ਕੁਲਦੀਪ ਚੁੰਬਰ
ਚੰਗੀਆਂ ਪੜ੍ਹੋ ਕਿਤਾਬਾਂ ਮਿੱਤਰੋ , ਪੜ੍ਹਕੇ ਬਣੋ ਮਹਾਨ,
ਗਿਆਨ ਦਾ ਸਾਗਰ ਹੋਣ ਕਿਤਾਬਾਂ ਕਰਕੇ ਦੇਖ
ਇਸ਼ਨਾਨ।

ਕਾਲੇ ਅੱਖਰ ਲਿਖੇ ਨਾ ਸਮਝੋ, ਇਹ ਤਾਂ ਵੰਡਣ ਲੋਆਂ
ਮਨ ਚਿੱਤ ਲਾਕੇ ਪੜ੍ਹੇ ਜ੍ਹਿਨਾਂ ਨੇ,ਓਹ ਬਣ ਗਏ ਖੁਸ਼ਬੋਆਂ
ਇਹਨਾਂ ਕਿਤਾਬਾਂ ਵਿਚ ਛਿਪੇ ਨੇ ਗੁਰੂ ਪੀਰ ਭਗਵਾਨ
ਗਿਆਨ ਦਾ ਸਾਗਰ ……
ਪੁਸਤਕਾਂ ਜਿਨ੍ਹਾਂ ਬਣਾਈਆਂ ਦੋਸਤ , ਓਹ ਨਾ ਖਾਂਦੇ ਧੋਖਾ ਪੁਸਤਕਾਂ ਦੇ ਵਿਚ ਕੁੱਲ ਕਾਇਨਾਤ ਦੇ, ਰੰਗਾਂ ਦਾ ਹੈ ਹੋਕਾ
ਬਖ਼ਸ ਦੇਣ ਵਡਿਆਈ ਵੱਡੀ, ਆਖੇ ਜੱਗ ਵਿਦਵਾਨ
ਗਿਆਨ ਦਾ ਸਾਗਰ……..
ਰੁਚੀ ਕਿਤਾਬਾਂ ਪੜ੍ਹਨ ਦੀ ਪਾਓ, ਵੱਡਿਆਂ ਦਾ ਹੈ ਕਹਿਣਾ
ਸਾਡੇ ਸਭਿਆਚਾਰ ਵਿਰਾਸਤ ਦਾ ਹੈ ਪੁਸਤਕਾਂ ਗਹਿਣਾ
ਵਾਰਿਸ ਸ਼ਾਹ ਦੀ ਹੀਰ ਤੇ ਬੁੱਲ੍ਹਾ ਸ਼ਾਹ ਬਾਹੂ ਸੁਲਤਾਨ
ਗਿਆਨ ਦਾ ਸਾਗਰ ………
ਚੁੰਬਰਾ ਪੁਸਤਕਾਂ ਰਾਹ ਦਸੇਰਾ ਬਣਦੀਆਂ ਜੋ ਰਾਹ ਭੁੱਲੇ
ਪੰਜਾਬੀ ਮਾਂ ਬੋਲੀ ਮੇਰੀ ਦੇ , ਦਰ ਸਭਨਾਂ ਲਈ ਖੁੱਲ੍ਹੇ
ਭੀਮ ਕਿਤਾਬਾਂ ਪੜ੍ਹ ਕੇ ਲਿਖ ਗਏ ਭਾਰਤ ਦਾ ਸੰਵਿਧਾਨ
ਗਿਆਨ ਦਾ ਸਾਗਰ …….
ਕੁਲਦੀਪ ਚੁੰਬਰ
98151 – 37254