
ਚੰਡੀਗੜ੍ਹ : ਭਾਰਤ ਭਰ ਵਿੱਚ ਕੋਰੋਨਾਵਾਇਰਸ ਕਾਰਨ ਕਰਫ਼ਿਊ ਲੱਗਿਆ ਹੋਇਆ ਹੈ। ਕਰਫਿਊ ਤੋਂ ਦੁਖੀ ਹੋ ਕੇ ਸ਼ਨੀਵਾਰ ਚੰਡੀਗੜ੍ਹ ਦੀ ਇੱਕ ਜੋੜੀ ਨੇ ਆਪਣੇ ਚਾਰ ਸਾਲਾ ਬੱਚੇ ਨਾਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਚੰਡੀਗੜ੍ਹ ਪੁਲਸ ਨੇ ਬਚਾਅ ਲਿਆ।
ਗ਼ਰੀਬ ਪਰਵਾਰ ਕੋਲ ਖਾਣ ਲਈ ਕੁਝ ਵੀ ਨਹੀਂ ਸੀ। ਇਸ ਤੋਂ ਇਲਾਵਾ ਉਨ੍ਹਾ ਦਾ ਬੱਚਾ ਵੀ ਕੁਝ ਬਿਮਾਰ ਸੀ, ਪਰ ਉਨ੍ਹਾਂ ਕੋਲ ਪੈਸੇ ਨਾ ਹੋਣ ਕਾਰਨ ਉਹ ਉਸ ਦਾ ਇਲਾਜ ਵੀ ਨਹੀਂ ਕਰਵਾ ਰਹੇ ਸਨ। ਰਣਜੀਤ, ਉਸ ਦੀ ਪਤਨੀ ਆਪਣੇ ਚਾਰ ਸਾਲਾ ਬੱਚੇ ਸਮੇਤ ਰੇਲ ਦੀ ਪਟੜੀ ਵੱਲ ਜਾ ਰਹੇ ਸਨ, ਪਰ ਚੰਡੀਗੜ੍ਹ ਪੁਲਸ ਦੇ ਅਧਿਕਾਰੀਆਂ ਨੇ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜ ਕੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ।
ਮੌਲੀਜਾਗਰਾਂ ਥਾਣਾ ਦੇ ਇੰਚਾਰਜ ਜੁਲਦਾਨ ਸਿੰਘ ਨੇ ਦੱਸਿਆ ਕਿ ਉਨ੍ਹਾ ਨੂੰ ਦੁਪਹਿਰ 12 ਵਜੇ ਅਜਿਹੀ ਖ਼ਬਰ ਮਿਲੀ ਸੀ ਕਿ ਕਰਫ਼ਿਊ ਕਾਰਨ ਭੁੱਖਣ-ਭਾਣਾ ਇੱਕ ਪਰਵਾਰ ਖੁਦਕੁਸ਼ੀ ਕਰਨ ਜਾ ਰਿਹਾ ਹੈ। ਪੁਲਸ ਨੇ ਬਚਾਉਣ ਤੋਂ ਬਾਅਦ ਇਸ ਪਰਵਾਰ ਨੂੰ ਜਿੱਥੇ ਖਾਣਾ ਮੁਹੱਈਆ ਕਰਵਾਇਆ, ਉੱਥੇ ਉਨ੍ਹਾਂ ਦੀ ਕੁਝ ਵਿੱਤੀ ਸਹਾਇਤਾ ਵੀ ਕੀਤੀ।