ਬੱਸ ਡਰਾਈਵਰ ਗੀਤ ਨਾਲ ਵਿਸ਼ਵ ਭਰ ਵਿੱਚ ਛਾ ਗਏ ਸਨ ਰਣਜੀਤ ਸਿੰਘ ਵੀਰ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸੰਗੀਤ ਜਗਤ ਵਿੱਚ ਬਹੁਤ ਸਾਰੇ ਫਨਕਾਰ ਅਜਿਹੇ ਹੁੰਦੇ ਹਨ ਜੋ ਸੁਰੀਲੇ ਹੋਣ ਦੇ ਬਾਵਜੂਦ ਸਹੀ ਮੌਕੇ ਤੋਂ ਵਾਂਝੇ ਰਹਿ ਜਾਂਦੇ ਹਨ। ਪਰ ਬਹੁਤ ਥੋੜ੍ਹੇ ਹੀ ਰਣਜੀਤ ਸਿੰਘ ਵੀਰ ਵਾਂਗ ਕਿਸਮਤ ਦੇ ਧਨੀ ਹੁੰਦੇ ਹਨ, ਜੋ ਇੱਕੋ ਠੋਸ ਤੇ ਨਿਸ਼ਕਾਮ ਕੋਸ਼ਿਸ਼ ਜਰੀਏ ਘਰ ਘਰ ਤੱਕ ਆਪਣੀ ਪਹੁੰਚ ਬਣਾ ਜਾਂਦੇ ਹਨ। ਰਣਜੀਤ ਸਿੰਘ ਵੀਰ ਦਾ ਸੁਰੀਲਾਪਣ ਕਮਾਲ ਹੈ, ਉਹਨਾਂ ਆਪਣੀ ਰੋਜੀ ਰੋਟੀ ਜਾਣੀਕਿ ਬੱਸ ਡਰਾਈਵਰ ਦੇ ਕਿੱਤੇ ਨੂੰ ਦੁਨੀਆਂ ਸਾਹਮਣੇ “ਬੱਸ ਡਰਾਈਵਰ” ਗੀਤ ਰਾਹੀਂ ਸਨਮੁੱਖ ਕੀਤਾ ਤਾਂ ਉਹ ਰਾਤੋ ਰਾਤ ਅੰਗਰੇਜ਼ੀ ਮੀਡੀਆ ਦੀ ਨਜ਼ਰ ‘ਚ ਆ ਗਏ। ਉਹਨਾਂ ਦੇ ਪਹਿਰਾਵੇ, ਦਸਤਾਰ, ਬੋਲਾਂ ਦੀ ਘਰ ਘਰ ਚਰਚਾ ਹੋਈ। ਵੱਡੀ ਗੱਲ ਇਹ ਸੀ ਕਿ ਅੰਗਰੇਜ਼ ਚੈਨਲਾਂ ‘ਤੇ ਵੀ ਉਹਨਾਂ ਇੰਟਰਵਿਊ ਦੇਣ ਸਮੇਂ ਸਿਰਫ ਤੇ ਸਿਰਫ ਪੰਜਾਬੀ ਹੀ ਬੋਲੀ। ਚੈਨਲਾਂ ਵੱਲੋਂ ਉਹਨਾਂ ਦੇ ਬੋਲਾਂ ਨੂੰ ਅੰਗਰੇਜ਼ ਸਬਟਾਈਟਲ ਬਣਾ ਕੇ ਹੀ ਦਰਸ਼ਕਾਂ ਅੱਗੇ ਪੇਸ਼ ਕੀਤਾ। ਇਸ ਤੋਂ ਇਕ ਕਦਮ ਅੱਗੇ ਵਧਦਿਆਂ ਕੁਝ ਮਹੀਨੇ ਪਹਿਲਾਂ ਉਹਨਾਂ “ਬ੍ਰਿਟਿਸ਼ ਪੰਜਾਬੀ” ਗੀਤ ਗਾਇਆ, ਜਿਸਦੀ ਚਰਚਾ ਵੀ ਵੱਡੀ ਪੱਧਰ ‘ਤੇ ਹੋਈ।

ਹੁਣ ਰਣਜੀਤ ਸਿੰਘ ਵੀਰ ਆਪਣੇ ਨਵੇਂ ਗੀਤ “ਧੀਏ” ਰਾਹੀਂ ਸੰਗੀਤ ਜਗਤ ਵਿੱਚ ਦਸਤਕ ਦੇਣ ਪਹੁੰਚੇ ਹਨ। 6 ਅਕਤੂਬਰ ਨੂੰ ਸਾਦੇ ਸਮਾਗਮ ਦੌਰਾਨ ਇਸ ਗੀਤ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਧੀ ਦੇ ਜਨਮ ਤੋਂ ਲੈ ਕੇ ਵਿਆਹ ਤੱਕ ਦੇ ਪਲਾਂ ਨੂੰ ਇਸ ਗੀਤ ਰਾਹੀਂ ਬਿਆਨ ਕੀਤਾ ਗਿਆ ਹੈ। ਇਸ ਗੀਤ ਨੂੰ ਗਾਇਆ ਤੇ ਲਿਖਿਆ ਖੁਦ ਰਣਜੀਤ ਸਿੰਘ ਵੀਰ ਨੇ ਹੀ ਹੈ। ਸੰਗੀਤਕ ਧੁਨਾਂ ਸੌਰਵ ਸੈਨੀ ਨੇ ਤਿਆਰ ਕੀਤੀਆਂ ਹਨ। ਵੀਡੀਓ ਨਿਰਦੇਸ਼ਕ ਦੇ ਫਰਜ ਪਨਮ ਵਰਮਾ ਨੇ ਅਦਾ ਕੀਤੇ ਹਨ। ਆਰ ਐਸ ਵੀ ਰਿਕਾਰਡਸ ਦੇ ਬੈਨਰ ਹੇਠ ਲੋਕ ਅਰਪਣ ਹੋਏ ਇਸ ਗੀਤ ਨੂੰ ਪਰਿਵਾਰ ਸਮੇਤ ਬੈਠ ਕੇ ਦੇਖਿਆ ਸੁਣਿਆ ਜਾ ਸਕਦਾ ਹੈ।