4.6 C
United Kingdom
Sunday, April 20, 2025

More

    ਪਾਵਨ ਚਿੰਤਨ ਧਾਰਾ ਆਸ਼ਰਮ ਦੇ ਮੈਂਬਰਾਂ ਨੇ ‘ਧਰਾ ਸੇਵਾ-ਸ਼ਿਵ ਸੇਵਾ’ ਮੁਹਿੰਮ ਤਹਿਤ 1500 ਬੂਟੇ ਲਗਾਏ

    ਸਾਵਣ ਮਹੀਨੇ ਵਿੱਚ 15000 ਬੂਟੇ ਲਗਾਉਣ ਦਾ ਪ੍ਰਣ ਲਿਆ

    ਅੰਮ੍ਰਿਤਸਰ (ਪੰਜ ਦਰਿਆ ਬਿਊਰੋ) ਪਾਵਨ ਚਿੰਤਨ ਧਾਰਾ ਆਸ਼ਰਮ ਦੇ ਅੰਮ੍ਰਿਤਸਰ ਸ਼ਹਿਰ ਦੇ ਮੈਂਬਰਾਂ ਵੱਲੋਂ ਡਾ.ਰਾਜਿੰਦਰ ਰਿਖੀ ਦੀ ਨਿਗਰਾਨੀ ਹੇਠ ਰਾਸ਼ਟਰ ਪੱਧਰੀ ਮੁਹਿੰਮ ‘ਧਰਾ ਸੇਵਾ-ਸ਼ਿਵ ਸੇਵਾ’ ਤਹਿਤ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿਖੇ ਪੌਦੇ ਲਗਾਉਣ ਦਾ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ।ਜਿਸ ਦਾ ਉਦਘਾਟਨ ਹਰਭਜਨ ਸਿੰਘ ਈ.ਟੀ.ਓ, ਕੈਬਨਿਟ ਮੰਤਰੀ ਪੰਜਾਬ ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਹਰਭਜਨ ਸਿੰਘ ਨੇ ਕਿਹਾ ਕਿ ਪਾਵਨ ਚਿੰਤਨ ਧਾਰਾ ਆਸ਼ਰਮ ਵੱਲੋਂ ਹਰ ਸਾਲ ਧਰਾ ਸੇਵਾ-ਸ਼ਿਵ ਸੇਵਾ ਮੁਹਿੰਮ ਨਾਲ ਲੋਕਾਂ ਨੂੰ ਜਾਗਰੂਕ ਕਰਕੇ ਪੌਦੇ ਲਗਾਉਣ ਦਾ ਜੋ ਬੀੜਾ ਚੁੱਕਿਆ ਗਿਆ ਹੈ ਉਹ ਬਹੁਤ ਜ਼ਿਆਦਾ ਸਲਾਹੁਣਯੋਗ ਹੈ। ਉਹਨਾਂ ਕਿਹਾ ਕਿ ਅੱੱਜ ਹਰੇਕ ਵਿਅਕਤੀ ਨੂੰ ਆਪਾਧਾਪੀ ਪਈ ਹੋਈ ਹੈ,ਪਰ ਸ਼੍ਰੀਗੁਰੂ ਪਵਨ ਸਿਨਹਾ ਜੀ ਵਰਗੇ ਮਹਾਂਪੁਰਸ਼ਾਂ ਦੀ ਯੋਗ ਨਿਰਦੇਸ਼ਨਾ ਹੇਠ ਭਾਰਤ ਦੀ ਨੌਜਵਾਨ ਪੀੜੀ ਜੇਕਰ ਸਹੀ ਰਸਤੇ ਚਲ ਰਹੀ ਹੈ ਤਾਂ ਸਾਨੂੰ ਸਭ ਨੂੰ ਉਹਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਭਰਪੂਰ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਉੱਥੇ ਜਾਮੁਨ, ਨਿੰਮ, ਅਮਰੂਦ, ਅੰਬ, ਮੋਰਿੰਗਾ, ਸਤਪਤੀਆ ਆਦਿ ਦੇ ਬੂਟੇ ਲਗਾਏ ਗਏ। ਇਸ ਤੋਂ ਇਲਾਵਾ ਟੀਮ ਮੈਂਬਰਾਂ ਵੱਲੋਂ ਹੋਰ ਥਾਵਾਂ ‘ਤੇ ਕੁੱਲ 1500 ਬੂਟੇ ਲਗਾਏ ਗਏ।ਮਹੱਤਵਪੂਰਨ ਗੱਲ ਇਹ ਹੈ ਕਿ ਅੱਜ ਭਾਰਤ ਵਿੱਚ ਕੁਦਰਤ ਦੀ ਸੰਭਾਲ ਅਤੇ ਤਰੱਕੀ ਲਈ ਲਗਭਗ 500 ਕਰੋੜ ਰੁੱਖਾਂ ਦੀ ਲੋੜ ਹੈ। ਇਸ ਕਾਰਜ ਦੇ ਸੰਪੂਰਨ ਹੋਣ ਤੋਂ ਬਾਅਦ ਹੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸ਼ੁੱਧ ਹਵਾ, ਸ਼ੁੱਧ ਪਾਣੀ ਅਤੇ ਸਿਹਤਮੰਦ ਜੀਵਨ ਪ੍ਰਦਾਨ ਕਰ ਸਕਾਂਗੇ। ਇਸ ਮੰਤਵ ਨੂੰ ਪੂਰਾ ਕਰਨ ਲਈ ਆਸ਼ਰਮ ਦੇ ਸੰਸਥਾਪਕ ਅਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡਾ: ਪਵਨ ਸਿਨਹਾ ‘ਗੁਰੂ ਜੀ’ ਦੀ ਰਹਿਨੁਮਾਈ ਹੇਠ, ਪਾਵਨ ਚਿੰਤਨ ਧਾਰਾ ਆਸ਼ਰਮ ਨੇ ਦੇਸ਼ ਭਰ ਵਿੱਚ ‘ਧਰਾ ਸੇਵਾ-ਸ਼ਿਵ ਸੇਵਾ ਮੁਹਿੰਮ’ ਸ਼ੁਰੂ ਕੀਤੀ ਹੈ।ਜਿਸ ਤਹਿਤ ਡਾ: ਪਵਨ ਸਿਨਹਾ ‘ਗੁਰੂ ਜੀ’ ਦੀ ਪ੍ਰੇਰਨਾ ਨਾਲ ਸਾਵਣ ਦੇ ਮਹੀਨੇ ‘ਚ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ, ਪਿੰਡਾਂ ਅਤੇ ਹੋਰ ਥਾਵਾਂ ‘ਤੇ ਪੌਦੇ ਲਗਾਉਣ ਦੇ ਕੰਮ ਕੀਤੇ ਜਾਂਦੇ ਹਨ ਅਤੇ ਇਸ ਦੇ ਨਾਲ-ਨਾਲ ਹੋਰਨਾਂ ਲੋਕਾਂ ਨੂੰ ਵੀ ਪੌਦੇ ਲਗਾਉਣ ਅਤੇ ਉਹਨਾਂ ਦੀ ਦੇਖਭਾਲ ਅਤੇ ਸੁਰੱਖਿਆ ਬਾਰੇ ਜਾਗਰੂਕ ਕੀਤਾ ਜਾਂਦਾ ਹੈ।ਇਸ ਕੰਮ ਨੂੰ ਅੱਗੇ ਤੋਰਦਿਆਂ ਸ਼ਹਿਰ ਦੇ ਆਸ਼ਰਮ ਪਰਿਵਾਰ ਦੇ ਮੈਂਬਰਾਂ ਵੱਲੋਂ ਇੱਕ ਅਹਿਮ ਯੋਜਨਾ ਬਣਾਈ ਗਈ ਜਿਸ ਤਹਿਤ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿਚ ਅਤੇ ਬਾਬਾ ਬਕਾਲਾ ਵਿਚ ਪੰਜਾਬ ਸਰਕਾਰ ਦੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਦੇ ਤਹਿਤ ਜੰਗਲਾਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਵੱਖ-ਵੱਖ ਖੇਤਰਾਂ ਵਿੱਚ 15000 ਬੂਟੇ ਲਗਾਏ ਜਾਣਗੇ। ਇਹ ਪੌਦੇ ਸਕੂਲ ਦੇ ਬੱਚੇ ਆਪਣੇ ਪਿੰਡ, ਸ਼ਹਿਰ ਵਿਚ ਖੁਦ ਲਗਾਉਣਗੇ ਅਤੇ ਉਸਦੀ ਦੇਖਭਾਲ ਕਰਨ ਦੇ ਨਾਲ-ਨਾਲ ਉਸਦੇ ਵੱਡੇ ਹੋਣ ਦੀਆਂ ਫੋਟੋਆਂ ਵੀ ਸਕੂਲ ਅਤੇ ਸੰਸਥਾ ਨਾਲ ਸਾਂਝੀਆਂ ਕਰਨਗੇ।