1.8 C
United Kingdom
Monday, April 7, 2025

More

    ਸੰਦਲੀ ਪੌਣਾਂ ਦੇ ਪੈਰੀਂ ਪੰਜੇਬਾਂ ਪਾਉਣ ਵਾਲ਼ੀ ਕਿੱਟੀ ਬੱਲ

    ਪਿਛਲੇ ਦਿਨੀਂ ਮਰਹੂਮ ਬਾਈ ਜੀ, ਸਰਦਾਰ ਸ਼ਿਵਚਰਨ ਸਿੰਘ ਗਿੱਲ ਹੋਰਾਂ ਦਾ ਸਮਾਗਮ ਉਹਨਾਂ ਦੀ ਸਲੱਗ ਬੇਟੀ ਸ਼ਿਵਦੀਪ ਕੌਰ ਢੇਸੀ ਅਤੇ ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਟਰੱਸਟ ਲੰਡਨ ਵੱਲੋਂ ਕਰਵਾਇਆ ਗਿਆ, ਜਿੱਥੇ ਮੈਨੂੰ ਕਈ ਵੱਖੋ-ਵੱਖ ਮਾਣ ਮੱਤੀਆਂ ਸਖ਼ਸ਼ੀਅਤਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ, ਜਿੰਨ੍ਹਾਂ ਵਿੱਚ ਪੰਜਾਬੀ ਦੀ ਚਰਚਿਤ ਅਤੇ ਮਕਬੂਲ ਕਵਿੱਤਰੀ ਕਿੱਟੀ ਬੱਲ ਵੀ ਸੀ। ਮੈਨੂੰ ਉਹਨਾਂ ਨੇ ਆਪਣੀਆਂ ਦੋ ਕਿਤਾਬਾਂ “ਬੰਦ ਬੂਹੇ” ਅਤੇ “ਤੇਜ਼ ਚੱਲਣ ਹਨ੍ਹੇਰੀਆਂ” ਅਰਪਨ ਕੀਤੀਆਂ। ਕਿੱਟੀ ਬੱਲ ਦੀ ਕਿਤਾਬ “ਬੰਦ ਬੂਹੇ” ਮੈਂ ਇੱਕੋ ਬੈਠਕ ਵਿੱਚ ਹੀ ਪੜ੍ਹ ਦਿੱਤੀ। ਮਨ ਵਿੱਚ ਆਇਆ ਕਿ ਇਸ ਬਹੁਮੁੱਲੀ ਕਿਤਾਬ ਬਾਰੇ ਜ਼ਰੂਰ ਕੁਛ ਲਿਖਣਾ ਚਾਹੀਦਾ ਹੈ। ਉਸ ਦੀ ਇੱਕ ਰਚਨਾ ਪੜ੍ਹ ਕੇ ਮੈਨੂੰ ਬੈਂਜਾਮਿਨ ਬੁਰੰਬੋ ਦਾ ਕਥਨ ਯਾਦ ਆ ਜਾਂਦਾ ਹੈ। ਅਫ਼ਰੀਕਾ ਦਾ ਬੈਂਜਾਮਿਨ ਬੁਰੰਬੋ ਲਿਖਦਾ ਹੈ ਕਿ ਜਦੋਂ ਵੀ ਮੈਂ ਆਪਣੇ ਲੋਕਾਂ ਦੇ ਹੱਕਾਂ ਲਈ ਲੜਦਾ ਹਾਂ, ਤਾਂ ਮੈਂ ਇੱਕ ਹੱਥ ਨਾਲ਼ ਲੜਦਾ ਹਾਂ, ਕਿਉਂਕਿ ਮੈਂ ਆਪਣਾ ਦੂਜਾ ਹੱਥ ਮੇਰੇ ਆਪਣੇ ਉਹਨਾਂ ਲੋਕਾਂ ਨੂੰ ਪਰ੍ਹੇ ਰੱਖਣ ਲਈ ਵਰਤਣਾ ਹੁੰਦਾ ਹੈ, ਜੋ ਮੇਰੇ ਹੀ ਵਿਰੋਧ ‘ਚ ਹੁੰਦੇ ਨੇ। ਤਕਰੀਬਨ ਉਸੀ ਤਰ੍ਹਾਂ ਆਪਣੀ ਰਚਨਾ “ਮੈਂ ਬੋਲੀ ਨਾ” ਵਿੱਚ ਕਿੱਟੀ ਬੱਲ ਲਿਖਦੀ ਹੈ:

    ਮੈਨੂੰ ਵਾਂਗ ਕਸਾਈਆਂ ਧੂਹਿਆ

    ਵੇ ਮੈਂ ਬੋਲੀ ਨਾ

    ਸੁਣ ਤੂੰ ਕੀ ਮੈਨੂੰ ਮਾਰੇਂਗਾ?

    ਮੈਂ ਤਾਂ ਰੋਜ਼ ਹੀ ਮਰਦੀ ਸੀ

    ਆਪੇ ਨਾਲ਼ ਲੜਦੀ ਸੀ

    ਭੁੱਖੇ ਢਿੱਡ ਵੀ ਭਰਦੀ ਸੀ

    ਪਰ ਮੈਂ ਬੋਲੀ ਨਾ…

    ਬਰਨਾਰਡ ਸ਼ਾਅ “ਕ੍ਰਾਂਤੀ ਦੇ ਸਿਧਾਂਤ” ਵਿੱਚ ਲਿਖਦਾ ਹੈ; ਜਦੋਂ ਆਦਮੀ ਸ਼ੇਰ ਨੂੰ ਮਾਰਦਾ ਹੈ, ਤਾਂ ਇਸ ਨੂੰ “ਸ਼ਿਕਾਰ ਖੇਡਣਾ” ਆਖਦਾ ਹੈ। ਪਰ ਜਦੋਂ ਇੱਕ ਸ਼ੇਰ ਆਦਮੀ ਨੂੰ ਮਾਰਨਾ ਚਾਹੁੰਦਾ ਹੈ, ਤਾਂ ਉਹ ਇਸ ਨੂੰ “ਵਹਿਸ਼ੀਪੁਣਾ” ਕਹਿੰਦਾ ਹੈ। ਕੁਝ ਅਜਿਹਾ ਹੀ ਬ੍ਰਿਤਾਂਤ ਕਿੱਟੀ ਬੱਲ ਆਪਣੀ ਰਚਨਾ “ਰਿਸ਼ਤੇ ਦਾ ਘਾਣ” ਵਿੱਚ ਕਰਦੀ ਹੈ:

    ਲੁੱਟ ਅਯਾਸ਼ੀ ਜਿਸਮ ਲੀਰੋ ਲੀਰ ਕਰ ਗਿਆ

    ਕਰ ਕਲੰਕਤ, ਕਲੰਕ ਮੱਥੇ ਮੜ੍ਹ ਗਿਆ

    ਵੱਸ ਚੱਲਦਾ ਜਾਨੋਂ ਹੀ ਮਾਰ ਮੁਕਾ ਦਿੰਦਾ

    ਹਵਸ ‘ਚ ਵਹਿਸ਼ੀਪੁਣੇ ਦੀ ਹੱਦ ਪਾਰ ਕਰ ਗਿਆ

    ਜਿਵੇਂ ਐਡਮੰਡ ਬਰਕ ਦਾ ਇੱਕ ਕਥਨ ਹੈ; ਪਾਖੰਡੀ ਸ਼ਾਨਦਾਰ ਲਾਰੇ ਲਾ ਸਕਦਾ ਹੈ। ਇਹ ਕਦੇ ਇਕਰਾਰ ਤੋਂ ਅੱਗੇ ਕੋਈ ਕਦਮ ਨਹੀਂ ਪੁੱਟਦਾ, ਕਿਉਂਕਿ ਇਸ ‘ਤੇ ਕੋਈ ਖਰਚ ਨਹੀਂ ਹੁੰਦਾ। ਉਸੇ ਤਰ੍ਹਾਂ ਕਿੱਟੀ ਬੱਲ ਦੀ ਰਚਨਾ ਵਿੱਚ ਮੈਨੂੰ ਮਹਿਸੂਸ ਹੁੰਦਾ ਹੈ। ਉਹ ਲਿਖਦੀ ਹੈ:

