8.9 C
United Kingdom
Saturday, April 19, 2025

More

    ਸਾਊਥਾਲ: ‘ਇੱਕ ਸੁਨਹਿਰੀ ਸ਼ਾਮ, ਸ਼ਿਵ ਕੁਮਾਰ ਬਟਾਲਵੀ ਦੇ ਨਾਮ’ ਸਮਾਗਮ ਕਰਵਾਇਆ ਗਿਆ

    ਸ਼ਿਵ ਬਟਾਲਵੀ ਦੀ 50ਵੀਂ ਬਰਸੀ ਸੰਗੀਤਕ ਸ਼ਾਮ ਵਜੋਂ ਮਨਾਈ

    ਸਾਊਥਾਲ (ਗੁਰਮੇਲ ਕੌਰ ਸੰਘਾ)

    ਸਾਊਥਾਲ ਦੇ ਮੇਲ ਗੇਲ ਹਾਲ, ਖ਼ਾਲਸਾ ਸਕੂਲ ਵਿੱਚ ਸ਼ਿਵ ਕੁਮਾਰ ਬਟਾਲਵੀ ਔਰਗਨਾਈਜ਼ੇਸ਼ਨ, ਯੂ.ਕੇ. ਵੱਲੋਂ ‘ਇੱਕ ਸੁਨਹਿਰੀ ਸ਼ਾਮ, ਸ਼ਿਵ ਕੁਮਾਰ ਬਟਾਲਵੀ ਦੇ ਨਾਮ’ ਹੇਠ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਮਨਾਈ ਗਈ। ਯਾਦ ਰਹੇ ਕਿ ਇਹ 28ਵਾਂ ਬਰਸੀ ਸਮਾਗਮ ਸੀ। ਸ. ਤਲਵਿੰਦਰ ਸਿੰਘ ਢਿੱਲੋਂ, ਚੇਅਰਮੈਨ-ਸ਼ਿਵ ਕੁਮਾਰ ਬਟਾਲਵੀ ਔਰਗਨਾਈਜ਼ੇਸ਼ਨ, ਯੂ.ਕੇ. ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਹ ਸਮਾਗਮ ਹਰੇਕ ਸਾਲ ਕਰਵਾਇਆ ਜਾਂਦਾ ਹੈ ਅਤੇ ਖ਼ਾਸ ਖ਼ੇਤਰਾਂ ਵਿੱਚ ਵਧੀਆ ਕੰਮ ਕਰਨ ਵਾਲੀਆਂ ਸਖ਼ਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਸ. ਤਲਵਿੰਦਰ ਸਿੰਘ ਢਿੱਲੋਂ ਹਮੇਸ਼ਾ ਹੀ ਆਪਣੀ ਸ਼ਾਇਰੀ ਅਤੇ ਗੱਲਾਂਬਾਤਾਂ ਰਾਹੀਂ ਪੰਜਾਬੀ ਮਾਂ ਬੋਲੀ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕਰਦੇ ਰਹਿੰਦੇ ਹਨ ਅਤੇ ਮੇਲੇ ਕਰਵਾ ਕੇ ਪੰਜਾਬੀ ਲਈ ਕੁਝ ਨਾ ਕੁਝ ਯੋਗਦਾਨ ਪਾਉਣ ਲਈ ਤੱਤਪਰ ਰਹਿੰਦੇ ਹਨ। ਇਸੇ ਕਰਕੇ ਇਨ੍ਹਾਂ ਨੂੰ ‘ਮੇਲਿਆਂ ਵਾਲਾ ਢਿੱਲੋਂ’ ਵੀ ਕਿਹਾ ਜਾਂਦਾ ਹੈ। ਸਮਾਗਮ ਵਿੱਚ ਈਲਿੰਗ ਕੌਂਸਲ ਦੇ ਮੇਅਰ ਮਹਿੰਦਰ ਕੌਰ ਮਿੱਢਾ ਅਤੇ ਉਨ੍ਹਾਂ ਦੇ ਜੀਵਨ ਸਾਥੀ ਮਿ. ਮਿੱਢਾ, ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ ਅਤੇ ਬਾਰਕਲੇ ਬੈਂਕ ਤੋਂ ਗੁਰਪ੍ਰੀਤ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਮਿਸਿਜ਼ ਮਿੱਢਾ ਨੇ ਇਸ ਸਮਾਗਮ ਦੀ ਸ਼ਲਾਘਾ ਕੀਤੀ ਅਤੇ ਹਰ ਇੱਕ ਨੂੰ ਜ਼ਿੰਦਗੀ ਵਿੱਚ ਕੁਝ ਨਾ ਕੁਝ ਵਧੀਆ ਕਾਰਜ ਕਰਨ ਲਈ ਹੱਲਾਸ਼ੇਰੀ ਦਿੱਤੀ। ਵੀਰਾਂ ਨੂੰ ਆਪਣੀਆਂ ਤਰੱਕੀ ਕਰ ਰਹੀਆਂ ਬੇਟੀਆਂ, ਮਾਵਾਂ, ਭੈਣਾਂ ਅਤੇ ਪਤਨੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਲਈ ਪ੍ਰੇਰਿਆ।