ਰਜਨੀ ਵਾਲੀਆ

ਤੂੰ ਕਵਿਤਾ ਬਣ ਜਾਵੀਂ,
ਮੈਂ ਤੈਨੂੰ ਪੜਦੀ ਰਹਿਣੈਂ।
ਉੱਠਕੇ ਨਾ ਕੋਲੋਂ ਜਾ,
ਤੇਰੇ ਕੋਲ ਹੀ ਬਹਿਣੈਂ।
ਤੂੰ ਕਹਾਣੀ ਬਣ ਜਾਵੀਂ,
ਮੈਂ ਸੁਣਨਾ ਲੋਚਾਂਗੀ।
ਵੇ ਤੇਰੀ ਸੋਚ ਕਿੰਨੀ ਸੋਹਣੀ,
ਤੈਨੂੰ ਹੀ ਸੋਚਾਂਗੀ।
ਤੂੰ ਨਾਵਲ ਬਣ ਗਿਓਂ ਜੇ,
ਮੈਂ ਤੇਰੇ ਵਿੱਚ ਗਵਾਚ ਜਾਣਾਂ।
ਸੌਣਾਂ ਤੇਰੇ ਮੋਢੇ ਸਿਰ ਰੱਖ ਕੇ,
ਤੇਰੇ ਨਾਲ ਪੀਣਾਂ ਖਾਣਾਂ।
ਤੂੰ ਵਾਰਤਕ ਜੇ ਬਣ ਗਿਓਂ ਵੇ,
ਤਾਂ ਲੇਖ ਮੈਨੂੰ ਲਿਖਣੇਂ ਪੈਣੇਂ।
ਤੇਰਾ ਸਾਥ ਨਈਂ ਛੱਡਣਾ,
ਭਾਵੇਂ ਦੁੱਖ ਪੈ ਜਾਣ ਸਹਿਣੇ।
ਸਵੈ ਜੀਵਨੀ ਬਣ ਗਿਓਂ ਜੇ,
ਤੈਨੂੰ ਪੜ ਪੜ ਨਾ ਥੱਕਾਂ।
ਤੇਰੇ ਦਿਲ ਵਿੱਚ ਵਾਸ ਕਰਾਂ,
ਲੋਕੀ ਕਰਦੇ ਸ਼ੱਕਾਂ।
ਤੂੰ ਰੇਖਾ ਚਿੱਤਰ ਬਣ ਜਾਵੀਂ,
ਮੈਂ ਆਪੇ ਵਿੱਚ ਸਮੇਟ ਲਊਂ।
ਵੇ ਇੱਕ ਕੌਲ ਪੁਗਾਉਣ ਲਈ,
ਮੈਂ ਆਪਾ ਮੇਟ ਲਊਂ।
ਤੂੰ ਗ਼ਜ਼ਲ ਜੇ ਬਣ ਗਿਓਂ ਵੇ,
ਮੈਂ ਤੈਨੂੰ ਸੁਰਾਂ ਚ ਗਾਵਾਂਗੀ।
ਵੇ ਮੇਰੇ ਖੂਨ ਚ ਰਚ ਗਿਐਂ,
ਕਿੱਥੇ ਛੱਡ ਕੇ ਜਾਵਾਂਗੀ।
ਤੂੰ ਨਾਟਕ ਬਣ ਜਾਵੀਂ,
ਮੈਂ ਪਾਤਰ ਬਣ ਜਾਣਾਂ।
ਤੂੰ ਮੰਗੀ ਦੁਆ ਵਰਗਾ,
ਮੈਂ ਕਾਤਰ ਬਣ ਜਾਣਾਂ।
ਤੂੰ ਕਿਤਾਬ ਜੇ ਬਣ ਗਿਓਂ ਵੇ,
ਪੜਾਂਗੀ ਵਰਕਾ ਵਰਕਾ ਫੋਲਾਂਗੀ।
ਤੂੰ ਨਾਲ ਖੜਾ ਰਈਂ ਵੇ,
ਮੈਂ ਕਦੇ ਨਾ ਡੋਲਾਂਗੀ।
ਬਸ ਵਾਕ, ਸ਼ਬਦ ਤੇ ਅੱਖਰਾਂ ਚੋਂ,
ਤੇਰੇ ਰੂਪ ਨੂੰ ਲੱਭਣਾ ਮੈਂ।
ਤੂੰ ਪੱਥਰੀਂ ਪਿਆ ਹੀਰਾ,
ਮੇਰੀ ਰੂਹ ਨੇਂ ਚੱਬਣਾ ਏ।
ਰਜਨੀ
ਤੇਰੀ ਰੂਹ ਤੱਕ ਮਾਰ ਕਰੂ,
ਤੇਰਾ ਰੁਤਬਾ ਉੱਚਾ ਏ,
ਸਦਾ ਸਤਿਕਾਰ ਕਰੂ,
ਸਦਾ ਸਤਿਕਾਰ ਕਰੂ ।
✍? ਰਚਨਾ
ਅਧਿਆਪਕਾ
ਰਜਨੀ ਵਾਲੀਆ
ਕਪੂਰਥਲਾ