ਪੌਦੇ ਲਗਾਉਣ ਦਾ ਮੰਤਵ ਇਹ ਵੀ ਹੈ ਕਿ ਬੱਚਿਆਂ ਦੇ ਮਨ ਵਿੱਚ ਕੁਦਰਤ ਪ੍ਰਤੀ ਪਿਆਰ ਪੈਦਾ ਕੀਤਾ ਜਾਵੇ, ਇਸ ਲਈ ਉਨ੍ਹਾਂ ਬੱਚਿਆਂ ਨੂੰ ਹੀ ਪੌਦਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਪੌਦੇ ਲਗਾਉਣ ਤੋਂ ਬਾਅਦ ਗਾਜ਼ੀਆਬਾਦ ਤੋਂ ਆਏ ਆਸ਼ਰਮ ਦੇ ਮੈਂਬਰਾਂ ਨੇ ਬੱਚਿਆਂ ਨਾਲ ਗੈਰ ਰਸਮੀ ਤੌਰ ‘ਤੇ ਵਿਚਾਰ-ਵਟਾਂਦਰਾ ਕਰਦੇ ਹੋਏ ‘ਧਰਾ ਸੇਵਾ’ ਦੀ ਮਹੱਤਤਾ ਬਾਰੇ ਦੱਸਿਆ ਅਤੇ ਆਪਣੇ ਆਪ ਨੂੰ ਸਰੀਰਕ, ਮਾਨਸਿਕ, ਅਧਿਆਤਮਕ ਅਤੇ ਆਤਮਿਕ ਤੌਰ ‘ਤੇ ਮਜ਼ਬੂਤ ਬਣਾ ਕੇ ਦੇਸ਼ ਦੇ ਹਿੱਤ ‘ਚ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ ਜਿਹੜੇ ਬੱਚੇ ਪੌਦਿਆਂ ਦੀ ਦੇਖਭਾਲ ਕਰਨਗੇ ਕੁਝ ਮਹੀਨਿਆਂ ਬਾਅਦ ਉਨ੍ਹਾਂ ਬੱਚਿਆਂ ਨੂੰ ਆਸ਼ਰਮ ਦੇ ਯੁਵਾ ਪ੍ਰੋਜੈਕਟ ‘ਯੂਥ ਅਵੇਕਨਿੰਗ ਮਿਸ਼ਨ’ ਵੱਲੋਂ ਹੌਸਲਾ ਅਫ਼ਜ਼ਾਈ ਸਰਟੀਫਿਕੇਟ ਵੀ ਦਿੱਤਾ ਜਾਵੇਗਾ।ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਦੇ ਨਾਲ ਡਿਵੀਜ਼ਨਲ ਵਣ ਅਫ਼ਸਰ ਰਾਜੇਸ਼ ਗੁਲਾਟੀ, ਸਕੂਲ ਦੇ ਐਮ.ਡੀ. ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰ ਪ੍ਰੀਤ ਕੌਰ, ਕਾਮੇਡੀਅਨ ਸੁਰਿੰਦਰ ਫਰਿਸ਼ਤਾ ਉਰਫ਼ ਘੁੱਲੇ ਸ਼ਾਹ, ਗਾਇਕ ਅਵਤਾਰ ਦੀਪਕ, ‘ਆਪ’ ਦੇ ਸੀਨੀਅਰ ਆਗੂ ਨਰੇਸ਼ ਪਾਠਕ, ਸਰਬਜੀਤ ਸਿੰਘ ਡਿੰਪੀ, ਡਾ.ਰਾਜਿੰਦਰ ਰਿਖੀ, ਅੰਤਿਮਾ ਮਹਿਰਾ, ਰੋਹਿਤ ਕੇਸਰੀ, ਕਰਨ ਮਲਹੋਤਰਾ, ਸਜਲ ਗਰਗ, ਵੇਦਾਂਤ ਸ਼ਰਮਾ, ਜਤਿਨ ਰਾਏ, ਧੈਰਿਆ ਮਹਿਰਾ ਅਤੇ ਕੁਲਵਿੰਦਰ ਸਿੰਘ ਬੁੱਟਰ, ਬਲਰਾਜ ਰਾਜਾ, ਸੁਮਿਤ ਕਾਲੀਆ, ਕਾਰਤਿਕ ਰਿਖੀ, ਡੀ.ਕੇ. ਰੈਡੀ, ਹੇਮਦੀਪ ਸ਼ਰਮਾ, ਸੰਜੀਵ ਕੁਮਾਰ, ਮੁਨੀਸ਼ ਸ਼ਰਮਾ, ਸੁਖਜਿੰਦਰ ਸੁੱਖੀ ਆਦਿ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!