ਮਨਜੀਤ। ਸਿੰਘ ਸਰਾਂ / ਟਰਾਂਟੋ

ਇਸ ਵਾਰ ਪੰਜਾਬ ‘ਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋ ਜਾ ਰਹੀਆਂ ਹਨ। ਬੇਸ਼ੱਕ ਕੋਈ ਇਹ ਨਵੀ ਗੱਲ ਨਹੀ ਹੈ ਪਰ ਅਸੀ ਹਰ ਵਾਰ ਇੱਕ ਆਸ ‘ਚ ਵੋਟ ਪਾਉਂਦੇ ਹਾਂ ਕਿ ਸ਼ਾਇਦ ਕੋਈ ਇਸ ਵਾਰ ਅਜਿਹਾ ਸਰਪੰਚ ਬਣ ਜਾਵੇ ਜੋ ਪੰਚਾਇਤੀ ਜ਼ਮੀਨਾਂ ਦੇ ਮਾਮਲੇ, ਪੰਚਾਇਤੀ ਗਰਾਂਟਾਂ ਜਾਂ ਹੋਰ ਪਿੰਡ ਪੱਧਰ ਦੇ ਫਾਇਦਿਆਂ ਨੂੰ ਪਿੰਡ ਦੇ ਹਿੱਤਾਂ ਲਈ ਲਾਉਣ ਵਾਲਾ ਸਾਊ ਪੁੱਤ ਮਿਲ ਜਾਵੇ। ਅਸੀ ਪੰਜਾਬੀ ਸਰਕਾਰਾਂ ਖ਼ਿਲਾਫ਼ ਧਰਨੇ ਲਾ ਕੇ ਸਰਕਾਰਾਂ ਦੀਆਂ ਜੀਭਾਂ ਤਾਂ ਕਢਾ ਸਕਦੇ ਹਾਂ ਪਰ ਵੋਟਾਂ ਆਉਂਦੇ ਹੀ ਉਨਾਂ ਹੀ ਸਿਆਸੀ ਨੇਤਾਵਾਂ ਸਾਹਮਣੇ ਗੋਡਨੇ ਪਰਨੀ ਹੋ ਜਾਂਦੇ ਹਾਂ। ਬੁਹਤੇ ਦੋ ਹਫ਼ਤਿਆਂ ਲਈ ਮੁਫ਼ਤ ਦੇ ਕੌੜੇ ਪਾਣੀ ਤੇ ਕੁੱਕੜਾਂ ਦੀਆਂ ਲੱਤਾਂ ਲਈ ਆਪਣਾ ਜ਼ਮੀਰ ਵੇਚ ਦਿੰਦੇ ਆ, ਕੋਈ ਨਾਲ ਲੱਗਦੀ ਨਿਆਂਈ ਦੀ ਸ਼ਾਮਲਾਟ ‘ਚ ਰੂੜੀ ਲਾਉਣ ਦੀ ਝਾਕ ਉੱਤੇ ਤੇ ਕੋਈ ਪੰਚਾਇਤੀ ਜ਼ਮੀਨ ਵਾਹੁਣ ਲਈ ਆਪਣਾ ਜ਼ਮੀਰ ਤੁੱਚੇ ਜਿਹੇ ਬੰਦੇ ਨੂੰ ਵੋਟ ਪਾਕੇ 5 ਸਾਲਾਂ ਲਈ ਛਿੱਤਰਾਂ ਦੀ ਥਾਂ ਬਣਾ ਲੈਂਦੇ ਹਾਂ। ਅਸੀ ਹਰ ਖੇਤਰ ‘ਚ ਸਫ਼ਲ ਹੁੰਦੇ ਹਾਂ ਤੇ ਹਰ ਮੋਰਚਾ ਫਤਿਹ ਕਰ ਲੈਨੇ ਆਂ ਪਰ ਅਫ਼ਸੋਸ ਕਿ ਸਾਨੂੰ ਇੱਕ ਨੇਤਾ ਚੁਣਨਾ ਨਹੀਂ ਆਉਂਦਾ। ਹੋਰ ਤੇ ਹੋਰ ਆਪਣੇ ਪਿੰਡ ਦੀ 1500- 2000 ਵੋਟਾਂ ਚੋ ਇੱਕ ਚੱਜ ਦਾ ਬੰਦਾ ਨਹੀ ਚੁਣ ਸਕਦੇ। ਸਰਪੰਚ ਚੁਣਨ ਸਮੇਂ ਅਸੀ ਪਿੰਡ ਦੇ ਪਾਸਿਆਂ, ਪੱਤੀਆਂ ਜਾਂ ਅਗਵਾੜਾਂ ‘ਚ ਵੰਡੇ ਜਾਂਦੇ ਹਾਂ। ਸਰਪੰਚੀ ਆਪਣੀ ਪੱਤੀ ਜਾਂ ਪਾਸੇ ਰੱਖਣ ਲਈ ਦੂਜੇ ਪਾਸੇ ਦੇ ਚੰਗੇ ਬੰਦੇ ਨੂੰ ਨਕਾਰ ਕੇ ਇੱਕ ਮਾੜੇ ਬੰਦੇ ਨੂੰ ਚੁਣ ਲੈਂਦੇ ਹਾਂ ਜੋ 5 ਸਾਲ ਪਿੰਡ ਦੇ ਮਾਮਲੇ,ਗਰਾਂਟਾਂ ਤੇ ਹੋਰ ਸ਼ਾਮਲਾਟਾਂ ‘ਚ ਰੱਜ ਕੇ ਡਕਾਰ ਮਾਰਦਾ ਹੈ। ਸਾਡੀ ਇੱਕ ਧਾਰਨਾ ਬਣੀ ਹੋਈ ਕਿ ਪਿੰਡ ਦਾ ਸ਼ਰਪੰਚ ਘੈਂਟ ਜਿਹਾ ਹੋਣਾ ਚਾਹੀਦਾ ਹੈ ਜੋ ਥਾਣਿਆਂ ਕਚਹਿਰੀਆਂ ‘ਚ ਕੰਮ ਕਰਵਾ ਸਕੇ ਭਾਵ ਬਣਨ ਵਾਲਾ ਸਰਪੰਚ ਸਿਆਸੀ ਤੇ ਛਟਿਆ ਹੋਇਆ ਹੋਵੇ ਕਿਉਂਕਿ ਸਾਡੀ ਸੋਚ ਸਿਰਫ ਥਾਣਿਆਂ ਕਚਹਿਰੀਆਂ ਤੱਕ ਹੀ ਰੁੱਕੀ ਹੋਈ ਹੈ। ਜੋ ਬੰਦਾ ਥਾਣਿਆਂ ‘ਚ ਗੰਢਤੁੱਪ ਕਰਨ ਵਾਲਾ ਹੋਊ, ਉਸ ਤੋਂ ਕੀ ਉਮੀਦ ਰੱਖੋਗੇ ਕਿ ਉਹ ਪਿੰਡ ਚ’ ਨਸ਼ਾ ਖਤਮ ਕਰਨ ਲਈ ਕੋਈ ਉੱਦਮ ਕਰੂ ? ਅਸੀ ਅਕਸਰ ਦੇਖਦੇ ਹਾਂ ਪਹਿਲਾਂ ਚੋਣਾਂ ‘ਚ ਸਿਰਫ ਦਾਰੂ ਜਾਂ ਪੋਸਤ ਦਾ ਇਸਤੇਮਾਲ ਹੁੰਦਾ ਸੀ ਤੇ ਹੁਣ ਚੋਣਾਂ ਦਰਮਿਆਨ ਸ਼ਰਾਬ, ਗੋਲੀਆਂ, ਕੈਪਸੂਲ ਤੇ ਚਿੱਟਾ ਵੰਡਿਆ ਜਾਂਦਾ ਹੈ। ਸਰਪੰਚੀ ਹਾਸਿਲ ਕਰਨ ਤੋ ਬਾਅਦ ਅਜਿਹਾ ਬੰਦਾ ਤੁਹਾਡੀਆਂ ਜੜ੍ਹਾਂ ‘ਚ ਬੈਠੂ ਹੀ ਬੈਠੂ। ਸੋ ਕਿਸੇ ਪੜ੍ਹੇ ਲਿਖੇ ਤੇ ਕਾਬਿਲ ਬੰਦੇ ਨੂੰ ਸਰਪੰਚੀ ਲਈ ਚੁਣੋ ਜੋ ਭਾਵੇਂ ਥਾਣੇ ਕਚਹਿਰੀਆਂ ‘ਚ ਨਾਂ ਜਾ ਸਕਦਾ ਹੋਵੇ ਪਰ ਪਿੰਡ ਨੂੰ ਵਿਕਾਸ ਦੇ ਰਾਹ ਤੋਰਨ ਦਾ ਦਮ ਭਰਨ ਜੋਗਾ ਹੋਵੇ। ਪਿੰਡ ‘ਚ ਸਭ ਨੂੰ ਜੋੜ ਕੇ ਰੱਖਣ ਵਾਲਾ ਹੋਵੇ। ਦੋ ਕੁ ਹਫ਼ਤਿਆਂ ਦੌਰਾਨ ਕੁੱਝ ਪੈਗ ਪੀਕੇ ਆਪਣੀ ਜ਼ਮੀਰ ਕਿਸੇ ਕੋਲ ਗਹਿਣੇ ਨਾਂ ਰੱਖੋ। ਪਿੰਡ ‘ਚ ਅਮਨ ਸ਼ਾਂਤੀ ਤੇ ਵਿਕਾਸ ਦਾ ਦਮ ਭਰਨ ਵਾਲਾ ਸਰਪੰਚ ਹਰ ਪਿੰਡ ਲਈ ਚੁਣਿਆ ਜਾਣਾ ਚਾਹੀਦਾ ਹੈ। ਬੰਦਾ ਯੋਗ ਹੋਣਾ ਚਾਹੀਦਾ ਹੈ। ਚਾਹੇ ਉਹ ਕਿਸੇ ਜਾਤ ਬਰਾਦਰੀ ਦਾ ਹੋਵੇ ਪਰ ਪਿੰਡ ਦੇ ਹਰ ਬੰਦੇ ਦੇ ਨਾਲ ਉਹਦੇ ਦੁੱਖ ਸੁੱਖ ਦਾ ਹਾਮੀ ਹੋਵੇ ਤੇ ਪਿੰਡ ਲਈ ਦਰਦ ਮਹਿਸੂਸ ਕਰਦਾ ਹੋਵੇ।