ਫਗਵਾੜਾ 30 ਮਾਰਚ (ਸ਼ਿਵ ਕੋੜਾ)

ਭਾਜਪਾ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸੇਵਾ ਸ਼ੁਰੂ ਕਰਨ ਲਈ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦਾ ਧੰਨਵਾਦ ਕੀਤਾ ਹੈ। ਕੇਂਦਰੀ ਮੰਤਰੀ ਦੀ ਦਿੱਲੀ ਸਥਿਤ ਰਿਹਾਇਸ਼ ’ਤੇ ਅਰੁਣ ਖੋਸਲਾ ਨੇ ਉਨ੍ਹਾਂ ਨੂੰ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਵੀ ਕੀਤਾ ਅਤੇ ਕਿਹਾ ਕਿ ਇਸ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ ਮਿਲੇਗੀ। ਅਰੁਣ ਖੋਸਲਾ ਅਨੁਸਾਰ ਏਅਰ ਇੰਡੀਆ ਦੀਆਂ ਨਾਨ-ਸਟਾਪ ਉਡਾਣਾਂ ਰਾਹੀਂ ਅੰਮ੍ਰਿਤਸਰ ਤੋਂ ਲੰਡਨ ਤੱਕ ਦਾ ਸਫ਼ਰ ਸਿਰਫ਼ ਨੌਂ ਘੰਟੇ 15 ਮਿੰਟ ਵਿੱਚ ਪੂਰਾ ਕੀਤਾ ਜਾ ਸਕੇਗਾ। ਜਦਕਿ ਲੰਡਨ ਤੋਂ ਅੰਮ੍ਰਿਤਸਰ ਦੀ ਫਲਾਈਟ ਅੱਠ ਘੰਟੇ 20 ਮਿੰਟ ਵਿੱਚ ਲੈਂਡ ਕਰੇਗੀ। ਇਹ ਉਡਾਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ (ਰਾਜਾਸਾਂਸੀ) ਹਵਾਈ ਅੱਡੇ ਤੋਂ ਦੁਪਹਿਰ 1.20 ਵਜੇ ਉਡਾਣ ਭਰੇਗੀ ਅਤੇ ਲੰਡਨ ਦੇ ਸਮੇਂ ਅਨੁਸਾਰ ਸ਼ਾਮ 6.05 ਵਜੇ ਲੈਂਡ ਕਰੇਗੀ। ਹਫ਼ਤੇ ਵਿੱਚ ਤਿੰਨ ਦਿਨ ਏਅਰ ਇੰਡੀਆ ਦੇ ਜਹਾਜ ਉਡਾਣ ਭਰਨਗੇ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਸਿੰਧੀਆ ਜਲਦੀ ਹੀ ਪੰਜਾਬ ਦਾ ਦੌਰਾ ਕਰਨਗੇ। ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੀ ਆਰਥਿਕ ਖੁਸ਼ਹਾਲੀ ਵਿੱਚ ਪ੍ਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਲਈ ਪੰਜਾਬ ਤੋਂ ਵੱਧ ਤੋਂ ਵੱਧ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨਾ ਉਨ੍ਹਾਂ ਦੀ ਤਰਜੀਹਾਂ ਵਿੱਚੋਂ ਇੱਕ ਹੈ ਤਾਂ ਜੋ ਪ੍ਰਵਾਸੀ ਪੰਜਾਬੀਆਂ ਦੇ ਦਿੱਲੀ ਰਾਹੀਂ ਸਫ਼ਰ ਕਰਨ ਵਿੱਚ ਲੱਗਣ ਵਾਲੇ ਵਾਧੂ ਸਮੇਂ ਨੂੰ ਬਚਾਇਆ ਜਾ ਸਕੇ।