ਇਸ ਮੌਕੇ ਪੋ੍. ਡਾ. ਜ਼ਮੀਰਪਾਲ ਕੌਰ ਪੰਜਾਬ ਤੋਂ ਖ਼ਾਸ ਸੱਦੇ ’ਤੇ ਪਹੁੰਚੇ। ਜਿਨ੍ਹਾਂ ਨੂੰ ਸੰਸਥਾ ਵੱਲੋਂ ਇਨ੍ਹਾਂ ਦੀਆਂ ਕਈ ਭਾਸ਼ਾਵਾਂ ਵਿੱਚ ਪ੍ਰਾਪਤੀਆਂ ਕਰਕੇ ‘ਸ਼ਿਵ ਕੁਮਾਰ ਬਟਾਲਵੀ ਅਵਾਰਡ’ ਨਾਲ ਨਿਵਾਜਿਆ ਗਿਆ। ਇਹ ਅਵਾਰਡ ਇਨ੍ਹਾਂ ਨੂੰ ਮਿਸਿਜ਼ ਮਿੱਢਾ ਦੇ ਹੱਥੋਂ ਦਿੱਤਾ ਗਿਆ। ਪੰਜਾਬੀ ਕਵਿੱਤਰੀਆਂ ਦਲਵੀਰ ਕੌਰ ਅਤੇ ਗੁਰਮੇਲ ਕੌਰ ਸੰਘਾ ਨੇ ਵੀ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਦਲਵੀਰ ਕੌਰ ਦਾ ਕਾਵਿ ਸੰਗ੍ਰਿਹ ‘ਚਿਤਵਣੀ’ ਰਿਲੀਜ਼ ਕੀਤਾ ਗਿਆ। ਗੁਰਮੇਲ ਕੌਰ ਸੰਘਾ ਨੇ ਆਪਣਾ ਲਿਖਿਆ ਅਤੇ ਗਾ ਕੇ ਰਿਕਾਰਡ ਕਰਵਾਇਆ ਗੀਤ ‘ਮਾਵਾਂ ਯਾਦ ਆਉਦੀਆਂ’ ਗਾ ਕੇ ਆਪਣੀ ਹਾਜ਼ਰੀ ਲਵਾਈ।ਗਾਇਕਾਂ ਅਤੇ ਗਾਇਕਾਵਾਂ ਵਿੱਚ ਕੁਲਵਿੰਦਰ ਕਿੰਦਾ ਨੇ ਆਪਣੀ ਸੁਰੀਲੀ ਗਾਇਕੀ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਦੇ ਨਾਲ ਹੀ ਰਵੀ ਮਹਿਰਾ, ਮਨੀ ਕਮਲ, ਜਸ ਨੂਰ, ਮਹਿਕ ਜਮਾਲ, ਪ੍ਰੇਮ ਚਮਕੀਲਾ, ਦੀਪ ਹਰਦੀਪ ਅਤੇ ਸੈਮੀ ਪ੍ਰੀਆ ਨੇ ਆਪਣੇ ਆਪਣੇ ਗੀਤ ਗਾ ਕੇ ਹਾਜ਼ਰੀ ਭਰੀ ਅਤੇ ਸਨਮਾਨ ਪਾ੍ਪਤ ਕੀਤਾ।ਇਸ ਸਮਾਗਮ ਵਿੱਚ ਕੁਲਵਿੰਦਰ ਪੌਲ (ਕੂਲ ਕੇਕ) ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਜਿਨ੍ਹਾਂ ਨੇ ਵਧੀਆ ਅਤੇ ਸਵਾਦਿਸ਼ਟ ਕੇਕ ਮਹਿਮਾਨਾਂ ਵਾਸਤੇ ਲਿਆਂਦਾ। ਸਭ ਨੇ ਕੇਕ ਖਾਧਾ ਅਤੇ ਸਲਾਹਿਆ। ਇੰਦਰਜੀਤ ਸਿੰਘ ਲੰਡਨ ਅਤੇ ਹੀਰਾ ਸਿੰਘ ਵੀ ਖ਼ਾਸ ਤੌਰ ‘ਤੇ ਪਹੁੰਚੇ ਇਨ੍ਹਾਂ ਤੋਂ ਇਲਾਵਾ ਸ਼ਰਨਜੀਤ ਸਿੰਘ ਮਰੋਕ, ਲੱਕੀ, ਜੋਗਾ ਸੁੰਘ, ਪਨੇਸਰ, ਅਵਤਾਰ ਭੋਗਲ, ਕੇਸਰ ਸਿੰਘ ਧਾਲੀਵਾਲ, ਧੰਨ ਜੇ ਕੰਨਸਟ੍ਰੱਕਸ਼ਨ, ਬਿੰਦੂ ਭਾਜੀ, ਚੰਨਪ੍ਰੀਤ ਸਿੰਘ , ਮਲਕੀਤ ਸਿੰਘ ,ਦਲੀਪ ਭਾਜੀ-ਮੋਤੀ ਮਹਿਲ, ਸੁਰਿੰਦਰ ਸਿੰਘ ਸੋਹਲ, ਪੀ. ਐਸ. ਸੰਘਾ, ਰਾਜਾ ਢੋਲੀ ਅਤੇ ਪ੍ਰਭਪ੍ਰੀਤ ਸਿੰਘ ਆਦਿ ਨਾਂ ਵਰਨਣਯੋਗ ਹਨ। ਸਟੇਜ ਦੀ ਸੇਵਾ ਤਲਵਿੰਦਰ ਸਿੰਘ ਢਿੱਲੋਂ ਵੱਲੋਂ ਬਾਖ਼ੂਬੀ ਨਿਭਾਈ ਗਈ ਅਤੇ ਆਪਣੀ ਸ਼ਾਇਰੀ ਅਤੇ ਸ਼ੁਗਲ ਵਾਲੀਆਂ ਗੱਲਾਂਬਾਤਾਂ ਨਾਲ ਦਰਸ਼ਕਾਂ ਦਾ ਦਿਲ ਲਾਈ ਰੱਖਿਆ। ਲੰਗਰ ਵੀ ਅਤੁੱਟ ਵਰਤਿਆ। ਸਮਾਗਮ ਇੱਕ ਯਾਦਗਾਰੀ ਸਮਾਗਮ ਹੋ ਨਿਬੜਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!