ਐੱਸ ਐੱਨ ਪੀ ਦੇ ਫੰਡਾਂ ਤੇ ਵਿੱਤ ਮਾਮਲੇ ‘ਚ ਹੁਣ ਤੱਕ ਦੀ ਇਹ ਤੀਜੀ ਗ੍ਰਿਫ਼ਤਾਰੀ
28 ਮਾਰਚ 2023 ਨੂੰ ਦਿੱਤਾ ਸੀ ਅਹੁਦੇ ਤੋਂ ਅਸਤੀਫ਼ਾ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਾਬਕਾ ਫਸਟ ਮੰਤਰੀ ਨਿਕੋਲਾ ਸਟਰਜਨ ਨੂੰ ਸਕਾਟਿਸ਼ ਨੈਸ਼ਨਲ ਪਾਰਟੀ ਦੇ ਫੰਡਿੰਗ ਅਤੇ ਵਿੱਤ ਬਾਰੇ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ 52 ਸਾਲਾ ਨਿਕੋਲਾ ਸਟਰਜਨ ਨੂੰ ਇੱਕ ਸ਼ੱਕੀ ਵਜੋਂ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਜਾਸੂਸਾਂ ਦੁਆਰਾ ਪੁੱਛਗਿੱਛ ਕੀਤੀ ਜਾ ਰਹੀ ਹੈ।
ਅਪ੍ਰੈਲ ਮਹੀਨੇ ਵਿੱਚ ਉਸਦੇ ਪਤੀ, ਸਾਬਕਾ ਸਕਾਟਿਸ਼ ਨੈਸ਼ਨਲ ਪਾਰਟੀ ਮੁੱਖ ਕਾਰਜਕਾਰੀ ਪੀਟਰ ਮੁਰੇਲ ਦੀ ਗ੍ਰਿਫਤਾਰੀ ਅਤੇ ਬਾਅਦ ਵਿੱਚ ਰਿਹਾਈ ਤੋਂ ਬਾਅਦ ਕਾਰਵਾਈ ਹੋਈ ਹੈ। ਇੱਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਉਹ ਐਤਵਾਰ ਨੂੰ ਇੱਕ ਪੁਲਿਸ ਇੰਟਰਵਿਊ ਵਿੱਚ ਸ਼ਾਮਲ ਹੋਈ ਸੀ। ਜ਼ਿਕਰਯੋਗ ਹੈ ਕਿ ਐੱਸ ਐੱਨ ਪੀ ਮੁਖੀ ਨਿਕੋਲਾ ਸਟਰਜਨ ਨੇ ਮਾਰਚ ਵਿੱਚ ਆਪਣੇ ਫਸਟ ਮਨਿਸਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ ਉਹਨਾਂ ਕੋਲੋਂ ਅਧਿਕਾਰੀਆਂ ਦੁਆਰਾ ਪੁੱਛਗਿੱਛ ਕੀਤੀ ਗਈ ਸੀ। ਪਿਛਲੇ ਦੋ ਸਾਲਾਂ ਤੋਂ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਕਿ ਸੁਤੰਤਰਤਾ ਕਾਰਕੁਨਾਂ ਦੁਆਰਾ ਪਾਰਟੀ ਨੂੰ ਦਿੱਤੇ ਗਏ 600,000 ਪੌਂਡ ਤੋਂ ਵੱਧ ਦਾਨ ਰਾਸ਼ੀ ਦਾ ਕੀ ਹੋਇਆ?
