
ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ‘ਚ ਮਹਾਨ ਸਿੱਖ ਧਰਮ ਦੇ ਪ੍ਰਸਾਰ ਅਤੇ ਪ੍ਰਚਾਰ ਹਿੱਤ ਗੁਰਦੁਆਰਾ ਸ਼੍ਰੀ ਕਲਗ਼ੀਧਰ ਸਾਹਿਬ ਤਰਵੀਜੋ ਵਿਖੇ ਨਾਨਕਸ਼ਾਹੀ ਕੈਲੰਡਰ ਅਨੁਸਾਰ 14,15,ਅਤੇ 16 ਅਪ੍ਰੈਲ 2023 ਨੂੰ ਪਾਤਸ਼ਾਹੀ ਪਹਿਲੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸੰਬੰਧੀ ਸ੍ਰੀ ਅਖੰਡ ਪਾਠ ਪ੍ਰਕਾਸ਼ ਕੀਤਾ ਗਿਆ ਅਤੇ ਦਿਨ ਐਤਵਾਰ 16 ਅਪ੍ਰੈਲ ਦਿਨ ਐਤਵਾਰ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਬੱਚਿਆਂ ਵਲੋਂ ਕੀਰਤਨ ਅਤੇ ਭਾਈ ਸੁਲੱਖਣ ਸਿੰਘ (ਅਸਟਰੀਆ ) ਵਲੋਂ ਗੁਰਬਾਣੀ , ਇਤਿਹਾਸ ਕਥਾ ਵੀਚਾਰਾਂ ਨਾਲ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਸ਼੍ਰੀ ਕਲਗ਼ੀਧਰ ਸਾਹਿਬ ਤਰਵੀਜੋ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਵਲੋਂ ਇਸ ਕਾਰਜ ਨੂੰ ਨੇਪਰੇ ਚਾੜਨ ਹਿੱਤ ਪੂਰੀ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਦੀ ਸੇਵਾ ਵੀਰ ਬਹਾਦਰ ਸਿੰਘ (ਮਰੇਨੋ ਦੀ ਪਿਆਵੇ) ਪਰਿਵਾਰ ਵੱਲੋਂ ਕਰਵਾਈ ਗਈ , ਅਤੇ ਇੰਗਲੈਂਡ ਤੋ ਵੀਰ ਦਰਸ਼ਨ ਸਿੰਘ ਭੋਜੇਮਾਜਾਰਾ ਵਲੋਂ ਲੰਗਰਾਂ ਵਿੱਚ ਹਿੱਸਾ ਪਾਇਆ ਗਿਆ। ਅਤੇ ਸੰਗਤਾਂ ਨੂੰ ਮੁਬਾਰਕਾਂ ਭੇਟ ਕੀਤੀਆਂ ਗਈਆਂ।ਤਿੰਨੇ ਦਿਨ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ। ਸਮਾਗਮ ਦੀ ਸਮਾਪਤੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
