
ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਧੂਰੀ ਅੱਗੇ ਵੱਡਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ
ਸੰਗਰੂਰ ਅਤੇ ਲਹਿਰਾ ਦੇ ਐੱਮ ਐੱਲ ਏ ਦਫਤਰਾਂ ਦੇ ਅੱਗੇ ਵੀ ਹੋਣਗੇ ਰੋਸ ਮੁਜ਼ਾਹਰੇ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 31 ਅਗਸਤ, 2022; ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਆਗੂ ਕੁਲਦੀਪ ਸਿੰਘ ਜੋਸ਼ੀ ਦੀ ਪ੍ਰਧਾਨਗੀ ਹੇਠ ਤੇਜਾ ਸਿੰਘ ਸੁਤੰਤਰ ਭਵਨ ਸੰਗਰੂਰ ਵਿਖੇ ਹੋਈ, ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਿੱਥੇ ਪ੍ਰੋਗਰਾਮ ਮੁਤਾਬਕ ਪ੍ਰਾਈਵੇਟ ਖੰਡ ਮਿੱਲਾਂ ਵੱਲ ਖੜ੍ਹੀ ਗੰਨੇ ਦੀ ਬਕਾਇਆ ਰਾਸ਼ੀ ਲੈਣ, ਲੰਪੀ ਸਕਿਨ ਬਿਮਾਰੀ ਕਾਰਨ ਪਸ਼ੂਆਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ, ਨਕਲੀ ਦੁੱਧ ਦੇ ਕਾਰੋਬਾਰ ਨੂੰ ਨਕੇਲ ਕੱਸ ਕੇ ਦੁੱਧ ਦਾ ਸਹੀ ਰੇਟ ਤੈਅ ਕਰਨ ਅਤੇ ਮੀਂਹ ਦੇ ਪਾਣੀ ਕਾਰਨ ਫਸਲਾਂ ਦੇ ਹੋਏ ਖਰਾਬੇ ਦਾ ਮੁਆਵਜ਼ਾ ਲੈਣ ਲਈ 5 ਸਤੰਬਰ ਨੂੰ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਦੀ ਤਿਆਰੀ ਸਬੰਧੀ ਚਰਚਾ ਕੀਤੀ ਗਈ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਸੂਬਾ ਆਗੂ ਕਿਰਨਜੀਤ ਸਿੰਘ ਸੇਖੋਂ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਘਨੌਰ, ਕੁੱਲ ਹਿੰਦ ਕਿਸਾਨ ਸਭਾ ਦੇ ਨਿਰਮਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਕਿਸਾਨਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਨੂੰ ਸਿਰੇ ਨਹੀਂ ਚੜ੍ਹਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫੈਲੀ ਲੰਪੀ ਸਕਿਨ ਨਾਂ ਦੀ ਬਿਮਾਰੀ ਨੇ ਪੰਜਾਬ ਦੇ ਪਸ਼ੂ ਪਾਲਕਾਂ ਦਾ ਬਹੁਤ ਨੁਕਸਾਨ ਕੀਤਾ ਹੈ ਜਿਸ ਨਾਲ ਵੱਡੀ ਗਿਣਤੀ ਪਸ਼ੂ ਮਰ ਚੁੱਕੇ ਹਨ ਅਤੇ ਬੀਮਾਰ ਪਸ਼ੂਆਂ ਦੇ ਇਲਾਜ ਤੇ ਪ੍ਰਾਈਵੇਟ ਡਾਕਟਰਾਂ ਰਾਹੀਂ ਲੱਖਾਂ ਰੁਪਏ ਦਾ ਖਰਚਾ ਹੋ ਚੁੱਕਾ ਹੈ।
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਬਿਮਾਰੀ ਕਾਰਨ ਮਰੇ ਪ੍ਰਤੀ ਪਸ਼ੂ ਦਾ ਇੱਕ ਲੱਖ ਰੁਪਏ ਮੁਆਵਜ਼ਾ ਅਤੇ ਬਿਮਾਰੀ ਤੇ ਹੋਏ ਖਰਚੇ ਦੀ ਭਰਪਾਈ ਕਰੇ ਅਤੇ ਮਰੇ ਹੋਏ ਪਸ਼ੂਆਂ ਨੂੰ ਦੱਬਣ ਦਾ ਪ੍ਰਬੰਧ ਕਰੇ, ਇਸੇ ਤਰ੍ਹਾਂ ਗੰਨਾ ਕਾਸ਼ਤਕਾਰਾਂ ਦਾ ਪ੍ਰਾਈਵੇਟ ਮਿੱਲਾਂ ਵੱਲ ਹਾਲੇ ਵੀ ਕਰੋਡ਼ਾਂ ਰੁਪਿਆਂ ਬਕਾਇਆ ਖਡ਼੍ਹਾ ਹੈ ਜਿਸ ਨੂੰ ਲੈਣ ਲਈ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ ਸਰਕਾਰ ਪ੍ਰਾਈਵੇਟ ਮਿੱਲ ਮਾਲਕਾਂ ਦੀ ਨਕੇਲ ਕੱਸ ਕੇ ਕਿਸਾਨਾਂ ਦੀ ਬਕਾਇਆ ਰਾਸ਼ੀ ਫੌਰੀ ਉਨ੍ਹਾਂ ਨੂੰ ਦਿਵਾਏ ਅਤੇ ਦੂਸਰਾ ਕਿਸਾਨ ਮਹਿੰਗੇ ਮੁੱਲ ਦਾ ਚਾਰਾ ਅਤੇ ਫੀਡ ਪਾ ਕੇ ਬੜੀ ਮਿਹਨਤ ਨਾਲ ਦੁੱਧ ਦਾ ਉਤਪਾਦਨ ਕਰਦਾ ਹੈ ਪਰ ਪੰਜਾਬ ਵਿਚ ਫੈਲੇ ਨਕਲੀ ਦੁੱਧ ਦੇ ਕਾਰੋਬਾਰ ਨੇ ਦੁੱਧ ਉਤਪਾਦਕਾਂ ਦੇ ਕਾਰੋਬਾਰ ਨੂੰ ਭਾਰੀ ਸੱਟ ਮਾਰੀ ਹੈ ਸਰਕਾਰ ਫੌਰੀ ਇਸ ਤੇ ਨਕੇਲ ਕੱਸ ਕੇ ਪਸ਼ੂ ਪਾਲਕਾਂ ਨੂੰ ਦੁੱਧ ਦਾ ਸਹੀ ਰੇਟ ਦੇਵੇ, ਪਿਛਲੇ ਸਮੇਂ ਦੌਰਾਨ ਮੌਨਸੂਨ ਵਿੱਚ ਪਈਆਂ ਭਾਰੀ ਬਰਸਾਤਾਂ ਕਰਕੇ ਪੰਜਾਬ ਦੇ ਵੱਡੇ ਹਿੱਸੇ ਵਿੱਚ ਝੋਨੇ ਨਰਮੇ ਸਮੇਤ ਕਈ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਅਤੇ ਮੈਨੇਜਮੈਂਟ ਨਾ ਹੋਣ ਕਾਰਨ ਇਹ ਨੁਕਸਾਨ ਹੋਇਆ ਹੈ, ਸਰਕਾਰ ਇਨ੍ਹਾਂ ਕਿਸਾਨਾਂ ਨੂੰ ਫੌਰੀ ਮੁਆਵਜ਼ਾ ਦੇਵੇ ਤੇ ਮੀਂਹ ਦੇ ਪਾਣੀ ਦੀ ਸੰਭਾਲ ਦਾ ਪ੍ਰਬੰਧ ਕੀਤਾ ਜਾਵੇ। ਇਨ੍ਹਾਂ ਤੋਂ ਮੰਗਾਂ ਤੋਂ ਇਲਾਵਾ ਪੰਜਾਬ ਦੇ ਕਿਸਾਨਾਂ ਲਈ ਨਹਿਰੀ ਪਾਣੀ ਦੀ ਮੰਗ ਅਤੇ ਦਰਿਆਵਾਂ ਵਿੱਚ ਘੋਲੇ ਜਾ ਰਹੇ ਜ਼ਹਿਰਾਂ ਦੇ ਮਸਲੇ ਵੀ ਉਠਾਏ ਜਾਣਗੇ ਅਤੇ ਪਿੰਡਾਂ ਵਿੱਚ ਲਾਮਬੰਦੀ ਕਰਕੇ ਵੱਡੀ ਗਿਣਤੀ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਦਫਤਰਾਂ ਅੱਗੇ ਮੁਜ਼ਾਹਰੇ ਕੀਤੇ ਜਾਣਗੇ।
ਅੱਜ ਦੀ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਜ਼ਿਲ੍ਹਾ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਦਫ਼ਤਰ ਧੂਰੀ ਅੱਗੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਇਸੇ ਤਰ੍ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫਤਰ ਅੱਗੇ ਦਿੜ੍ਹਬਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਨ੍ਹਾਂ ਤੋਂ ਬਿਨਾਂ ਸੰਗਰੂਰ ਅਤੇ ਲਹਿਰਾ ਦੇ ਐਮ ਐਲ ਏ ਦਫਤਰਾਂ ਦੇ ਅੱਗੇ ਵੀ ਰੋਸ ਮੁਜ਼ਾਹਰੇ ਕਰਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ।
ਅੱਜ ਦੀ ਮੀਟਿੰਗ ਵਿੱਚ ਮੱਘਰ ਸਿੰਘ ਸੰਗਰੂਰ, ਮੇਵਾ ਸਿੰਘ, ਗੁਰਤੇਜ ਸਿੰਘ ਦੁੱਗਾਂ, ਮੰਗਤ ਰਾਮ ਲੌਂਗੋਵਾਲ, ਹਰਮੇਲ ਮਹਿਰੋਕ, ਸਰਬਜੀਤ ਸਿੰਘ ਧਾਲੀਵਾਲ ਅਤੇ ਵਰਿੰਦਰਪਾਲ ਸਿੰਘ ਬਰੜਵਾਲ ਸਮੇਤ ਕਿਸਾਨ ਆਗੂ ਹਾਜ਼ਰ ਸਨ ।