ਬੁਲਾਰੇ ਦਾ ਕਹਿਣਾ ਸੀ ਕਿ “ਨਿਕੋਲਾ ਸਟਰਜਨ ਨੇ ਐਤਵਾਰ 11 ਜੂਨ ਨੂੰ ਪੁਲਿਸ ਸਕਾਟਲੈਂਡ ਦੁਆਰਾ ਬੁਲਾਉਣ ‘ਤੇ ਇੱਕ ਇੰਟਰਵਿਊ ਵਿੱਚ ਭਾਗ ਲਿਆ ਜਿੱਥੇ ਉਸਨੂੰ ਗ੍ਰਿਫਤਾਰ ਕੀਤਾ ਜਾਣਾ ਸੀ ਅਤੇ ਓਪਰੇਸ਼ਨ ਬ੍ਰਾਂਚਫਾਰਮ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾਣੀ ਸੀ।” ਇਸ ਸੰਬੰਧੀ ਨਿਕੋਲਾ ਸਟਰਜਨ ਨੇ ਵੀ ਲਗਾਤਾਰ ਇਹੀ ਕਿਹਾ ਹੈ ਕਿ ਜੇਕਰ ਪੁਲਿਸ ਨੂੰ ਪੁੱਛਗਿੱਛ ਲਈ ਉਸਦੀ ਲੋੜ ਹੋਵੇਗੀ ਤਾਂ ਉਹ ਜਾਂਚ ਵਿੱਚ ਨਿਰੰਤਰ ਸਹਿਯੋਗ ਕਰੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੀ 5 ਅਪ੍ਰੈਲ ਨੂੰ ਸ਼੍ਰੀਮਤੀ ਸਟਰਜਨ ਦੇ ਘਰ ਅਤੇ ਐਡਿਨਬਰਾ ਵਿੱਚ ਐੱਸ ਐੱਨ ਪੀ ਦੇ ਹੈੱਡਕੁਆਰਟਰ ਦੀ ਤਲਾਸ਼ੀ ਲਈ ਗਈ ਸੀ ਤੇ ਉਹਨਾਂ ਦੇ ਪਤੀ ਮਿਸਟਰ ਮੁਰੇਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਬਾਅਦ ਵਿੱਚ ਬਿਨਾਂ ਕਿਸੇ ਦੋਸ਼ ਦੇ ਹੋਰ ਜਾਂਚ ਲਈ ਛੱਡ ਦਿੱਤਾ ਗਿਆ ਸੀ। ਇਸੇ ਕਾਰਵਾਈ ਦੀ ਲੜੀ ਵਜੋਂ ਹੀ ਪੁਲਿਸ ਦੁਆਰਾ ਡਨਫਰਮਲਾਈਨ ਵਿੱਚ ਮਿਸਟਰ ਮੁਰੇਲ ਦੀ ਮਾਂ ਦੇ ਘਰ ਦੇ ਬਾਹਰੋਂ ਲਗਭਗ 110,000 ਪੌਂਡ ਕੀਮਤ ਦਾ ਇੱਕ ਲਗਜ਼ਰੀ ਮੋਟਰਹੋਮ ਵੀ ਜ਼ਬਤ ਕੀਤਾ ਗਿਆ ਸੀ।
ਪਾਰਟੀ ਫੰਡਾਂ ਅਤੇ ਵਿੱਤ ਮਾਮਲੇ ਵਿੱਚ ਨਿਕੋਲਾ ਸਟਰਜਨ ਸਮੇਤ ਤਿੰਨ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਨਿਕੋਲਾ ਦੇ ਪਤੀ ਦੀ ਗ੍ਰਿਫਤਾਰੀ ਤੋਂ ਬਾਅਦ ਐੱਸ ਐੱਨ ਪੀ ਦੇ ਖਜ਼ਾਨਚੀ ਕੋਲਿਨ ਬੀਟੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ ਸੀ। ਮਿਸਟਰ ਬੀਟੀ ਨੇ ਥੋੜ੍ਹੀ ਦੇਰ ਬਾਅਦ ਹੀ ਪਾਰਟੀ ਦੇ ਖਜ਼ਾਨਚੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਪਾਰਟੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਪਾਰਟੀ ਸ਼੍ਰੀਮਤੀ ਸਟਰਜਨ ਦੀ ਗ੍ਰਿਫਤਾਰੀ ‘ਤੇ ਕੋਈ ਟਿੱਪਣੀ ਨਹੀਂ ਕਰੇਗੀ ਕਿਉਂਕਿ ਇਹ ਮੁੱਦੇ ਪੁਲਿਸ ਜਾਂਚ ਦੇ ਅਧੀਨ ਹਨ।” ਜ਼ਿਕਰਯੋਗ ਹੈ ਕਿ ਸ਼੍ਰੀਮਤੀ ਸਟਰਜਨ ਨੇ ਐਲੇਕਸ ਸੈਲਮੰਡ ਦੇ ਬਾਅਦ ਅੱਠ ਸਾਲਾਂ ਤੋਂ ਵੱਧ ਸਮੇਂ ਤੱਕ ਸਕਾਟਲੈਂਡ ਦੀ ਫਸਟ ਮਨਿਸਟਰ ਵਜੋਂ ਸੇਵਾ ਕੀਤੀ ਹੈ। ਨਿਕੋਲਾ ਸਟਰਜਨ ਦੀ ਗ੍ਰਿਫਤਾਰੀ ਕਾਰਨ ਇੱਕ ਵਾਰ ਤਾਂ ਸਕਾਟਲੈਂਡ ਸਿਆਸਤ ਦਾ ਖੜ੍ਹੇ ਪਾਣੀਆਂ ਵਿੱਚ ਹਿਲਜੁਲ ਪੈਦਾ ਹੋ ਗਈ ਹੈ।