ਫੇਅਰਵੈਦਰ ਡਰੌਪ-ਇਨ ਸੈਂਟਰ ਵੱਲੋਂ ਕਰਵਾਏ ਵਿਸਾਖੀ ਸਮਾਗਮ ’ਚ ਰਲ ਮਿਲ ਬੈਠੀ ਇਨਸਾਨੀਅਤ
ਜਗਦੀਸ਼ ਸਿੰਘ ਪਨਫੇਰ, ਮਨਦੀਪ ਖੁਰਮੀ ਹਿੰਮਤਪੁਰਾ, ਮੁਹੰਮਦ ਹਨੀਫ, ਵਿੱਕੀ ਕਿਟਸਨ ਤੇ ਬੁਸਰਾ ਸ਼ਰੀਫ ਨੇ ਕੀਤਾ ਸੰਬੋਧਨ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਭਿੰਨਤਾਵਾਂ ਭਰਿਆ ਸ਼ਹਿਰ ਹੋਣ ਦੇ ਬਾਵਜੂਦ ਵੀ ਗਲਾਸਗੋ ਉਦੋਂ ਹੋਰ ਵਧੇਰੇ ਖੂਬਸੂਰਤ ਬਣ ਜਾਂਦਾ ਹੈ ਜਦੋਂ ਵੱਖ–ਵੱਖ ਫਿਰਕਿਆਂ, ਧਰਮਾਂ ਭਾਈਚਾਰਿਆਂ ਦੇ ਲੋਕ ਤਿੱਥ ਤਿਉਹਾਰਾਂ ਨੂੰ ਬਗ਼ੈਰ ਭੇਦਭਾਵ ਤੋਂ ਇੱਕਜੁਟ ਹੋ ਕੇ ਮਨਾਉਂਦੇ ਹਨ। ਅਜਿਹੀ ਹੀ ਵੱਡੀ ਸਫ਼ਲ ਕੋਸ਼ਿਸ਼ ਫੇਅਰਵੈਦਰ ਡਰੌਪਇਨ ਸੈਂਟਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੀਤੀ ਜਾ ਰਹੀ ਹੈ। ਵਡੇਰੀ ਉਮਰ ਦੇ ਨਾਗਰਿਕਾਂ ਦੀ ਸਿਹਤਯਾਬੀ ਲਈ ਪ੍ਰੋਗਰਾਮ ਉਲੀਕਦੇ ਰਹਿਣ ਦੇ ਨਾਲ–ਨਾਲ ਸੰਸਥਾ ਵੱਲੋਂ ਵੱਖ–ਵੱਖ ਧਰਮਾਂ ਦੇ ਤਿਉਹਾਰ ਵੀ ਰਲ ਮਿਲ ਕੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਸੰਸਥਾ ਦੇ ਜਿੰਮੇਵਾਰ ਮੈਂਬਰਾਨ ਜਗਦੀਸ਼ ਸਿੰਘ ਪਨਫੇਰ, ਰਕਸ਼ਿੰਦਾ ਖਾਨ, ਯਸ਼ਵੰਤੀ ਸਿਨਹਾ, ਅਕਸ਼ਾ ਮੁਹੰਮਦ, ਨਸਰੀਨ ਹੁਸੈਨ, ਅਬਦੁਲ ਰਜ਼ਾਕ ਚੌਧਰੀ, ਮੁਹੰਮਦ ਹਨੀਫ ਤੇ ਸਾਥੀਆਂ ਦੀ ਮਿਹਨਤ ਸਦਕਾ ਵਿਖਾਈ ਦੇ ਜਸ਼ਨ ਮਨਾਉਣ ਹਿਤ ਸਮਾਗਮ ਹੋਇਆ। ਇਸ ਸਮਾਗਮ ਦੀ ਖੂਬਸੂਰਤੀ ਇਹ ਸੀ ਕਿ ਬੇਸ਼ੱਕ ਖਾਲਸਾ ਸਾਜਨਾ ਦਿਵਸ ਨੂੰ ਸਿੱਖ ਧਰਮ ਨਾਲ ਸੰਬੰਧਤ ਹੋਣ ਕਰਕੇ ਦੇਖਿਆ ਜਾਂਦਾ ਹੈ ਪਰ ਇਸ ਸਮਾਗਮ ਵਿੱਚ ਕੇਕ ਕੱਟਣ ਦੀ ਰਸਮ ਮੁਸਲਿਮ, ਹਿੰਦੂ ਤੇ ਕ੍ਰਿਸ਼ਚੀਅਨ ਪਰਿਵਾਰਾਂ ਨਾਲ ਸੰਬੰਧਤ ਬੀਬੀਆਂ ਨੇ ਸਾਂਝੇ ਤੌਰ ’ਤੇ ਨਿਭਾਈ।ਇਸ ਸਮੇਂ ਬੁਲਾਰਿਆਂ ਵਜੋਂ ਜਗਦੀਸ਼ ਸਿੰਘ ਪਨਫੇਰ, ਮਨਦੀਪ ਖੁਰਮੀ ਹਿੰਮਤਪੁਰਾ, ਮੁਹੰਮਦ ਹਨੀਫ, ਈਸਟ ਰੈਨਫਰਿਊਸ਼ਾਇਰ ਕੌਂਸਲ ਵੱਲੋਂ ਵਿੱਕੀ ਕਿਟਸਨ ਤੇ ਬੁਸ਼ਰਾ ਸ਼ਰੀਫ ਨੇ ਆਪਣੇ ਸੰਬੋਧਨ ਦੌਰਾਨ ਹਾਜਰੀਨ ਨੂੰ ਵਿਸਾਖੀ ਦੀ ਮਹੱਤਤਾ ਦਸਦਿਆਂ ਵਧਾਈ ਪੇਸ਼ ਕੀਤੀ। ਸਮਾਗਮ ਦੌਰਾਨ ਸਮੂਹ ਮੈਂਬਰਾਨ ਅਤੇ ਮਹਿਮਾਨਾਂ ਨੇ ਰਲ ਮਿਲ ਕੇ ਦੁਪਹਿਰ ਦਾ ਖਾਣਾ ਖਾਣ ਉਪਰੰਤ ਅਗਲੇ ਸਮਾਗਮ ਵਿੱਚ ਮੁੜ ਮਿਲਣ ਦਾ ਵਾਅਦਾ ਕਰਦਿਆਂ ਅਲਵਿਦਾ ਆਖੀ। ਜਿਕਰਯੋਗ ਹੈ ਕਿ ਸੰਸਥਾ ਵੱਲੋਂ ਬੀਤੇ ਦਿਨੀ ਈਦ ਸੰਬੰਧੀ ਸਮਾਗਮ ਵੀ ਇਸੇ ਤਰ੍ਹਾਂ ਹੀ ਜੋਸ਼ੋ ਖਰੋਸ਼ ਨਾਲ ਕੀਤਾ ਗਿਆ ਸੀ।













