
ਸਕਾਟਲੈਂਡ ਵਿੱਚ ਇੱਕ ਸਤਿਕਾਰਤ ਨਾਂ ਹੈ ਦਿਲਜੀਤ ਸਿੰਘ ਦਿਲਬਰ। ਬਿਹਤਰੀਨ ਮੰਚ ਸੰਚਾਲਕ ਦੇ ਨਾਲ ਨਾਲ ਉਹ ਕਈ ਸੰਸਥਾਵਾਂ ਦੀਆਂ ਸੇਵਾਵਾਂ ਵੀ ਉੱਤਮ ਸੰਚਾਲਕ ਵਜੋਂ ਨਿਭਾਅ ਰਹੇ ਹਨ। ਵਿਰਸੇ ‘ਚੋਂ ਮਿਲੀ ਸਾਹਿਤਕ ਚਿਣਗ ਉਹਨਾਂ ਦੇ ਦਿਲ ਅੰਦਰ ਨਿਰੰਤਰ ਮਘ ਰਹੀ ਹੈ। ਸਾਨੂੰ ਮਾਣ ਹੈ ਕਿ ਉਹਨਾਂ ਖੁਦ ਆਵਾਜ਼ ਮਾਰ ਕੇ “ਪੰਜ ਦਰਿਆ” ਦੇ ਪਾਠਕਾਂ ਲਈ ਆਪਣੀ ਨਵੀਨ ਰਚਨਾ ਭੇਜੀ ਹੈ। ਸਾਰੀ ਟੀਮ ਵੱਲੋਂ ਉਹਨਾਂ ਨੂੰ “ਜੀ ਆਇਆਂ ਨੂੰ” ਕਹਿੰਦੇ ਹਾਂ ਤੇ ਉਮੀਦ ਹੈ ਕਿ ਆਪਣੀਆਂ ਮੱਤਾਂ ਨਾਲ ਨਿਵਾਜਦੇ ਰਹਿਣਗੇ।
-ਪੰਜ ਦਰਿਆ ਟੀਮ
ਦਿਲਜੀਤ ਸਿੰਘ ‘ਦਿਲਬਰ’ ਗਲਾਸਗੋ।
ਭਾਈ ਕਰੋਨਾ ਵਾਲਿਆ ਤੇਰਾ ਕਿਵੇਂ ਕਰੀਏ ਧੰਨਵਾਦ?
ਰੁੱਖੀ ਸੁੱਖੀ ਜਿੰਦਗੀ ‘ਚ ਭਰ ਦਿੱਤਾ ਨਵਾਂ ਸੁਆਦ।
ਘਰ ਦੀ ਚਾਰਦੀਵਾਰੀ ਅੰਦਰ ਬੋਲ ਪਏ ਅੱਜ ਹਾਸੇ,
ਰੁੱਸੀਆ ਕੰਧਾਂ ਲਈ ਅੰਗੜਾਈ ਜਾਗੇ ਰਿਸ਼ਤੇ ਨਾਤੇ।
ਅਣਗੌਲੇ ਰਿਸ਼ਤਿਆਂ ਵਿੱਚ ਆ ਗਈ ਨਵੀਂ ਬਹਾਰ,
ਮਾਣਮੱਤੀ ਦੀਆਂ ਅੱਖਾਂ ਵਿਚ ਆਇਆ ਨਵਾਂ ਖ਼ੁਮਾਰ।
ਕਾਹਲਪੁਣੇ ਦੀ ਦੌੜ ‘ਚ ਜਿਹੜੇ ਭੁੱਲ ਗਏ ਸੀ ਜੀਣਾ,
ਚਾਬੀ ਦੇ ਸਨ ਬਣੇ ਖਿਡਾਉਣੇ ਨਾ ਖਾਣਾ ਨਾ ਪੀਣਾ।
ਅੱਜ ਘਰ ਦੀ ਯਾਦ ਆ ਗਈ ਸਾਰੇ ਹੋਏ ਇਕੱਠੇ,
ਦਾਦਾ ਦਾਦੀ ਦੋਹਤੇ ਪੋਤੇ ਸਾਰੇ ਰਲ ਕੇ ਹੱਸੇ।
ਇੱਕ ਦੂਜੇ ਦਾ ਹਾਲ ਪੁੱਛਣ ਨਾਲੇ ਦੱਸਣ ਤਕਲੀਫ਼ਾਂ,
ਰਲ ਮਿਲ ਸਭ ਹਲ ਪਏ ਦੱਸਣ ਕੋਈ ਲਵੇ ਨਾ ਫੀਸਾਂ।
ਕੁਦਰਤ ਰਾਣੀ ਮਿਹਰਬਾਨ ਹੋਈ ਨਾ ਧੂਆਂ ਨਾ ਘੱਟਾ,
ਸਾਹ ਲੈਣਾ ਸੌਖਾ ਹੋਇਆ ਕੋਈ ਗਿਆ ਦੇ ਪਾਣੀ ਦਾ ਛੱਟਾ।
ਪੰਛੀ ਰਲ ਕੇ ਰੌਲਾ ਪਾਉਂਦੇ ਨਾਲੇ ਦੇਣ ਅਸੀਸਾਂ,
ਜੀਉਦਾ ਰਹਿ ਕਰੋਨਾਂ ਵਾਲਿਆ ਤੂੰ ਸੁਣੀਆਂ ਸਾਡੀਆਂ ਚੀਕਾਂ।
ਜਾਣ ਤੋਂ ਪਹਿਲਾਂ ਦੇ ਨਸੀਹਤਾਂ ਕੁਦਰਤ ਨਾਲੋਂ ਟੁੱਟੇ ਬੰਦੇ ਨੂੰ,
ਰਜ਼ਾ ਉਹਦੀ ਵਿਚ ਰਹਿਣਾ ਸਿੱੱਖੇ ਛੱਡ ਦੇ ਲੈਣੇ ਪੰਗੇ ਨੂੰ।