
ਡੀ.ਟੀ.ਐੱਫ. ਵੱਲੋਂ ਸੈਕੰਡਰੀ ਵਿਭਾਗ ਦੇ ਅਧਿਆਪਕਾਂ ਦੀ ਬਦਲੀ ਪ੍ਰਕਿਰਿਆ ਜਲਦ ਮੁਕੰਮਲ ਕਰਨ ਦੀ ਮੰਗ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 2 ਅਗਸਤ, 2022: ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਸਕੂਲ ਸਿੱਖਿਆ ਵਿਭਾਗ ਵੱਲੋਂ ਸੈਕੰਡਰੀ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕਾਂ ਦੀਆਂ ਬਦਲੀਆਂ ਕਰਨ ਪ੍ਰਤੀ ਅਪਣਾਏ ਅਤਿ ਦਰਜੇ ਦੇ ਢਿੱਲੇ ਰਵੱਈਏ ਦੀ ਸਖਤ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਫੌਰੀ ਦਖਲ ਦੀ ਮੰਗ ਕਰਦਿਆਂ, ਅਧਿਆਪਕਾਂ ਨੂੰ ਡਾਟਾ ਸੋਧਣ ਦਾ ਮੌਕਾ ਦਿੰਦੇ ਹੋਏ ਬਿਨਾਂ ਦੇਰੀ ਬਦਲੀ ਪ੍ਰਕਿਰਿਆ ਮੁਕੰਮਲ ਕਰਨ ਦੀ ਮੰਗ ਕੀਤੀ ਹੈ।
ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਮਈ ਮਹੀਨੇ ਦੇ ਅੰਤ ਵਿੱਚ ਅਧਿਆਪਕਾਂ ਤੋਂ ਬਦਲੀਆਂ ਦੀਆਂ ਬੇਨਤੀਆਂ ਲੈਣ ਉਪਰੰਤ ਸਿੱਖਿਆ ਵਿਭਾਗ ਗਹਿਰੀ ਨੀਂਦ ਸੌਂ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਬਦਲੀਆਂ ਦੀ ਪ੍ਰਕਿਰਿਆ ਕੁੱਝ ਦਿਨਾਂ ਵਿੱਚ ਹੀ ਪੂਰੀ ਹੋ ਸਕਦੀ ਹੈ ਪ੍ਰੰਤੂ ਪੰਜਾਬ ਸਰਕਾਰ ਅਤੇ ਇਸ ਦੇ ਸੈਕੰਡਰੀ ਸਿੱਖਿਆ ਵਿਭਾਗ ਦੀ ਨਾਕਾਮੀ ਕਰਕੇ ਜੋ ਬਦਲੀਆਂ ਜੂਨ ਮਹੀਨੇ ਵਿੱਚ ਹੋ ਜਾਣੀਆਂ ਚਾਹੀਦੀਆਂ ਸਨ, ਉਹ ਪ੍ਰਕਿਰਿਆ ਅਗਸਤ ਮਹੀਨੇ ਦਾ ਪਹਿਲਾ ਹਫਤੇ ਚੜ੍ਹ ਜਾਣ ਦੇ ਬਾਵਜੂਦ ਵੀ ਮੁਕੰਮਲ ਨਹੀਂ ਹੋ ਸਕੀ ਹੈ।
ਡੀਟੀਐੱਫ ਦੇ ਸੂਬਾਈ ਆਗੂਆਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਬੇਅੰਤ ਸਿੰਘ ਫੂਲੇਵਾਲਾ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਪਾਲ ਗਿੱਲ, ਤੇਜਿੰਦਰ ਸਿੰਘ ਅਤੇ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਬਦਲੀ ਨੀਤੀ ਤਹਿਤ ਪਹਿਲਾਂ ਹੋ ਚੁੱਕੀਆਂ ਜਿਹੜੀਆਂ ਬਦਲੀਆਂ ਨੂੰ ਪਿਛਲੇ ਸਮੇਂ ਵਿੱਚ ਅਧੂਰੇ ਢੰਗ ਨਾਲ ਲਾਗੂ ਕੀਤਾ ਗਿਆ ਸੀ, ਉਹਨਾਂ ਬਦਲੀਆਂ ‘ਤੇ ਲਗਾਈਆਂ ਸਾਰੀਆਂ ਸ਼ਰਤਾਂ ਹਟਾ ਕੇ ਅਧਿਆਪਕਾਂ ਨੂੰ ਬਦਲੀ ਵਾਲੇ ਸਟੇਸ਼ਨ ‘ਤੇ ਅਸਲ ਰੂਪ ਵਿੱਚ ਹਾਜ਼ਰ ਕਰਵਾਇਆ ਜਾਵੇ। ਪ੍ਰਾਇਮਰੀ ਅਤੇ ਸੈਕੰਡਰੀ ਦੋਵੇਂ ਵਿਭਾਗਾਂ ਦੀਆਂ ਬਦਲੀਆਂ ਦੇ ਘੱਟੋ-ਘੱਟ ਤਿੰਨ ਤਿੰਨ ਰਾਊਂਡ ਜ਼ਰੂਰ ਲਗਾਏ ਜਾਣ ਤਾਂ ਜੋ ਲੰਬੇ ਸਮੇਂ ਤੋਂ ਬਦਲੀਆਂ ਉਡੀਕ ਰਹੇ ਅਧਿਆਪਕਾਂ ਨੂੰ ਬਦਲੀ ਦਾ ਪੂਰਾ ਮੌਕਾ ਮਿਲ ਸਕੇ। ਆਪਸੀ ਬਦਲੀਆਂ ਲਈ ਕਿਸੇ ਕਿਸਮ ਦੀ ਸ਼ਰਤ ਨਾ ਰੱਖਦਿਆਂ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਮਸਲੇ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ।