ਸ਼ਿਵਚਰਨ ਜੱਗੀ ਕੁੱਸਾ

ਪ੍ਰਸਿੱਧ ਕਾਲਮ ਨਵੀਸ ਅਤੇ ਮੇਰੇ ਪ੍ਰਮ-ਮਿੱਤਰ ਅਤੇ ਸਤਿਕਾਰਯੋਗ ਵੱਡੇ ਬਾਈ ਜਤਿੰਦਰ ਪਨੂੰ ਦਾ ਕਥਨ ਹੈ, “ਪੱਤਰਕਾਰੀ ਨੂੰ ਲੋਕਤੰਤਰ ਦੀ ਮੰਜੀ ਦਾ ਚੌਥਾ ਪਾਵਾ ਕਿਹਾ ਜਾਂਦਾ ਹੈ।” ਜਦੋਂ ਇਸ ਨੂੰ ਇਹ ਖਿਤਾਬ ਮਿਲਿਆ, ਓਦੋਂ ਹਾਲੇ ਪੱਤਰਕਾਰੀ ਮੁੱਢਲੇ ਦੌਰ ਵਿਚ ਸੀ, ਹੁਣ ਤਾਂ ਇਹ ਅਨੇਕਾਂ ਪੜਾਅ ਪਾਰ ਕਰ ਚੁੱਕੀ ਹੈ। ਉਸ ਦੌਰ ਵਿਚ ਇੱਕ ਵਿਚਾਰਵਾਨ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਜਿੱਥੇ ਤਲਵਾਰ ਨਾਲ ਮੁਕਾਬਲਾ ਨਹੀਂ ਕਰ ਸਕਦੇ, ਓਥੇ ਅਖ਼ਬਾਰ ਸ਼ੁਰੂ ਕਰ ਲਵੋ। ਹੋਰ ਤਾਂ ਹੋਰ, ਇਹ ਅਖਾਣ ਵੀ ਉਸੇ ਦੌਰ ਵਿਚ ਜੰਮ ਪਿਆ ਸੀ ਕਿ ਤਲਵਾਰ ਨਾਲੋਂ ਕਲਮ ਵੱਧ ਤਾਕਤਵਰ ਹੁੰਦੀ ਹੈ। ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਅਲੰਕਾਰ ਇਹਦੇ ਲਈ ਓਦੋਂ ਹੀ ਵਰਤੇ ਜਾਣ ਲੱਗ ਪਏ ਸਨ। ਪੱਤਰਕਾਰ ਜਾਂ ਪੱਤਰਕਾਰੀ ਇਕ ਅਜਿਹੀ ਚੀਜ਼ ਹੈ, ਜਿਸ ਨੇ ਸਮਾਜ਼ ਨੂੰ ਸੇਧ ਦੇਣੀ ਹੁੰਦੀ ਹੈ, ਦੁਨੀਆਂ ਦੀ ਹਰ ਚੰਗੀ-ਮੰਦੀ ਖ਼ਬਰ ਨੂੰ ਸੰਸਾਰ ਦੇ ਸਾਹਮਣੇ ਲਿਆਉਣਾ ਹੁੰਦਾ ਹੈ। ਪੱਤਰਕਾਰ ਇਕ ਉਹ ਸ਼ਮ੍ਹਾਂ ਹੁੰਦਾ ਹੈ, ਜੋ ਆਪ ਬਲ਼ ਕੇ ਲੋਕਾਂ ਨੂੰ ਰੌਸ਼ਨੀ ਅਰਪਨ ਕਰਦਾ ਹੈ। ਕਈ ਪੱਤਰਕਾਰ ਭਿਆਨਕ ਜੰਗਾਂ ਦੌਰਾਨ ਆਪਣੇ ਕਿੱਤੇ ਨੂੰ ਘੱਟ ਅਤੇ ਫ਼ਰਜ਼ ਨੂੰ ਵੱਧ ਮੁੱਖ ਰੱਖ ਕੇ, ਆਪਣੀਆਂ ਜਾਨਾਂ ‘ਤੇ ਖੇਡ ਕੇ, ਆਪਣਾ ਬਲੀਦਾਨ ਦਿੰਦੇ ਵੀ ਦੇਖੇ ਗਏ ਹਨ। ਕਈ ਪੱਤਰਕਾਰ ਅੱਤਿ-ਸੱਚੀਆਂ ਖ਼ਬਰਾਂ ਜਹਾਨ ਅੱਗੇ ਪੇਸ਼ ਕਰਨ ਕਾਰਨ, ਕੌੜਾ ਸੱਚ ਉਗਲਣ ਕਰਕੇ ਹੀ ਬਲੀ ਦੇ ਬੱਕਰੇ ਬਣਾ, ਝਟਕਾ ਦਿੱਤੇ ਗਏ। ਆਸਟਰੀਆ ਦਾ ਜੰਮਪਲ ਆਡੋਲਫ਼ ਹਿਟਲਰ ਜਦੋਂ ਜਰਮਨ ਦਾ ਡਿਕਟੇਟਰ ਬਣਿਆਂ ਤਾਂ ਪੱਤਰਕਾਰਾਂ ਨੇ ਆਪਣਾ ਫ਼ਰਜ਼ ਪੂਰਾ ਕਰਨ ਲਈ ਲੋਕ ਹਿਤਾਂ ਲਈ ਲਿਖਿਆ, ਤਾਂ ਹਿਟਲਰ ਨੇ ਸਭ ਤੋਂ ਪਹਿਲਾਂ ਆਪਣੇ ਖ਼ਿਲਾਫ਼ ਲਿਖਣ ਜਾਂ ਬੋਲਣ ਵਾਲੇ ਪੱਤਰਕਾਰਾਂ ਨੂੰ ਸਾਰੀ ਦੁਨੀਆਂ ਸਾਹਮਣੇ ਫ਼ਾਹੇ ਟੰਗਿਆ ਅਰਥਾਤ ਫ਼ਾਸੀ ‘ਤੇ ਲਟਕਾਇਆ ਅਤੇ ਉਹਨਾਂ ਦੀਆਂ ਲਾਸ਼ਾਂ ਕਈ-ਕਈ ਦਿਨ ਸ਼ਰੇਆਮ ਆਮ ਜਨਤਾ ਸਾਹਮਣੇ ਲਟਕਦੀਆਂ ਰਹੀਆਂ ਅਤੇ ਲੋਕ ਡਰ ਦੇ ਮਾਰੇ ਮੂਕ-ਦਰਸ਼ਕ ਬਣ ਕੇ ਦੇਖਦੇ ਰਹੇ। ਕਾਰਨ ਕੀ ਸੀ? ਕਾਰਨ ਇਹ ਸੀ ਕਿ ਜਿਹੜਾ ਬੰਦਾ ਪੱਤਰਕਾਰਾਂ ਨੂੰ ਨਹੀਂ ਬਖ਼ਸ਼ਦਾ, ਸਾਨੂੰ ਆਮ ਨਾਗਰਿਕਾਂ ਨੂੰ ਕੀ ਬਖ਼ਸੇਗਾ? ਦੁਨੀਆਂ ਦੇ ਸਾਹਮਣੇ ਹੀ ਹੈ ਕਿ ਹਿਟਲਰ ਦੇ ਭੂਸਰਪੁਣੇ ਕਾਰਨ ਚਾਰ ਕਰੋੜ ਨਿਰਦੋਸ਼ ਬੰਦਿਆਂ ਦੀ ਜਾਨ ਗਈ। ਹਿਟਲਰ ਨੂੰ ਪਤਾ ਸੀ ਕਿ ਜੇ ਮੇਰਾ ਤਖ਼ਤਾ ਪਲਟਿਆ ਤਾਂ ਲੇਖਕ ਅਤੇ ਪੱਤਰਕਾਰ ਹੀ ਪਲਟਣਗੇ, ਜੇ ਮੈਨੂੰ ਨਿਰਵਸਤਰ ਕੀਤਾ ਤਾਂ ਲੇਖਕ ਅਤੇ ਪੱਤਰਕਾਰ ਹੀ ਕਰਨਗੇ, ਕਿਉਂਕਿ ਕਲਮ ਵਿਚ ਤਲਵਾਰ ਨਾਲੋਂ ਵੱਧ ਸ਼ਕਤੀ ਹੈ। ਇਸ ਲਈ ਉਸ ਨੇ ਸਭ ਤੋਂ ਪਹਿਲਾਂ ਆਪਣੇ ਵਿਰੋਧੀ ਪੱਤਰਕਾਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਦਾ ਨਤੀਜਾ ਇਹੀ ਸੀ ਕਿ ਉਸ ਨੂੰ ਬੰਦੂਕ ਦੀ ਗੋਲੀ ਨਾਲੋਂ ਕਲਮ ਤੋਂ ਵਧੇਰੇ ਖ਼ਤਰਾ ਸੀ।
ਚਾਹੇ ਉਹ ਦੁਨੀਆਂ ਦੀ ਕੋਈ ਵੀ ਜੰਗ ਹੋਵੇ, ਕੋਈ ਮੁਜ਼ਾਹਰਾ ਹੋਵੇ, ਕੋਈ ਭਿਆਨਕ ਕਾਂਡ ਹੋਵੇ, ਹਿਰਦੇਵੇਧਕ ਹਾਦਸਾ ਵਾਪਰੇ, ਕਿਸੇ ਨਾਲ ਕਿਤੇ ਧੱਕਾ ਜਾਂ ਵਾਧਾ ਹੁੰਦਾ ਦਿਸੇ, ਪੱਤਰਕਾਰ ਆਪਣਾ ਫ਼ਰਜ਼ ਪੂਰਾ ਕਰਨ ਲਈ ਪਹਿਲ ਕਰਦੇ ਹਨ। ਪੰਜਾਬੀ ਦੇ ਕਿੰਨੇ ਸੱਚੇ ਪੱਤਰਕਾਰ ਇਸ ਦੀ ਬਲੀ ਚੜ੍ਹੇ। ਇੰਗਲੈਂਡ ਤੋਂ ਛਪਦੇ ਪੇਪਰ ‘ਦੇਸ ਪ੍ਰਦੇਸ’ ਦੇ ਬਾਨੀ ਸੰਪਾਦਕ ਅਤੇ ਮੇਰਾ ਜਿਗਰੀ ਮਿੱਤਰ ਸ੍ਰ. ਤਰਸੇਮ ਸਿੰਘ ਪੁਰੇਵਾਲ, ਕੈਨੇਡਾ ਤੋਂ ਛਪਦੇ ਪੇਪਰ ‘ਇੰਡੋ-ਕੈਨੇਡੀਅਨ ਟਾਈਮਜ਼’ ਦੇ ਸੰਪਾਦਕ ਸ੍ਰ. ਤਾਰਾ ਸਿੰਘ ਹੇਅਰ, ‘ਪੂਰਾ ਸੱਚ’ ਦਾ ਸੰਪਾਦਕ ਸ੍ਰੀ ਰਾਮ ਚੰਦਰ ਛੱਤਰਪਤੀ ਅਤੇ ਹੋਰ ਅਨੇਕਾਂ ਪੱਤਰਕਾਰ ਜਾਂ ਸੰਪਾਦਕ ਇਸ ਸੱਚੀ ਅਤੇ ਸੁੱਚੀ ਪੱਤਰਕਾਰੀ ਦੀ ਭੇਂਟ ਚੜ੍ਹੇ। ਇਹ ਸੱਚ ਹੈ ਕਿ ਪੱਤਰਕਾਰ ਜਾਂ ਸੰਪਾਦਕ ਦੀ ਜ਼ੁਬਾਨ ਜ਼ਰੂਰ ਬੰਦ ਕਰ ਦਿੱਤੀ ਜਾਂਦੀ ਹੈ, ਪਰ ਉਸ ਦੇ ਸੱਚ ਨੂੰ ਜਾਂ ਸੱਚਾਈ ਨੂੰ ਮਾਰਿਆ ਨਹੀਂ ਜਾ ਸਕਦਾ। ਇਹ ਮੈਂ ਨਹੀਂ ਕਹਿੰਦਾ ਕਿ ਇਹਨਾਂ ਪੱਤਰਕਾਰਾਂ ਨੂੰ ਆਪਣੀ ਜਿੰਦ-ਜਾਨ ਪਿਆਰੀ ਨਹੀਂ ਸੀ, ਬੀਵੀ ਬੱਚੇ ਪਿਆਰੇ ਨਹੀਂ ਸਨ। ਪਰ ਇਤਨਾ ਜ਼ਰੂਰ ਕਹਾਂਗਾ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ‘ਸੱਚ’ ਅਤੇ ‘ਫ਼ਰਜ਼’ ਪਿਆਰਾ ਸੀ। ਉਹ ਆਪਣੇ ਫ਼ਰਜ਼ ਅਤੇ ਸੱਚੀ ਪੱਤਰਕਾਰੀ ਲਈ ਸੁਹਿਰਦ, ਸੁਚੇਤ ਅਤੇ ਇਮਾਨਦਾਰ ਸਨ, ਜਿਸ ਦੇ ਬਦਲੇ ਉਹਨਾਂ ਨੂੰ ਆਪਣੀ ਆਹੂਤੀ ਦੇਣੀ ਪਈ। ਪੱਤਰਕਾਰ ਇਕ ਅਜਿਹਾ ਫ਼ਰਿਸ਼ਤਾ ਹੁੰਦਾ ਹੈ, ਜੋ ਆਪਣੀ ਜਿੰਦ-ਜਾਨ, ਪ੍ਰੀਵਾਰ ਅਤੇ ਨਿੱਜੀ ਭਾਵਨਾਵਾਂ ਦਾਅ ‘ਤੇ ਲਾ ਕੇ ਦੂਜਿਆਂ ਨੂੰ ਸੋਝੀ ਅਰਥਾਤ ਜਾਣਕਾਰੀ ਪ੍ਰਦਾਨ ਕਰਦਾ ਹੈ, ਚਾਹੇ ਇਸ ਵਿਚ ਕਿਤਨਾ ਵੀ ਖ਼ਤਰਾ ਕਿਉਂ ਨਾ ਮੁੱਲ ਲੈਣਾ ਪਵੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੱਤਰਕਾਰੀ ਹੈ ਵੀ ਖ਼ਤਰਿਆਂ ਦੀ ਖੇਡ! ਪਰ ਇਕ ਗੱਲ ਇਹ ਹੈ ਕਿ ਕੋਈ ਕਿਤਾਬ ਸਾੜਨ ਨਾਲ ਅੱਖਰ ਨਹੀਂ ਸੜ ਜਾਂਦੇ। ਅੱਖਰ ਤਾਂ ਦੁਨੀਆਂ ‘ਤੇ ਅਮਰ ਹਨ। ਇਸੇ ਤਰ੍ਹਾਂ ਪੱਤਰਕਾਰ ਮਾਰਨ ਨਾਲ ਸੱਚਾਈ ਨਹੀਂ ਮਰ ਜਾਂਦੀ। ਸੱਚ ਤਾਂ ਗੁਰੂ ਬਾਬੇ ਦੀ ਪਵਿੱਤਰ ਗੁਰਬਾਣੀ ਅਨੁਸਾਰ, “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ!” ਵਾਂਗ ਸਦਾ ਸਥਿਰ ਰਹਿੰਦਾ ਹੈ। ਝੂਠ ਨੇ ਇਕ ਦਿਨ ਨਿਖੁੱਟ ਜਾਣਾ ਹੁੰਦਾ ਹੈ!
ਕਦੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਨੇ ਆਖਿਆ ਸੀ, “ਸਾਡੇ ਕੋਲੇ ਕਲਮਾਂ ਬਹੁਤ ਐ-ਪਰ ਕੁਝ ਕਲਮਾਂ ਸੰਗਾਊ ਐ ਤੇ ਕੁਝ ਕਲਮਾਂ ਵਿਕਾਊ ਐ-ਤੇ ਕੁਝ ਕਲਮਾਂ ਨੂੰ ਘੁੰਡ ਕੱਢ ਕੇ ਲਿਖਣ ਦੀ ਆਦਤ ਐ।” ਪਰ ਮੇਰੇ ਨਜ਼ਰੀਏ ਅਨੁਸਾਰ ਅੱਜ-ਕੱਲ੍ਹ ਦੀ ‘ਕੁਝ’ ਪੱਤਰਕਾਰੀ ਘੱਗਰੀਆਂ ਪਾ ਕੇ ‘ਨੱਚਣ’ ਵੀ ਲੱਗ ਪਈ ਹੈ! ਨੋਟ ਦੇਖ ਕੇ ਨੱਚਣਾਂ, ਅਰਥਾਤ ਲੋਭ-ਲਾਲਚ ਨੂੰ ਸਮਰਪਤ ਹੋ ਗਈ ਹੈ। ਕੁਝ ਅਖੌਤੀ ਪੱਤਰਕਾਰ ਆਪਣੇ ‘ਫ਼ਰਜ਼’ ਪ੍ਰਤੀ ਘੱਟ ਅਤੇ ਆਪਣੇ ਗੀਝੇ ਪ੍ਰਤੀ ਜ਼ਿਆਦਾ ਉਲਾਰ ਹਨ। ਜੇ ਕਿਸੇ ‘ਪੱਤਰਕਾਰ’ ਨੂੰ ਇਸ ਪ੍ਰਤੀ ਕੋਈ ਸੁਆਲ ਕਰ ਵੀ ਦੇਵੇ ਤਾਂ ਅਗਲਾ ਘਸੀ-ਪਿੱਟੀ ਇੱਕੋ ਗੱਲ ਹੀ ਗਿੱਟਿਆਂ ਵਿਚ ਮਾਰਦਾ ਹੈ, “ਭਾਅ ਜੀ-ਅਸੀਂ ਵੀ ਆਪਣੇ ਬੱਚੇ ਪਾਲਣੇ ਐਂ!” ਮੈਂ ਇਹ ਨਹੀਂ ਕਹਿੰਦਾ ਕਿ ਬੱਚੇ ਨਹੀਂ ਪਾਲਣੇ ਚਾਹੀਦੇ, ਜਾਂ ਪੱਤਰਕਾਰੀ ਨੂੰ ਕਿੱਤੇ ਵਜੋਂ ਨਹੀਂ ਅਪਣਾਉਣਾਂ ਚਾਹੀਦਾ। ਪਰ ਇਕ ਗੱਲ ਇਹ ਵੀ ਚੇਤੇ ਰੱਖਣ ਵਾਲੀ ਹੈ ਕਿ ਪੱਤਰਕਾਰੀ ਦੇ ਕੁਝ ਨੈਤਿਕ ਅਸੂਲ ਅਤੇ ਇਖ਼ਲਾਕੀ ਫ਼ਰਜ਼ ਵੀ ਹੁੰਦੇ ਹਨ! ਨਿਰਵੈਰਤਾ, ਨਿਰਪੱਖਤਾ ਅਤੇ ਨਿਰਭੈਤਾ ਪੱਤਰਕਾਰੀ ਦੇ ਪਹਿਲੇ ਅਸੂਲ ਹਨ! ਇੱਥੇ ਮੈਨੂੰ ਇਕ ਗੱਲ ਯਾਦ ਆ ਗਈ। ਮੈਂ ਕਿਸੇ ਮਿੱਤਰ ਕੋਲ ਅਮਰੀਕਾ ਗਿਆ। ਅਸੀਂ ਕਾਰ ਵਿਚ ਸਫ਼ਰ ਕਰ ਰਹੇ ਸੀ ਕਿ ਉਸ ਮਿੱਤਰ ਨੇ ਆਪਣੀ ਬੇਟੀ ਨੂੰ ਕੁਝ ਆਖ ਦਿੱਤਾ। ਉਹ ਮੂੰਹ-ਫ਼ੱਟ ਬੇਟੀ ਆਪਣੇ ਪਾਪਾ ਨੂੰ ਕਹਿਣ ਲੱਗੀ ਕਿ ਪਾਪਾ ਮੈਂ ਅਗਲੇ ਸਾਲ ਅਠਾਰਾਂ ਸਾਲਾਂ ਦੀ ਹੋ ਜਾਣਾ ਹੈ, ਜੋ ਦਿਲ ਆਇਆ ਕਰੂੰਗੀ। ਮੇਰਾ ਮਿੱਤਰ ਅਤੀਅੰਤ ਮਾਯੂਸ ਹੋ ਕੇ ਚੁੱਪ ਕਰ ਗਿਆ। ਉਸ ਦੇ ਚਿਹਰੇ ਦੀ ਕਸੀਸ ਮੈਥੋਂ ਜਰੀ ਨਾ ਗਈ ਤਾਂ ਮੈਂ ਆਖਿਆ, “ਬੇਟੇ ਜੇ ਤੂੰ ਅਠਾਰਾਂ ਸਾਲ ਦੀ ਹੋ ਕੇ ਜੋ ਮਰਜ਼ੀ ਐ ਕਰ ਸਕਦੀ ਹੈਂ ਤਾਂ ਤੇਰੇ ‘ਤੇ ਕੁਝ ਜ਼ਿੰਮੇਵਾਰੀਆਂ ਵੀ ਆ ਡਿੱਗਣਗੀਆਂ-ਜੇ ਤੂੰ ਅਠਾਰਾਂ ਸਾਲ ਦਾ ਵੇਰਵਾ ਦੇ ਕੇ ਆਪਣੀ ‘ਅਜ਼ਾਦੀ’ ਦੀ ਗੱਲ ਕਰ ਸਕਦੀ ਹੈਂ ਤਾਂ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਅਤੇ ਨਿਭਾਉਣ ਦੀ ਕੋਸ਼ਿਸ਼ ਵੀ ਕਰੀਂ।” ਇਸ ਨਾਲ ਉਹ ਕੁੜੀ ਨਿਰੁੱਤਰ ਹੋ ਗਈ। ਕਹਿਣ ਦਾ ਭਾਵ ਇਹ ਹੈ ਕਿ ਬੱਚਿਆਂ ਦੀ ਰੋਟੀ ਜਾਂ ਪਾਲਣ-ਪੋਸ਼ਣ ਦਾ ਵਾਸਤਾ ਦਿੰਦੇ ਹੋ ਤਾਂ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਵੀ ਸੁਚੇਤ ਅਤੇ ਸੁਹਿਰਦ ਰਹੋ!
ਇਹ ਗੱਲ ਮੈਨੂੰ ਲਿਖਣ ਦੀ ਕਿਉਂ ਲੋੜ ਪਈ? ਮੈਂ ਕਿਸੇ ਮਿੱਤਰ ਦੇ ਸੱਦੇ ਉਪਰ ਜਰਮਨ ਚਲਾ ਗਿਆ। ਉਥੇ ਮੈਨੂੰ ਉਸ ਮਿੱਤਰ ਨੇ ਮੇਰੇ ਕਈ ਪਾਠਕ-ਪ੍ਰਸ਼ੰਸਕ ਮਿਲਾਏ। ਇਕ ਕਬੱਡੀ ਦਾ ਖਿਡਾਰੀ ਮੈਨੂੰ ਵਿਅੰਗਮਈ ਆਖਣ ਲੱਗਿਆ, “ਭਾਅ ਜੀ ਨਾਵਲ ਨੂਵਲ ਲਿਖਣ ਵਿਚ ਹੀ ਲੱਗੇ ਰਹਿਓ, ਪੱਤਰਕਾਰੀ ਵਿਚ ਨਾ ਪੈ ਜਾਇਓ, ਸਾਡੇ ਕੰਮੋਂ ਵੀ ਜਾਵੋਂਗੇ।” ਜਦ ਮੈਂ ‘ਕਿਉਂ’ ਪੁੱਛਿਆ ਤਾਂ ਆਖਣ ਲੱਗਿਆ, “ਬਾਈ ਜੀ ਇਕ ਪੱਤਰਕਾਰ ਮੇਰੇ ‘ਤੇ ਇਕ ਆਰਟੀਕਲ ਲਿਖਣਾ ਚਾਹੁੰਦਾ ਸੀ, ਦੋ ਸੌ ਯੂਰੋ ਲੈ ਗਿਆ, ਨਾ ਤਾਂ ਆਰਟੀਕਲ ਕਿਤੇ ਛਪਿਐ ਤੇ ਨਾ ਹੀ ਪਤੰਦਰ ਨੇ ਪੈਸੇ ਮੋੜੇ ਐ।” ਦੱਸੋ ਬੰਦਾ ਕੀ ਕਰੇ? ਜੇ ਇਹੇ ਠੱਗੀ ਨਹੀਂ ਤਾਂ ਹੋਰ ਕੀ ਐ? ਖੂਹ ‘ਚ ਡਿੱਗੀ ਇੱਟ ਕਦੇ ਸੁੱਕੀ ਨਿਕਲੀ ਐ?
ਸਾਡੇ ਪਿੰਡ ਦੇ ਸਾਬਕਾ ਸਰਪੰਚ ਬਾਈ ਗੁਲਵੰਤ ਸਿੰਘ ਦਾ ਮੁੰਡਾ ਗੁਰਮੀਤ ਕੁੱਸਾ ਬੜਾ ਤਕੜਾ ਕਬੱਡੀ ਦਾ ਖਿਡਾਰੀ ਹੈ। ਉਹ ਮੇਰੇ ਪ੍ਰਮ-ਮਿੱਤਰ ਲਹਿੰਬਰ ਸਿੰਘ ਕੰਗ ਦੀ ਟੀਮ ਵਿਚ ਵੀ ਕਬੱਡੀ ਖੇਡਿਆ ਹੈ। ਉਸ ਨੇ ਮੈਨੂੰ ਪਿੰਡ ਗਏ ਨੂੰ ਦੱਸਿਆ ਕਿ ਚਾਚਾ ਜੀ ਇਕ ਪੱਤਰਕਾਰ ਮੁੰਡਿਆਂ ਤੋਂ, ਕਿਸੇ ਤੋਂ ਸੌ, ਕਿਸੇ ਤੋਂ ਦੋ ਸੌ ਪੌਂਡ ‘ਮਾਂਜ’ ਕੇ ਲੈ ਗਿਆ। ਉਸ ਨੇ ਸਾਰਿਆਂ ਦੇ ਆਰਟੀਕਲ ਲਾਏ। ਆਰਟੀਕਲ ਕਿਵੇਂ ਲਾਏ? ਜਿਵੇਂ-ਜਿਵੇਂ ਮੁੰਡਿਆਂ ਨੇ ਪੈਸੇ ਦਿੱਤੇ ਸਨ। ਜਿੰਨਾਂ ਕਿਸੇ ਨੇ ਗੁਆਰਾ ਚਾਰਿਆ, ਉਤਨਾਂ ਹੀ ਅਫ਼ਾਰਾ ਜ਼ਿਆਦੇ! ਜਿਸ ਨੇ ਘੱਟ ਦਿੱਤੇ, ਉਸ ਦਾ ਆਰਟੀਕਲ ਛੋਟਾ, ਜਿਸ ਨੇ ਵੱਧ ਦਿੱਤੇ ਸਨ, ਉਸ ਦਾ ਆਰਟੀਕਲ ਵੱਡਾ! ਪਰ ਸਾਡੇ ਪਿੰਡ ਵਾਲੇ ਗੁਆਂਢੀ ਗੁਰਮੀਤ ਕੁੱਸਾ ਦਾ ਆਰਟੀਕਲ ਨਹੀਂ ਲੱਗਿਆ, ਕਿਉਂ? ਕਿਉਂਕਿ ਉਸ ਨੇ ਪੈਸੇ ਨਹੀਂ ਦਿੱਤੇ ਸਨ! ਇੱਥੇ ਮੈਨੂੰ ਭਜਨੇ ਅਮਲੀ ਦੀ ਗੱਲ ਯਾਦ ਆ ਗਈ। ਕੋਈ ਬੀਬੀ ਢਿੱਲੇ ਜਿਹੇ ਕੇਲੇ ਲੈ ਕੇ ਕਿਸੇ ਸਾਧ ਕੋਲ ਚਲੀ ਗਈ। ਕੇਲੇ ਚਰਨਾਂ ਕੋਲ ਰੱਖ ਕੇ ਬੇਨਤੀ ਕੀਤੀ, ਬਾਬਾ ਜੀ ਪੁੱਤਰ ਦੀ ਦਾਤ ਬਖ਼ਸ਼ੋ! ਖ਼ੈਰ, ਮੁੰਡਾ ਹੋ ਗਿਆ। ਜਦੋਂ ਮੁੰਡਾ ਸਾਲ ਕੁ ਦਾ ਹੋਇਆ ਤਾਂ ਉਸ ਦੀਆਂ ਲੱਤਾਂ ਨਾ ਖੜ੍ਹਨ। ਬੀਬੀ ਸਾਧ ਕੋਲੇ ਫਿਰ ਚਲੀ ਗਈ। ਜਾ ਕੇ ਮੱਥਾ ਟੇਕਿਆ। ਜਦੋਂ ਸਾਧ ਨੇ ਤਕਲੀਫ਼ ਪੁੱਛੀ ਤਾਂ ਬੀਬੀ ਬੋਲੀ, “ਬਾਬਾ ਜੀ ਮੁੰਡਾ ਤਾਂ ਥੋਡੀ ਕਿਰਪਾ ਅਸੀਸ ਨਾਲ ਹੋ ਗਿਆ-ਪਰ ਵਿਚਾਰੇ ਦੀਆਂ ਲੱਤਾਂ ਜੀਆਂ ਨ੍ਹੀ ਖੜ੍ਹਦੀਆਂ!” ਤੇ ਸਾਧ ਆਖਣ ਲੱਗਿਆ, “ਬੀਬੀ ਕੇਲਿਆਂ ਦੀਆਂ ਕਿਹੜਾ ਖੜ੍ਹਦੀਆਂ ਸੀ?” ਬੀਬੀ ਮੁੜ ਆਈ। ਕਹਿਣ ਦਾ ਭਾਵ ਤਾਂ ਇਹ ਹੈ ਕਿ ‘ਰੌਲੂ’ ਪੱਤਰਕਾਰੀ ਵਾਲੇ ਪੱਤਰਕਾਰ ਵੀ ਸਾਧ ਦੇ ਕੇਲਿਆਂ ਵਾਲੀ ਗੱਲ ਕਰਦੇ ਹਨ। ਜਿੰਨਾਂ ਕੋਈ ਗੁੜ ਉਹਨਾਂ ਨੂੰ ਪਾ ਦਿੰਦਾ ਹੈ, ਉਤਨੀ ਹੀ ਮਿੱਠੀ ਚਾਹ ਉਹ ਪਿਆ ਦਿੰਦੇ ਨੇ! ਜੇ ਮੇਰੇ ਵਰਗਾ ਕੋਈ ਘਰੋਂ ‘ਘਾਹ-ਖੋਤ’ ਹੈ ਤਾਂ ਉਸ ਨੂੰ ਕੋਈ ਨਹੀਂ ਪੁੱਛਦਾ। ਕੀ ਇਹੀ ਪੱਤਰਕਾਰੀ ਹੈ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਕੰਮ ਅਤੇ ਹਰ ਕਿੱਤੇ ਵਿਚ ਚੰਗੇ-ਮੰਦੇ ਬੰਦੇ ਹੁੰਦੇ ਹਨ। ਮੈਂ ਕਈ ਅਜਿਹੇ ਪੱਤਰਕਾਰ ਵੀ ਦੇਖੇ ਹਨ, ਜਿਹੜੇ ਇਸ ਪੱਤਰਕਾਰੀ ਦੇ ਕਾਰਜ ਵਿਚ ਵੱਧ ਚੜ੍ਹ ਕੇ ਸੇਵਾ ਵੀ ਨਿਭਾਉਂਦੇ ਰਹੇ, ਪੈਸਾ ਵੀ ਕਮਾਉਂਦੇ ਰਹੇ ਅਤੇ ਆਪਣੇ ਅਸੂਲਾਂ ‘ਤੇ ਵੀ ਡਟ ਕੇ ਪਹਿਰਾ ਦਿੱਤਾ, ਫ਼ਰਜ਼ ਪ੍ਰਤੀ ਪ੍ਰਪੱਕ ਰਹੇ। ਪਰ ਰੰਜ ਸਿਰਫ਼ ਉਹਨਾਂ ‘ਤੇ ਹੀ ਆਉਂਦਾ ਹੈ, ਜਿਹੜੇ ਸੌ, ਦੋ ਸੌ ਲੈ ਕੇ ਆਮ ਖਿਡਾਰੀ ਨੂੰ ਪਹਾੜੀਂ ਚੜ੍ਹਾ ਦਿੰਦੇ ਹਨ ਅਤੇ ਗੁਣਵਾਨ ਖਿਡਾਰੀਆਂ ਨੂੰ ਅੱਖੋਂ ਪਰੋਖੇ ਕਰ ਛੱਡਦੇ ਹਨ। ਇਹ ਮੈਂ ਸਿਰਫ਼ ਪੰਜਾਬੀ ਪੱਤਰਕਾਰਾਂ ਦੀ ਗੱਲ ਨਹੀਂ ਕਰਦਾ, ਬਾਹਰਲੇ ਵੀ ਕਈ ਐਸੇ ਪੱਤਰਕਾਰ ਹਨ, ਜੋ ਪੱਖਪਾਤੀ ਕਰਦੇ ਹਨ। ਅਫ਼ਗਾਨਿਸਤਾਨ ਜਾਂ ਇਰਾਕ ਦੀ ਜੰਗ ਵੇਲੇ ਕਿੰਨੇ ਪੱਤਰਕਾਰਾਂ ਜਾਂ ਨਿਊਜ਼ ਏਜੰਸੀਆਂ ਨੇ ਅਮਰੀਕਾ ਦੀ ਪਿੱਠ ਠੋਕੀ! ਹਾਲਾਂ ਕਿ ਹਰ ਇਕ ਨੂੰ ਹੀ ਪਤਾ ਸੀ ਕਿ ਇਰਾਕ ਦੀ ਜੰਗ ਗ਼ੈਰ ਕਾਨੂੰਨੀ ਹੈ! ਇਕ ਨਿਊਜ਼ ਏਜੰਸੀ Ḕਤੇ ਤਾਂ ਪਿੱਛੇ ਜਿਹੇ ਇਹ ਦੋਸ਼ ਵੀ ਲੱਗਿਆ ਕਿ ਉਹਨਾਂ ਨੇ ਅਮਰੀਕਾ ਦੀ ਇਰਾਕ ਜੰਗ ਵੇਲੇ ਮੱਦਦ ਕੀਤੀ। ਇਰਾਕੀ ਫ਼ੌਜਾਂ ਦੇ ਜਾਂ ਸੱਦਾਮ ਹੁਸੈਨ ਦੇ ਸਹਿਯੋਗੀਆਂ ਦੇ ਖ਼ੁਫ਼ੀਆ ਟਿਕਾਣੇ ਅਮਰੀਕਾ ਫ਼ੌਜ ਨੂੰ ਦੱਸੇ। ਇਸ ਵਿਚ ਸੱਚਾਈ ਕੀ ਹੈ? ਰੱਬ ਜਾਣੇ! ਗੱਲ ਅਜੇ ਵਿਚੇ ਹੀ ਚੱਲ ਰਹੀ ਹੈ। ਗੱਲ ਸਿਰਫ਼ ਅਤੇ ਸਿਰਫ਼ ਇੱਥੇ ਆ ਕੇ ਮੁਕਦੀ ਹੈ ਕਿ ਅਸੀਂ ਇਹ ਨਹੀਂ ਆਖਦੇ ਕਿ ਕੋਈ ਪੱਤਰਕਾਰ ਪੈਸਾ ਨਾ ਕਮਾਵੇ, ਆਪਣੇ ਬੱਚੇ ਨਾ ਪਾਲੇ। ਪਰ ਪੱਤਰਕਾਰੀ ਦੇ ਕਿੱਤੇ ਦੀਆਂ ਰਵਾਇਤਾਂ ਨੂੰ ਵੀ ਪਛਾਣੇ। ਪੱਤਰਕਾਰੀ ਦਾ ਸਮਾਜ ਵਿਚ ਇਕ ਨਿਰਵੈਰ, ਨਿਰਪੱਖ ਅਤੇ ਸੁਚੱਜਾ ਰੋਲ ਹੋਣਾ ਚਾਹੀਦਾ ਹੈ।