    ਡੋਰ ਤੂੰ ਦੇਣਾ ਚਾਹਵੇਂ ਅਡਾਨੀ ਅੰਬਾਨੀ ਨੂੰ

    ਵਿਕਣ ਨਾ ਦੇਵੇ ਜੱਟ ਪੁੱਤ ਦੀ ਨਿਸ਼ਾਨੀ ਨੂੰ

    ਹੱਥ ਨਾ ਪਾਵੀਂ ‘ਕੱਠ ਮਸਾਂ ਸਮਝਾਇਆ ਏ

    ਠਹਿਰ ਜਾ ਦਿੱਲੀਏ, ਪੁੱਤ ਜੱਟ ਦਾ ਆਇਆ ਏ…

    ਜਿਵੇਂ ਜੋਨ “ਆਖਰੀ ਭੋਜ” ਵਿੱਚ ਲਿਖਦਾ ਹੈ; ਮੈਂ ਸਭ ਵੱਲ ਸੰਕੇਤ ਨਹੀਂ ਕਰ ਰਿਹਾ। ਮੈਂ ਆਪਣੇ ਚੁਣੇ ਹੋਏ ਲੋਕਾਂ ਨੂੰ ਜਾਣਦਾ ਹਾਂ, ਪ੍ਰੰਤੂ ਇਹ ਤਾਂ ਪਵਿੱਤਰ ਗ੍ਰੰਥਾਂ ਦੇ ਸ਼ਬਦਾਂ ਨੂੰ ਪੂਰਾ ਕਰਨਾ ਹੈ, ਜੋ ਮੇਰਾ ਖਾਣਾ ਮੇਰੇ ਨਾਲ਼ ਖਾਏਗਾ, ਉਹੋ ਹੀ ਮੇਰੇ ਵਿਰੁੱਧ ਉਠੇਗਾ। ਉਸੀ ਤਰ੍ਹਾਂ ਕਿੱਟੀ ਬੱਲ ਲਿਖਦੀ ਹੈ:

    ਕੋਈ ਖਿਚੜੀ ਹੈ ਪੱਕਦੀ ਜੁਮਲੇ ਦੀ

    ਤਾਹੀਉਂ ਪਰਦੇ ਪਿੱਛੇ ਬੈਠਾ ਕੁਝ ਘੋਲ਼ ਰਿਹਾ।

    ਵੋਟਾਂ ਦੇ ਨਾਲ਼ ਚੁਣਿਆਂ ਰਾਜਾ,

    ਦੇਸ਼ ਸੰਵਾਰਨ ਲਈ “ਦੀਪ”

