ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਸਕਾਟਲੈਂਡ ਭਰ ਵਿਚ ਬਹੁਤ ਹੀ ਉਤਸ਼ਾਹ ਪੂਰਵਕ ਮਨਾਇਆ ਗਿਆ। ਸਵੇਰ ਤੋਂ ਲੈ ਕੇ ਸ਼ਹਿਰਾਂ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਵਿੱਚ ਚਹਿਲਕਦਮੀ ਬਣੀ ਰਹੀ। ਮਠਿਆਈ ਵਾਲੀਆਂ ਦੁਕਾਨਾਂ ‘ਤੇ ਵੀ ਖੂਬ ਰੌਣਕਾਂ ਰਹੀਆਂ। ਕਈ ਗੁਰੂ ਘਰਾਂ ਵਿੱਚ ਵੀ ਮਠਿਆਈਆਂ ਬਣਾ ਕੇ ਵੇਚੀਆਂ ਗਈਆਂ ਜਿਸ ਨੂੰ ਸੰਗਤਾਂ ਵੱਲੋਂ ਬਹੁਤ ਉਤਸ਼ਾਹਪੂਰਵਕ ਖ਼ਰੀਦਿਆ ਗਿਆ। ਗਲਾਸਗੋ, ਐਡਨਬਰਾ, ਡੰਡੀ, ਐਬਰਡੀਨ, ਇਰਵਨ ਆਦਿ ਸ਼ਹਿਰਾਂ ਵਿੱਚ ਗੁਰੂ ਘਰਾਂ ਵਿਚ ਸੰਗਤਾਂ ਦਾ ਭਾਰੀ ਇਕੱਠ ਬਣਿਆ ਰਿਹਾ। ਸਿੱਖ ਭਾਈਚਾਰੇ ਦੇ ਨਾਲ ਨਾਲ ਹਿੰਦੂ ਭਾਈਚਾਰੇ ਦੀਆਂ ਸੰਗਤਾਂ ਨੇ ਵੀ ਇਨ੍ਹਾਂ ਤਿਉਹਾਰਾਂ ਨੂੰ ਉਤਸ਼ਾਹ ਨਾਲ ਮਨਾਇਆ। ਗੁਰਦੁਆਰਿਆਂ ਦੇ ਨਾਲ ਨਾਲ ਮੰਦਿਰਾਂ ਵਿੱਚ ਵੀ ਕਾਫ਼ੀ ਚਹਿਲ ਪਹਿਲ ਰਹੀ। ਧਾਰਮਿਕ ਅਸਥਾਨਾਂ ਵਿੱਚ ਮੱਥਾ ਟੇਕਣ ਵਾਲੀਆਂ ਸੰਗਤਾਂ ਦਾ ਹੜ੍ਹ ਬਰਕਰਾਰ ਰਿਹਾ। ਮਾਹੌਲ ਕੁਝ ਇਸ ਤਰ੍ਹਾਂ ਦਾ ਸੀ ਕਿ ਸਾਰਾ ਦਿਨ ਹੀ ਲੋਕ ਧਾਰਮਿਕ ਸਥਾਨਾਂ ਵਿੱਚ ਆ ਰਹੇ ਸਨ, ਜਾ ਰਹੇ ਸਨ। ਸ਼ਾਮ ਦੇ ਸਮੇਂ ਧਾਰਮਿਕ ਅਸਥਾਨਾਂ ਤੇ ਹਾਜ਼ਰ ਲੋਕਾਂ ਵੱਲੋਂ ਆਤਿਸ਼ਬਾਜ਼ੀ ਵੀ ਕੀਤੀ ਗਈ।