10.8 C
United Kingdom
Thursday, May 9, 2024

More

    ਇਨਕਲਾਬੀ ਕੇਂਦਰ, ਪੰਜਾਬ ਨੇ ਕੁਸ਼ਤੀ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਲਈ ਦਸਤਖਤੀ ਮੁਹਿੰਮ ਉਲੀਕੀ

    ਸਾਡੀਆਂ ਧੀਆਂ ਦੇ ਸੰਘਰਸ਼ ਨੂੰ ਗਲੀ-ਮੁਹੱਲਿਆਂ ਤੱਕ ਲੈਕੇ ਜਾਇਆ ਜਾਵੇਗਾ: ਨਰਾਇਣ ਦੱਤ, ਕੰਵਲਜੀਤ ਖੰਨਾ

    ਚੰਡੀਗੜ੍ਹ/ਬਰਨਾਲਾ, 10 ਮਈ (ਦਲਜੀਤ ਕੌਰ) ਅਸੀਂ ਵੀ ਕਿਸਾਨਾਂ-ਮਜਦੂਰਾਂ ਦੇ ਧੀਆਂ-ਪੱਤ ਹਾਂ। ਅਸੀਂ ਵੀ ਉਸੇ ਖੂਨ ਉਸੇ ਮਿੱਟੀ ਵਿੱਚੋਂ ਪੈਦਾ ਹੋਏ ਹਾਂ। ਅਗਰ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠ ਸਕਦੇ ਹਨ ਤਾਂ ਅਸੀਂ 13 ਮਹੀਨੇ ਤੋਂ ਵੀ ਵੱਧ ਸਮਾਂ ਦਿੱਲੀ ਦੇ ਬਾਰਡਰਾਂ ਤੇ ਬੈਠ ਸਕਦੇ ਹਾਂ। ਸਾਡਾ ਸਾਰਾ ਕੁੱਝ ਦਾਅ ਤੇ ਲੱਗ ਗਿਆ, 2 ਸਾਲ 6 ਸਾਲ ਲੱਗਣਗੇ ਪਰ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਕੇ ਹੀ ਵਾਪਸ ਜਾਵਾਂਗੇ। ਇਨਕਲਾਬੀ ਕੇਂਦਰ, ਪੰਜਾਬ ਨੇ ਸਾਡੀਆਂ ਧੀਆਂ ਵੱਲੋਂ ਸੰਘਰਸ਼ ਦੌਰਾਨ ਅਜਿਹੇ ਜੁਰਅੱਤ ਮੰਦ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਅੱਜ ਸਾਥੀ ਨਰਾਇਣ ਦੱਤ ਦੀ ਪ੍ਰਧਾਨਗੀ ਹੇਠ ਹੋਈ ਸੂਬਾਈ ਮੀਟਿੰਗ ਤੋਂ ਉਪਰੰਤ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਸਰੀਰਕ ਛੇੜਛਾੜ ਦਾ ਸ਼ਿਕਾਰ ਕੁਸ਼ਤੀ ਪਹਿਲਵਾਨਾਂ ਦਾ ਇਨਸਾਫ਼ ਹਾਸਲ ਕਰਨ ਲਈ ਸੰਘਰਸ਼ 18 ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਹ ਸੰਘਰਸ਼ ਜਿਉਂ ਜਿਉਂ ਲੰਬਾ ਹੁੰਦਾ ਜਾ ਰਿਹਾ ਹੈ, ਤਿਉਂ ਤਿਉਂ ਚੁਣੌਤੀਆਂ ਵੀ ਵਧ ਰਹੀਆਂ ਹਨ। ਮੋਦੀ ਹਕੂਮਤ ਦੀ ਧਾਰੀ ਸਾਜ਼ਿਸ਼ੀ ਚੁੱਪ ਕਾਰਨ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਲਗਾਤਾਰ ਕੋਝੀਆਂ ਚਾਲਾਂ ਚੱਲ ਰਿਹਾ ਹੈ। ਦਿੱਲੀ ਪੁਲਿਸ ਕੁਸ਼ਤੀ ਪਹਿਲਵਾਨਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨ ਲਈ ਪੂਰੀ ਵਾਹ ਲਾ ਰਹੀ ਹੈ। ਗੋਦੀ ਮੀਡੀਆ ਸ਼ਰਮ ਹਿਆ ਦੇ ਸਾਰੇ ਹੱਦਾਂ ਬੰਨੇ ਪਾਰ ਕਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਬੋਲੀ ਬੋਲ ਰਿਹਾ ਹੈ। ਇਸ ਸਭ ਕੁੱਝ ਦਾ ਦੂਜਾ ਪਾਸਾ ਵੀ ਹੈ, ਇਨ੍ਹਾਂ ਵੱਡੀਆਂ ਮੁਸ਼ਕਿਲਾਂ ਦੇ ਬਾਵਜੂਦ ਵੀ ਕੁਸ਼ਤੀ ਪਹਿਲਵਾਨਾਂ ਦਾ ਸੰਘਰਸ਼ ਲੋਕ ਸੰਘਰਸ਼ ਵਿੱਚ ਤਬਦੀਲ ਹੋਣ ਵੱਲ ਵਧ ਰਿਹਾ ਹੈ। ਹਰ ਤਬਕਾ ਪਹਿਲਵਾਨਾਂ (ਸਾਡੀਆਂ ਧੀਆਂ) ਦੇ ਸੰਘਰਸ਼ ਦੀ ਹਮਾਇਤ ਤੇ ਉੱਤਰ ਆਇਆ ਹੈ। ਕੁਸ਼ਤੀ ਪਹਿਲਵਾਨਾਂ ਦੇ ਸੰਘਰਸ਼ ਦੀ ਗੂੰਜ ਪਿੰਡਾਂ ਦੇ ਗਲੀ ਮੁਹੱਲਿਆਂ ਵਿੱਚ ਸੁਣਾਈ ਦੇ ਰਹੀ ਹੈ। ਜਿਸ ਜੁਰਅੱਤ ਨਾਲ ਕੁਸ਼ਤੀ ਪਹਿਲਵਾਨਾਂ (ਸਾਡੇ ਧੀਆਂ-ਪੁੱਤ) ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੇ ਹਨ, ਆਉ ਇਸ ਇਨ੍ਹਾਂ ਦੇ ਸੂਹੇ ਕਦਮਾਂ ਨੂੰ ਸਲਾਮ ਆਖਣਾ ਬਣਦਾ ਹੈ। ਇਹ ਵੀ ਜਾਣ ਲਈਏ ਕਿ ਔਰਤਾਂ ਉੱਪਰ ਜਬਰ ਦੀ ਇਹ ਕੋਈ ਇਕੱਲੀ ਇਕਹਰੀ ਘਟਨਾ ਨਹੀਂ ਸਗੋਂ ਇਹ ਸੰਸਥਾਗਤ ਵਰਤਾਰੇ ਦੀ ਕੜੀ ਹੈ। ਔਰਤਾਂ ਦੇ ਹੱਕ ਵਿੱਚ ਬਹੁਤ ਸਾਰੇ ਕਾਨੂੰਨ ਬਣੇ ਹੋਣ ਦੇ ਬਾਵਜੂਦ ਵੀ ਜਬਰ ਲਗਾਤਾਰ ਵਧ ਰਿਹਾ ਹੈ। ਕਿਰਨਜੀਤ ਕੌਰ ਮਹਿਲਕਲਾਂ, ਸ਼ਰੂਤੀ, ਪਿੰਕੀ ,ਹਾਥਰਸ, ਕਠੂਆ, ਉਨਾਓ, ਨਿਰਭੈਆ ਕਾਂਡ ਕੁੱਝ ਉੱਘੜਵੀਆਂ ਅਹਿਮ ਘਟਨਾਵਾਂ ਹਨ। ਆਗੂਆਂ ਨੇ ਕਿਹਾ ਕਿ ਔਰਤਾਂ ਦੀ ਜ਼ਬਰ ਜ਼ੁਲਮ ਤੋਂ ਮੁਕੰਮਲ ਮੁਕਤੀ ਇਸ ਲੁਟੇਰੇ ਅਤੇ ਜਾਬਰ ਰਾਜ ਪ੍ਰਬੰਧ ਦੇ ਖਾਤਮੇ ਨਾਲ ਜੁੜੀ ਹੋਈ ਹੈ। ਕੁਸ਼ਤੀ ਪਹਿਲਵਾਨਾਂ ਦੇ ਸਰੀਰਕ ਸ਼ੋਸ਼ਣ ਖਿਲਾਫ਼ ਚੱਲ ਰਹੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦੇ ਨਾਲ-ਨਾਲ ਇਸ ਨੂੰ ਲੁਟੇਰੇ ਅਤੇ ਜਾਬਰ ਰਾਜ ਪ੍ਰਬੰਧ ਖਿਲਾਫ ਸੇਧਤ ਕਰਨ ਦੀ ਦਿਸ਼ਾ ਵਿੱਚ ਯਤਨ ਜੁਟਾਉਣ। ਸੂਬਾ ਆਗੂਆਂ ਮੁਖਤਿਆਰ ਪੂਹਲਾ ਅਤੇ ਜਗਜੀਤ ਸਿੰਘ ਲਹਿਰਾ ਮੁਹੱਬਤ ਨੇ ਕਿਹਾ ਕਿ ਇਨਕਲਾਬੀ ਕੇਂਦਰ ਪੰਜਾਬ ਸਾਡੀਆਂ ਧੀਆਂ ਦੇ ਇਸ ਸੰਘਰਸ਼ ਨੂੰ ਗਲੀਆਂ ਮੁਹੱਲਿਆਂ ਵਿੱਚ ਲੈਕੇ ਜਾਣ ਅਤੇ ਇਸ ਸੰਘਰਸ਼ ਨੂੰ ਲੋਕ ਮਨਾਂ ਦਾ ਹਿੱਸਾ ਬਨਾਉਣ ਲਈ 11 ਮਈ ਤੋਂ 18 ਮਈ ਤੱਕ ਪੂਰਾ ਹਫ਼ਤਾ ਦਸਖਤੀ ਮੁਹਿੰਮ ਚਲਾਵੇਗਾ। ਦਹਿ ਹਜ਼ਾਰਾਂ ਦਸਖ਼ਤ 18 ਮਈ ਤੋਂ ਫੌਰੀ ਬਾਅਦ ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਵਿੱਚ ਵੱਡਾ ਕਾਫ਼ਲਾ ਦਿੱਲੀ ਜੰਤਰ ਮੰਤਰ ਵੱਲ ਜਾਵੇਗਾ ਅਤੇ ਦਸਖਤੀ ਮੁਹਿੰਮ ਪ੍ਰਦਰਸ਼ਤ ਕੀਤੀ ਜਾਵੇਗੀ। ਆਗੂਆਂ ਨੇ ਇਸ ਮੁਹਿੰਮ ਵਿੱਚ ਸਮੂਹ ਮਿਹਨਤਕਸ਼ ਤਬਕਿਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

    PUNJ DARYA

    Leave a Reply

    Latest Posts

    error: Content is protected !!