    ਉਹ ਵੇਚਣ ਲਈ ਗਾਹਕੀ ਟੋਲ਼ ਰਿਹਾ।

    ਮੈਂ “ਸਾਡੀ ਵੀ ਕੋਈ ਮਾਂ ਹੁੰਦੀ ਸੀ” ਵਿੱਚ ਲਿਖਿਆ ਸੀ; ਮਾਂ ਜਿ਼ੰਦਗੀ ਦਾ ਇੱਕ ਉਹ ਅਨਮੋਲ ਤੋਹਫ਼ਾ ਹੈ, ਜਿਹੜਾ ਇਨਸਾਨ ਨੂੰ ਜਿ਼ੰਦਗੀ ਵਿੱਚ ਸਿਰਫ਼ ਇੱਕ ਵਾਰ ਹੀ ਨਸੀਬ ਹੁੰਦਾ ਹੈ। ਕੁਦਰਤ ਦੀ ਮਹਿਮਾਂ ਅਪਰ-ਅਪਾਰ ਹੈ। ਜਿੱਥੇ ਅੰਡਜ, ਜੇਰਜ, ਸੇਤਜ ਦੀ ਚਰਚਾ ਹੈ, ਉਥੇ ਮਾਂ ਦਾ ਰਿਸ਼ਤਾ ਅਟੁੱਟ ਹੈ, ਅਭੁਰ ਹੈ, ਅਖੁਰ ਹੈ ਅਤੇ ਪਰਬਤ ਵਾਂਗ ਸਥਿਰ ਹੈ। ਪਰ ਜਦ ਮਾਂ ਦਾ ਰਿਸ਼ਤਾ ਟੁੱਟਦਾ, ਖੁਰਦਾ ਜਾਂ ਭੁਰਦਾ ਹੈ ਤਾਂ ਉਥੇ ਬੰਜਰ ਉਜਾੜਾਂ ਅਤੇ ਰੋਹੀ-ਬੀਆਬਾਨ ਵਰਗੀ ਸਥਿਤੀ ਹੁੰਦੀ ਹੈ। ਜਿਵੇਂ ਛਾਂ ਰੁੱਖ ਤੋਂ ਜੁਦਾ ਨਹੀਂ ਹੋ ਸਕਦੀ, ਰੁੱਖ ਛਾਂ ਤੋਂ ਨਹੀਂ। ਉਸ ਤਰ੍ਹਾਂ ਹੀ ਬੱਚੇ ਮਾਂ ਅਤੇ ਮਾਂ ਬੱਚੇ ਦਾ ਰਿਸ਼ਤਾ ਵੱਖ ਨਹੀਂ ਹੋ ਸਕਦਾ। ਮਾਂ ਦਾ ਰਿਸ਼ਤਾ ਨਿਰਲੇਪ, ਨਿਰਛਲ, ਨਿਰਕਪਟ, ਨਿਰਾਕਾਰ ਅਤੇ ਸੁਖਦਾਈ ਹੈ। ਮਾਂ ਦਾ ਨਾਂ ਸੁਣ ਕੇ ਹੀ ਪ੍ਰਵਾਸ ਭੋਗਦੇ ਪ੍ਰਵਾਸੀ ਦੇ ਦਿਲੋਂ ਵਿਛੋੜੇ ਦੀ ਐਸੀ ਹੂਕ ਨਿਕਲਦੀ ਹੈ ਕਿ ਆਤਮਾ ਕਸੀਸ ਵੱਟ ਕੇ ਰਹਿ ਜਾਂਦੀ ਹੈ! ਮਾਂ ਸ਼ਬਦ ਹੀ ਮੋਹ ਨਾਲ ਲਿਬਰੇਜ਼ ਅਤੇ ਸ਼ਹਿਦ ਵਰਗਾ ਮਾਖਿਓਂ ਮਿੱਠਾ ਸ਼ਬਦ ਹੈ। ਵੈਸੇ ਮੇਰੀ ਨਜ਼ਰ ਵਿੱਚ ਮਾਂ ਦਾ ਰਿਸ਼ਤਾ ਸਿਰਫ਼ ਮੌਤ-ਵਿਛੋੜੇ ਨਾਲ ਸਰੀਰਕ ਤੌਰ ‘ਤੇ ਹੀ ਸਮਾਪਤ ਹੁੰਦਾ ਹੈ, ਪਰ ਖ਼ਤਮ ਫਿਰ ਵੀ ਨਹੀਂ ਹੁੰਦਾ! ਜਿਸ ਤਰ੍ਹਾਂ ਮਰਨ ਨਾਲ ਸਰੀਰ ਜ਼ਰੂਰ ਮਿਟ ਜਾਂਦਾ ਹੈ, ਪਰ ਰੂਹ ਅਰਥਾਤ ਆਤਮਾ ਅਮਿਟ, ਬਰਕਰਾਰ ਅਤੇ ਅਮਰ ਰਹਿੰਦੀ ਹੈ। ਮਾਂ ਦਾ ਰਿਸ਼ਤਾ ਸਦੀਵੀ ਅਤੇ ਅਟੁੱਟ ਹੈ। ਸਰੀਰਕ ਪੱਖੋਂ ਤਾਂ ਚਾਹੇ ਮਾਂ ਵਿੱਛੜ ਜਾਂਦੀ ਹੈ, ਪਰ ਉਸ ਦੀਆਂ ਘਾਲੀਆਂ ਘਾਲਣਾਵਾਂ, ਕੀਤਾ ਪਾਲਣ ਪੋਸ਼ਣ ਧੀ-ਪੁੱਤ ਦੇ ਦਿਲ ‘ਤੇ ਸਦਾ ਸਿ਼ਲਾਲੇਖ ਵਾਂਗ ਉੱਕਰਿਆ ਰਹਿੰਦਾ ਹੈ। ਤਾਂ ਹੀ ਤਾਂ ਧੀ-ਪੁੱਤ ਜੁਆਨ ਹੋ ਕੇ ਵੀ ਮਾਂ ਦੀ ਦਿੱਤੀ ਗੁੜ੍ਹਤੀ, ਦਿੱਤੀਆਂ ਦੁਆਵਾਂ ਅਤੇ ਮੱਥੇ ‘ਤੇ ਦਿੱਤਾ ਪਹਿਲਾ ਚੁੰਮਣ ਨਹੀਂ ਭੁੱਲ੍ਹਦਾ। ਮਾਂ ਦੀ ਗੁਣਵਾਨ-ਦੇਣ ਬ੍ਰਿਹੋਂ, ਮੋਹ, ਦੁੱਖ-ਦਰਦ ਅਤੇ ਪ੍ਰੇਮ ਸਿਰਜਣ ਵਿੱਚ ਹਰ ਥਾਂ ਸੋਲ੍ਹਾਂ ਕਲਾਂ ਸੰਪੂਰਨ ਹੋ ਕੇ ਨਿੱਤਰਦੀ ਹੈ। ਕਿੱਟੀ ਬੱਲ ਵੀ ਇਸੇ ਵੇਗ ਵਿੱਚ ਵਹਿ ਕੇ ਸਿਰਜਣਾ ਕਰਦੀ ਹੈ:

