ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਦੇ ਸੰਬੰਧ ਵਿੱਚ ਵਾਪਰੇ ਘਟਨਾਕ੍ਰਮ ਦਾ ਸੇਕ ਵਿਦੇਸ਼ਾਂ ਤੱਕ ਪਹੁੰਚ ਚੁੱਕਾ ਹੈ। ਵੱਖ ਵੱਖ ਦੇਸ਼ਾਂ ਵਿੱਚ ਅੰਮ੍ਰਿਤਪਾਲ ਸਿੰਘ ਦੀ ‘ਰਿਹਾਈ’ ਦੀ ਮੰਗ ਸੰਬੰਧੀ ਭਾਰਤੀ ਹਾਈ ਕਮਿਸ਼ਨ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਹੋਏ। ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਇਮਾਰਤ ਅੱਗੇ ਹੋਇਆ ਰੋਸ ਪ੍ਰਦਰਸ਼ਨ ਵਿਸ਼ਵ ਭਰ ਵਿੱਚ ਸੁਰਖੀਆਂ ਦਾ ਕਾਰਨ ਇਸ ਕਰਕੇ ਬਣ ਗਿਆ ਕਿ ਇੱਕ ਨੌਜਵਾਨ ਵੱਲੋਂ ਭਾਰਤੀ ਹਾਈ ਕਮਿਸ਼ਨ ਲੰਡਨ ਇਮਾਰਤ ਦੀ ਬਾਲਕੋਨੀ ਉੱਪਰ ਚੜ੍ਹ ਕੇ ਤਿਰੰਗਾ ਝੰਡਾ ਲਾਹ ਕੇ ਖਾਲਿਸਤਾਨ ਸ਼ਬਦ ਲਿਖਿਆ ਝੰਡਾ ਟੰਗਣ ਦੀ ਕੋਸ਼ਿਸ਼ ਕੀਤੀ। ਨਸ਼ਰ ਹੋਈਆਂ ਵੀਡੀਓਜ਼ ਵਿੱਚ ਇੱਕ ਨੌਜਵਾਨ ਤਿਰੰਗਾ ਝੰਡਾ ਉਤਾਰ ਕੇ ਜਦੋਂ ਕੇਸਰੀ ਝੰਡਾ ਬਾਲਕੋਨੀ ਦੇ ਜੰਗਲੇ ਨਾਲ ਟੰਗਦਾ ਹੈ ਤਾਂ ਅੰਦਰੋਂ ਦੋ ਵਿਅਕਤੀ ਆਉਂਦੇ ਹਨ, ਜਿਹਨਾਂ ‘ਚੋਂ ਇੱਕ ਨੌਜਵਾਨ ਕੋਲੋਂ ਤਿਰੰਗਾ ਝੰਡਾ ਖੋਹ ਲੈਂਦਾ ਹੈ। ਨਾਲ ਹੀ ਟੰਗੇ ਗਏ ਕੇਸਰੀ ਝੰਡੇ ਨੂੰ ਵੀ ਹੇਠਾਂ ਵਗਾਹ ਸੁੱਟਦਾ ਹੈ। ਇਸ ਘਟਨਾਕ੍ਰਮ ਤੋਂ ਬਾਅਦ ਵਿਸ਼ਵ ਪੱਧਰ ‘ਤੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰਦਰਸ਼ਨ ਕਰ ਰਹੇ ਲੋਕਾਂ ਵੱਲੋਂ ਇਮਾਰਤ ਦੇ ਸ਼ੀਸ਼ੇ ਵੀ ਨੁਕਸਾਨੇ ਗਏ ਹਨ, ਜਿਸਦੀ ਵਜ੍ਹਾ ਨਾਲ ਦੋ ਕਰਮਚਾਰੀਆਂ ਦੇ ਜ਼ਖਮੀ ਹੋਣ ਬਾਰੇ ਵੀ ਕਿਹਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਫਿਲਹਾਲ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਈਵੇਟ ਪ੍ਰਾਪਰਟੀ ਵਿੱਚ ਦਾਖਲ ਹੋਣ ਅਤੇ ਨੁਕਸਾਨ ਪਹੁੰਚਾਉਣ ਦੇ ਮਾਮਲੇ ਸਮੇਤ ਹੋਰ ਵੀ ਸਮੱਸਿਆਵਾਂ ਨੂੰ ਆਧਾਰ ਬਣਾ ਕੇ ਗ੍ਰਿਫਤਾਰੀਆਂ ਦੀ ਲਿਸਟ ਲੰਮੀ ਹੋ ਸਕਦੀ ਹੈ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਵੀ ਇਸ ਘਟਨਾ ਦੀ ਨਿੰਦਿਆ ਕੀਤੀ ਹੈ।
