾ ਕੇ ਪਿੰਡ ਲੈ ਕੇ ਆਏ ਉਸਨੂੰ ।
ਮਾਂ ਦੇ ਬਗ਼ੀਚੇ ਵਿੱਚ, ਰਹਿਣ ਦਿਓ, ਮੈਨੂੰ । ਕਮਰੇ ਵਿੱਚ ਨਾਂ ਲੈ ਕੇ ਜਾਇਓ। ਇਹ ਹੁਕਮ ਕਰ ਦਿੱਤਾ ਉਸਨੇ ਸਾਨੂੰ ।
ਮੈਨੂੰ ਲੱਗਦਾ ਸੀ ਕਿ ਅੱਜ ਮੇਰੇ ਯਾਰ ਦੀ ਭਗਤੀ ਪੂਰੀ ਹੋਣ ਵਾਲੀ ਹੈ, ਹੁਣ ਮਾਂ ਦੇ ਬਗ਼ੀਚੇ ਵਿੱਚ।
ਪੂਰੇ ਦੋ ਘੰਟੇ ਨਿਹਾਰਦਾ ਰਿਹਾ ਮੇਰਾ ਯਾਰ, ਮਾਂ ਦੇ ਬਗ਼ੀਚੇ ਨੂੰ , ਹੁਣ ਦੁੱਗਣਾ ਕਰ, ਚੱਲ ਬੱਸਿਆ ਸੀ ਮੇਰਾ ਸੰਨਿਆਸੀ ਯਾਰ।
ਮਾਂ ਦਾ ਬਗ਼ੀਚੇ ਵਿੱਚ ਵੱਸਦਾ ਹੈ ਦਮਨ ਹਮੇਸ਼ਾ ਲਈ ।
ਜਸਤੇਜ ਸਿੱਧੂ
ਨਿਊਜਰਸੀ
908-209-0050