    ਮਾਂ ਹਮੇਸ਼ਾ ਮੇਰੇ ਦਿਲ ਵਿੱਚ ਰਹਿੰਦੀ ਐ।

    ਪਰ ਨਿੱਘ ਲਈ ਰੂਹ ਤੜਫ਼ਦੀ ਰਹਿੰਦੀ ਐ।

    ਸਦੀਆਂ ਹੋ ਗਈਆਂ ਮਾਂ ਨੂੰ ਦੇਖੇ,

    ਇੱਕ ਝਲਕ ਲਈ ਅੱਖ ਤਰਸਦੀ ਰਹਿੰਦੀ ਐ।

    ਮੇਰੀ ਨਜ਼ਰ ਵਿੱਚ ਉਹ ਲੇਖਕ ਹੀ ਜਿ਼ਆਦਾ ਪ੍ਰਵਾਨ ਚੜ੍ਹੇ ਨੇ, ਜਿੰੰਨ੍ਹਾਂ ਨੇ ਆਮ ਲੋਕਾਂ ਦੀ ਸਰਲ ਅਤੇ ਰਵਾਇਤੀ ਭਾਸ਼ਾ ਲਿਖੀ। ਪੰਜਾਬ ਦੇ ਪਿੰਡਾਂ ਦੀ ਠੇਠ ਪੰਜਾਬੀ ਅਤੇ ਪੰਜਾਬ ਦੇ ਪੇਂਡੂ ਮਾਹੌਲ ਦਾ ਚਿਤਰਣ ਕਰ ਕੇ ਕਿੱਟੀ ਬੱਲ ਨੇ ਬੇਹੱਦ ਮਾਅਰਕੇ ਦਾ ਕਾਰਜ ਕੀਤਾ ਹੈ। ਉਸ ਦੀਆਂ ਲਿਖਤਾਂ ਵਿੱਚ ਘੁਲ੍ਹਾੜੀ ਦੇ ਤੱਤੇ ਗੁੜ ਜਿਹੀ ਮਹਿਕ ਅਤੇ ਕਿਸੇ ਨਦੀ ਦੇ ਵਗਦੇ ਨਿਰਮਲ ਜਲ ਵਰਗਾ ਸਹਿਜ ਅਤੇ ਰਵਾਨਗੀ ਹੈ। ਉਸ ਦੀਆਂ ਲਿਖਤਾਂ ਵਿੱਚ ਪੋਨੇ ਗੰਨੇ ਵਰਗਾ ਰਸ ਅਤੇ ਮਧੁਰ ਸੰਗੀਤ ਵਰਗਾ ਸਰੂਰ ਹੈ। ਉਸ ਦੀ ਕਲਪਨਾ ਵਿੱਚ ਕਿਤੇ ਅੰਬੀਆਂ ਉਪਰ ਬੈਠੀ ਕੋਇਲ ਕੂਕਦੀ ਹੈ ਅਤੇ ਕਿਤੇ ਕੱਚੇ ਘੜ੍ਹੇ ‘ਤੇ ਸੋਹਣੀ ਝਨਾਂਵਾਂ ਤਰਦੀ ਹੈ। ਉਸ ਦੀ ਸੋਚ ਦੀ ਪ੍ਰਵਾਜ਼ ਇਤਨੀ ਪ੍ਰਬਲ ਹੈ ਕਿ ਅੰਬਰੀਂ ਉਡਦੀਆਂ ਕੂੰਜਾਂ ਨੂੰ ਕਲਾਵਾ ਜਾ ਮਾਰਦੀ ਹੈ। “ਬੰਦ ਬੂਹੇ” ਵਿੱਚ ਉਸ ਨੇ ਹਰ ਰਚਨਾ ਦੇ ਨਾਲ਼ ਪੂਰਾ-ਪੂਰਾ ਇਨਸਾਫ਼ ਕੀਤਾ ਹੈ। ਜਿਵੇਂ ਬਾਜ ਜਿੰਨਾਂ ਮਰਜ਼ੀ ਉਪਰ ਅਸਮਾਨ ਦੀਆਂ ਉਚਾਈਆਂ ਵਿੱਚ ਚਲਿਆ ਜਾਵੇ, ਪਰ ਉਸ ਦੀ ਅੱਖ ਦੀ ਸਿ਼ਸ਼ਤ ਧਰਤੀ ਉਪਰ ਹੀ ਟਿਕੀ ਰਹਿੰਦੀ ਹੈ, ਉਸੇ ਤਰ੍ਹਾਂ ਕਿੱਟੀ ਬੱਲ ਆਪਣੀ ਬਿਰਤੀ ਅਤੇ ਇਕਾਗਰਤਾ ਨੂੰ ਬਿਖਰਨ ਨਹੀਂ ਦਿੰਦੀ। ਉਸ ਨੂੰ ਸੰਦਲੀ ਪੌਣਾਂ ਨੂੰ ਪੰਜੇਬਾਂ ਪਾਉਣੀਆਂ ਬਾਖ਼ੂਬ ਆਉਂਦੀਆਂ ਨੇ। ਮੈਂ ਉਸ ਦੀ ਇਸ ਕਿਤਾਬ “ਬੰਦ ਬੂਹੇ” ਨੂੰ “ਜੀ ਆਇਆਂ” ਆਖਦਾ ਹੋਇਆ ਉਸ ਤੋਂ ਹੋਰ ਰਚਨਾਵਾਂ ਦੀ ਬੇਸਬਰੀ ਨਾਲ਼ ਉਡੀਕ ਕਰੂੰਗਾ।

    ਸ਼ਿਵਚਰਨ ਜੱਗੀ ਕੁੱਸਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!