
ਮੈਂ ਕਾਲਿਜ ਵਿੱਚ ਅਧਿਆਪਕ ਰਿਹਾ ਹਾਂ। ਆਪਣੇ ਸੇਵਾ-ਕਾਲ ਦੌਰਾਨ ਕਈ ਵਾਰ ਵਿਦਿਆਰਥੀ ਲੋੜ ਪੈਣ ‘ਤੇ ਫੀਸ ਭਰਨ, ਜੁਰਮਾਨਾ ਭਰਨ, ਕਿਰਾਇਆ ਘੱਟ ਹੋਣ ਕਰਕੇ ਥੋੜ੍ਹੇ-ਬਹੁਤ ਰੁਪਏ ਮੰਗ ਕੇ ਲਿਜਾਂਦੇ ਰਹੇ। ਕੁਝ ਵਾਪਸ ਕਰ ਜਾਂਦੇ, ਕੁਝ ਨਾ ਕਰਦੇ। ਕਈ ਆਪਣੇ ਆਪ ਦੇ ਦਿੰਦੇ, ਕਈ ਮੰਗਣ ‘ਤੇ ਵੀ ਨਾ ਦਿੰਦੇ। ਕਈਆਂ ਤੋਂ ਲੈਣੇ ਮੈਂ ਭੁੱਲ-ਭੁਲਾ ਜਾਂਦਾ। ਕੁਝ ਅਧਿਆਪਕ ਵੀ ਅਜਿਹੇ ਮਿਲੇ, ਜੋ ਰੁਪਏ ਮੰਗਣ ਵਿੱਚ ਸ਼ਰਮ ਨਾ ਕਰਦੇ। ਪਰ ਉਨ੍ਹਾਂ ‘ਚੋਂ ਬਹੁਤੇ ਰੁਪਏ ਵਾਪਸ ਨਾ ਕਰਦੇ। ਇੱਕ ਅਧਿਆਪਕ ਨੇ ਛੇ ਸਾਲ ਪਹਿਲਾਂ ਉਧਾਰ ਲਏ ਸੱਠ ਹਜ਼ਾਰ ਰੁਪਏ ਅਜੇ ਤੱਕ ਵੀ ਨਹੀਂ ਮੋੜੇ। ਉਹ ਏਨਾ ਢੀਠ ਤੇ ਬੇਸ਼ਰਮ ਹੈ ਕਿ ਵਾਰ-ਵਾਰ ਮੰਗਣ ਤੇ ਵੀ ਨਹੀਂ ਦਿੰਦਾ। ਪਰ ਇੱਕ ਵਿਦਿਆਰਥੀ ਪਿਰਥੀ ਸਿੰਘ ਨੇ ਮੈਥੋਂ ਕਈ ਵਰ੍ਹੇ ਪਹਿਲਾਂ ਪੰਜਾਹ ਰੁਪਏ ਉਧਾਰ ਲਏ ਸਨ, ਜੋ ਮੈਂ ਭੁੱਲ-ਭੁਲਾ ਗਿਆ ਸਾਂ। ਮੈਂ ਸੇਵਾਮੁਕਤ ਹੋ ਗਿਆ। ਉਹਨੇ ਯਾਦ ਰੱਖਿਆ ਤੇ ਬੀਤੇ ਦਿਨੀਂ ਮੇਰਾ ਘਰ ਪੁੱਛਦਾ-ਪੁਛਾਉਂਦਾ ਪਹੁੰਚਿਆ। ਮੈਂ ਘਰ ਨਾ ਮਿਲਿਆ। ਉਹ ਗੁਆਂਢੀਆਂ ਦੇ ਘਰ ਫੜਾ ਗਿਆ ਤੇ ਗੁਆਂਢੀ ਵੀ ਏਨੇ ਚੰਗੇ ਨਿਕਲੇ ਕਿ ਉਨ੍ਹਾਂ ਨੇ ਮੇਰੇ ਘਰ ਪਰਤਣ ਤੇ ਮੈਨੂੰ ਰੁਪਏ ਦੇ ਦਿੱਤੇ। ਉਸ ਗਰੀਬ ਵਿਦਿਆਰਥੀ ਕੋਲ ਫੋਨ ਵੀ ਨਹੀਂ ਸੀ। ਉਹਨੇ ਉਧਾਰ ਲਏ ਰੁਪਏ ਮੋੜ ਕੇ ਅਤੇ ਗੁਆਂਢੀ ਨੇ ਇਮਾਨਦਾਰੀ ਵਿਖਾਉਂਦੇ ਇਹ ਰੁਪਏ ਮੈਨੂੰ ਸੌਂਪ ਕੇ ਮੇਰਾ ਦੁਨੀਆਂ ਦੇ ਚੰਗੇ ਲੋਕਾਂ ਵਿੱਚ ਵਿਸ਼ਵਾਸ ਬਹਾਲ ਕਰ ਦਿੱਤਾ ਹੈ।
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ)
9417692015.